ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੁਨੀਆ ਨੂੰ ਤਰੱਕੀ ਦੇ ਰਾਹ ਤੋਰਨ ਵਾਲਾ ਯੂਰਪ

04:07 AM Apr 27, 2025 IST

ਅਸ਼ਵਨੀ ਚਤਰਥ

Advertisement

ਯੂਰਪ ਧਰਤੀ ਦੇ ਸੱਤ ਮਹਾਂਦੀਪਾਂ ਵਿੱਚੋਂ ਦੂਜਾ ਸਭ ਤੋਂ ਛੋਟਾ ਮਹਾਂਦੀਪ ਹੈ। ਤਕਰੀਬਨ ਇੱਕ ਕਰੋੜ ਵਰਗ ਕਿਲੋਮੀਟਰ ਰਕਬੇ ਵਿੱਚ ਫੈਲੇ ਇਸ ਮਹਾਂਦੀਪ ਨੂੰ ਭੂਗੋਲਿਕ ਪੱਖੋਂ ਚਾਰ ਉਪ-ਖੇਤਰਾਂ ਉੱਤਰੀ ਯੂਰਪ, ਦੱਖਣੀ ਯੂਰਪ, ਪੱਛਮੀ ਯੂਰਪ ਅਤੇ ਪੂਰਬੀ ਯੂਰਪ ਵਿੱਚ ਵੰਡਿਆ ਜਾ ਸਕਦਾ ਹੈ। ਸਮੁੱਚੇ ਤੌਰ ’ਤੇ ਧਰਤੀ ਦੇ ਉੱਤਰੀ ਅਰਧ ਗੋਲੇ ਵਿੱਚ ਸਥਿਤ ਇਸ ਇਲਾਕੇ ਵਿੱਚ 75 ਕਰੋੜ ਦੇ ਕਰੀਬ ਲੋਕ ਵੱਸਦੇ ਹਨ ਜੋ ਕਿ ਸੰਸਾਰ ਦੀ ਸਮੁੱਚੀ ਵੱਸੋਂ ਦਾ ਦਸ ਫ਼ੀਸਦੀ ਹਿੱਸਾ ਬਣਦਾ ਹੈ। ਯੂਰਪ ਪੱਛਮ ਵਾਲੇ ਪਾਸੇ ਆਈਸਲੈਂਡ ਤੋਂ ਸ਼ੁਰੂ ਹੋ ਕੇ ਪੂਰਬ ਵਾਲੇ ਪਾਸੇ ਰੂਸ ਦੀਆਂ ਯੂਰਾਲ ਪਹਾੜੀਆਂ ਤੱਕ ਫੈਲਿਆ ਹੋਇਆ ਹੈ। ਅਜੋਕੀ ਮਨੁੱਖੀ ਸੱਭਿਅਤਾ ਦੀ ਜਨਮ ਭੂਮੀ ਮੰਨਿਆ ਜਾਣ ਵਾਲਾ ਯੂਰਪ ਅੱਜ ਸੰਸਾਰ ਦੀ ਰਾਜਨੀਤਿਕ ਅਤੇ ਆਰਥਿਕ ਸ਼ਕਤੀ ਦਾ ਧੁਰਾ ਕਿਹਾ ਜਾ ਸਕਦਾ ਹੈ। ਭੂਗੋਲਿਕ ਪੱਖੋਂ ਯੂਰਪ ਉੱਤਰ ਵੱਲੋਂ ਆਰਕਟਿਕ ਮਹਾਂਸਾਗਰ, ਪੱਛਮ ਵੱਲੋਂ ਅਟਲਾਂਟਿਕ ਮਹਾਂਸਾਗਰ, ਦੱਖਣ ਵੱਲੋਂ ਭੂਮੱਧ ਸਾਗਰ ਅਤੇ ਪੂਰਬ ਵੱਲੋਂ ਏਸ਼ੀਆ ਨਾਲ ਘਿਰਿਆ ਹੋਇਆ ਹੈ ਭਾਵ ਇਹ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ। ਰੂਸ ਅਤੇ ਕਜ਼ਾਕਿਸਤਾਨ ਵਿੱਚੋਂ ਲੰਘਦਾ ਯੂਰਾਲ ਪਰਬਤ, ਯੂਰਾਲ ਨਦੀ ਅਤੇ ਕੈਸਪੀਅਨ ਸਾਗਰ ਯੂਰਪ ਨੂੰ ਏਸ਼ੀਆ ਤੋਂ ਵੱਖ ਕਰਦੇ ਹਨ। ਯੂਰਪ ਦੇ ਪੱਛਮੀ ਹਿੱਸੇ ਦਾ ਜ਼ਿਆਦਾਤਰ ਜਲਵਾਯੂ ਸਮੁੰਦਰੀ ਹੈ ਅਤੇ ਇੱਥੇ ਬੱਦਲਵਾਈ ਬਣੀ ਰਹਿਣ ਕਾਰਨ ਆਮ ਤੌਰ ’ਤੇ ਠੰਢ ਰਹਿੰਦੀ ਹੈ ਜਾਂ ਫਿਰ ਮੌਸਮ ਸੁਹਾਵਣਾ ਹੀ ਰਹਿੰਦਾ ਹੈ। ਦੱਖਣੀ ਯੂਰਪ ਵਿੱਚ ਗਰਮੀਆਂ ਖੁਸ਼ਕ ਅਤੇ ਤਪਸ਼ ਵਾਲੀਆਂ ਅਤੇ ਸਰਦੀਆਂ ਹਲਕੀਆਂ ਠੰਢੀਆਂ ਹੁੰਦੀਆਂ ਹਨ। ਕੇਂਦਰੀ ਅਤੇ ਪੂਰਬੀ ਯੂਰਪ ਵਿੱਚ ਗਰਮੀਆਂ ਤਪਸ਼ ਵਾਲੀਆਂ ਅਤੇ ਸਰਦੀਆਂ ਕਾਫ਼ੀ ਠੰਢੀਆਂ ਹੁੰਦੀਆਂ ਹਨ। ਧਾਰਮਿਕ ਮਾਨਤਾਵਾਂ ਪੱਖੋਂ ਸਮੁੱਚੇ ਯੂਰਪ ਦੀ ਵਸੋਂ ਦਾ ਤਿੰਨ ਚੌਥਾਈ ਹਿੱਸਾ ਇਸਾਈ ਧਰਮ ਨਾਲ ਸਬੰਧ ਰੱਖਦਾ ਹੈ ਅਤੇ ਯੂਰਪ ਦੀ ਕੁੱਲ ਆਬਾਦੀ ਦਾ ਤਕਰੀਬਨ ਪੰਜਵਾਂ ਹਿੱਸਾ ਕਿਸੇ ਵੀ ਧਰਮ ਨਾਲ ਸਬੰਧ ਨਹੀਂ ਰੱਖਦਾ। ਇੱਥੇ ਇਹ ਵੀ ਜਾਣਨ ਦੀ ਲੋੜ ਹੈ ਕਿ ਭਿੰਨ-ਭਿੰਨ ਰਾਜਨੀਤਿਕ ਸੰਸਥਾਵਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਯੂਰਪ ਦੀ ਸੀਮਾ ਦੀ ਪਰਿਭਾਸ਼ਾ ਦਿੱਤੀ ਗਈ ਹੈ। ਉਦਾਹਰਣ ਵਜੋਂ ਕੌਂਸਲ ਆਫ ਯੂਰਪ ਸੰਸਥਾ ਯੂਰਪ ਵਿੱਚ ਸੰਤਾਲੀ ਦੇਸ਼ਾਂ ਅਤੇ ਯੂਰਪੀ ਕਲਚਰਲ ਕਨਵੈਨਸ਼ਨ ਇਸ ਵਿੱਚ ਪੰਜਾਹ ਦੇਸ਼ਾਂ ਨੂੰ ਸ਼ਾਮਲ ਦੱਸਦੀ ਹੈ। ਪਰ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਵੱਲੋਂ ਆਮ ਸਵੀਕਾਰੀ ਜਾਂਦੀ ਪਰਿਭਾਸ਼ਾ ਅਨੁਸਾਰ ਯੂਰਪ ਵਿੱਚ ਪੰਜਾਹ ਸੁਤੰਤਰ ਦੇਸ਼ ਹਨ। ਇਹ ਸਾਰੇ ਜਾਂ ਤਾਂ ਸੰਯੁਕਤ ਰਾਸ਼ਟਰ ਸੰਘ ਦੇ ਮੈਂਬਰ ਜਾਂ ਫਿਰ ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਵੱਲੋਂ ਔਬਜ਼ਰਵਰ ਭਾਵ ਨਿਰੀਖਕ ਦਾ ਦਰਜਾ ਪ੍ਰਾਪਤ ਦੇਸ਼ ਹਨ। ਯੂਰਪ ਦਾ ਸਭ ਤੋਂ ਵੱਡਾ ਦੇਸ਼ ਰੂਸ ਹੈ ਜਿਸ ਦਾ ਕੁਝ ਹਿੱਸਾ ਯੂਰਪ ਅਤੇ ਬਾਕੀ ਹਿੱਸਾ ਏਸ਼ੀਆ ਵਿੱਚ ਆਉਂਦਾ ਹੈ। ਯੂਰਪ ਦੀ ਸੱਭਿਅਤਾ ਪੁਰਾਤਨ ਯੂਨਾਨ ਅਤੇ ਰੋਮ ਦੀਆਂ ਸੱਭਿਅਤਾਵਾਂ ਤੋਂ ਵਿਕਸਿਤ ਹੋਈ ਹੈ। ਯੂਰਪ ਦੇ ਕੁਝ ਦੇਸ਼ਾਂ ਵੱਲੋਂ ਇਲਾਕੇ ਦੀ ਤਰੱਕੀ ਲਈ 1948 ਵਿੱਚ ਕੌਂਸਲ ਆਫ ਯੂਰਪ ਨਾਂ ਦੇ ਸੰਗਠਨ ਦੀ ਤਜਵੀਜ਼ ਕੀਤੀ ਗਈ ਸੀ, ਜਿਸ ਨੂੰ ਅੱਜਕੱਲ੍ਹ ਯੂਰਪੀਅਨ ਯੂਨੀਅਨ ਕਿਹਾ ਜਾਂਦਾ ਹੈ। ਇਸ ਦੀ ਰਸਮੀ ਸ਼ੁਰੂਆਤ 9 ਮਈ 1950 ਨੂੰ ਕੀਤੀ ਗਈ ਜਿਸ ਦੇ ਮੈਂਬਰਾਂ ਦੀ ਗਿਣਤੀ ਛੇ ਤੋਂ ਵਧ ਕੇ ਅੱਜ ਸਤਾਈ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਉਕਤ ਯੂਨੀਅਨ ਦਾ ਇੱਕ ਅਹਿਮ ਮੈਂਬਰ ਬਰਤਾਨੀਆ 31 ਜਨਵਰੀ 2020 ਨੂੰ ਯੂਰਪੀ ਯੂਨੀਅਨ ਤੋਂ ਵੱਖ ਹੋ ਗਿਆ ਸੀ। ਯੂਰਪ ਦੇ ਦੇਸ਼ਾਂ ਵੱਲੋਂ ਆਪਸੀ ਵਪਾਰ ਕਰਨ ਲਈ ਯੂਰੋ ਨਾਂ ਦੀ ਸਾਂਝੀ ਕਰੰਸੀ ਵਰਤੀ ਜਾਂਦੀ ਹੈ। 2020 ਤੋਂ ਪਹਿਲਾਂ ਦੇ ਯੂਰਪ ਦੇ ਚਾਰ ਦੇਸ਼ ਦੁਨੀਆ ਦੇ ਚੋਟੀ ਦੇ ਦਸ ਅਰਥਚਾਰਿਆਂ ਵਿੱਚ ਗਿਣੇ ਜਾਂਦੇ ਹਨ। ਇਹ ਦੇਸ਼ ਹਨ: ਜਰਮਨੀ, ਫਰਾਂਸ, ਬਰਤਾਨੀਆ ਅਤੇ ਰੂਸ। ਯੂਰਪ ਵਿੱਚ ਮੋਨਾਕੋ ਸਭ ਤੋਂ ਜ਼ਿਆਦਾ ਅਮੀਰ ਅਤੇ ਯੂਕਰੇਨ ਸਭ ਤੋਂ ਜ਼ਿਆਦਾ ਗ਼ਰੀਬ ਦੇਸ਼ ਹੈ। ਪਿਛਲੇ ਤਿੰਨ ਸਾਲਾਂ ਤੋਂ ਰੂਸ ਅਤੇ ਯੂਕਰੇਨ ਵਿੱਚ ਯੁੱਧ ਚੱਲ ਰਿਹਾ ਹੈ। ਯੂਰਪ ਵਿੱਚ ਕੁਝ ਅਜਿਹੇ ਦੇਸ਼ ਵੀ ਹਨ ਜਿਨ੍ਹਾਂ ਦਾ ਕੁਝ ਹਿੱਸਾ ਏਸ਼ੀਆ ਵਿੱਚ ਆਉਂਦਾ ਹੈ। ਅਜਿਹੇ ਦੇਸ਼ਾਂ ਨੂੰ ਅੰਤਰ ਮਹਾਂਦੀਪੀ ਦੇਸ਼ ਆਖਦੇ ਹਨ। ਇਨ੍ਹਾਂ ਦੀਆਂ ਉਦਾਹਰਨਾਂ ਹਨ: ਰੂਸ ਅਤੇ ਤੁਰਕੀ। ਇਸ ਤੋਂ ਇਲਾਵਾ ਆਰਮੀਨੀਆ, ਅਜ਼ਰਬਾਈਜਾਨ, ਜਾਰਜੀਆ ਅਤੇ ਕਜ਼ਾਕਿਸਤਾਨ ਏਸ਼ਿਆਈ ਦੇਸ਼ ਹਨ ਜਿਨ੍ਹਾਂ ਦਾ ਥੋੜ੍ਹਾ ਜਿਹਾ ਹਿੱਸਾ ਹੀ ਯੂਰਪ ਵਿੱਚ ਆਉਂਦਾ ਹੈ।
ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਦੇ ਯੂਰਪ ਵਿੱਚ ਚਾਨਣ ਦਾ ਯੁੱਗ ਨਾਂ ਦੀ ਲਹਿਰ ਤਹਿਤ ਇੱਕ ਵੱਡੀ ਸਮਾਜਿਕ ਤਬਦੀਲੀ ਦੇਖੀ ਗਈ ਸੀ। ਇਸ ਲਹਿਰ ਤਹਿਤ ਉੱਥੋਂ ਦੇ ਵਿਦਵਾਨਾਂ ਵੱਲੋਂ ਚਰਚ ਨੂੰ ਰਾਜਸੀ ਕੰਮਕਾਜ ਤੋਂ ਵੱਖਰਾ ਰੱਖ ਕੇ ਰਾਜ ਦੇ ਸਰਕਾਰੀ ਕੰਮ ਸੰਵਿਧਾਨ ਦੇ ਆਧਾਰ ’ਤੇ ਚਲਾਉਣ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਅਠਾਰ੍ਹਵੀਂ ਸਦੀ ਦੇ ਅੰਤ ਵਿੱਚ ਬਰਤਾਨੀਆ ਵਿੱਚ ਆਈ ਉਦਯੋਗਿਕ ਕ੍ਰਾਂਤੀ ਨੇ ਪਹਿਲਾਂ ਯੂਰਪ ਅਤੇ ਫਿਰ ਬਾਅਦ ਵਿੱਚ ਸਮੁੱਚੇ ਵਿਸ਼ਵ ਵਿੱਚ ਉਦਯੋਗਿਕ ਅਤੇ ਆਰਥਿਕ ਤਰੱਕੀ ਦੇ ਰਾਹ ਖੋਲ੍ਹ ਦਿੱਤੇ ਸਨ।
ਵੀਹਵੀਂ ਸਦੀ ਵਿੱਚ ਯੂਰਪ ਨੇ ਆਪਣੀ ਧਰਤੀ ਉੱਤੇ ਦੋ ਆਲਮੀ ਜੰਗਾਂ ਵੀ ਵੇਖੀਆਂ ਸਨ: ਪਹਿਲੀ 1914-18 ਅਤੇ ਦੂਜੀ 1939-45 ਦੌਰਾਨ। ਯੂਰਪ ਦੇ ਜ਼ਿਆਦਾਤਰ ਹਿੱਸੇ ਵਿੱਚ ਖੇਡਾਂ ਯੋਜਨਾਬੱਧ ਅਤੇ ਪੇਸ਼ੇਵਾਰਾਨਾ ਤਰੀਕੇ ਨਾਲ ਆਯੋਜਿਤ ਕੀਤੀਆਂ ਜਾਂਦੀਆਂ ਹਨ। ਫੁੱਟਬਾਲ ਅਤੇ ਟੈਨਿਸ ਇੱਥੋਂ ਦੀਆਂ ਹਰਮਨ ਪਿਆਰੀਆਂ ਖੇਡਾਂ ਹਨ। ਯੂਰਪ ਵਿੱਚ ਯੂਏਫਾ ਨਾਂ ਦੀ ਸੰਸਥਾ ਵੱਲੋਂ ਫੁੱਟਬਾਲ ਦੇ ਮੈਚਾਂ ਦਾ ਆਯੋਜਨ ਕੀਤਾ ਜਾਂਦਾ ਹੈ। ਯੂਏਫਾ ਦੇ ਵੱਖ-ਵੱਖ ਟੂਰਨਾਮੈਂਟਾਂ ਨੂੰ ਸੰਸਾਰ ਭਰ ਵਿੱਚ ਬੜੀ ਹੀ ਦਿਲਚਸਪੀ ਨਾਲ ਵੇਖਿਆ ਜਾਂਦਾ ਹੈ। ਕੁਝ ਦੇਸ਼ਾਂ ਵਿੱਚ ਕ੍ਰਿਕਟ ਦੀ ਖੇਡ ਨੂੰ ਵੀ ਪਸੰਦ ਕੀਤਾ ਜਾਂਦਾ ਹੈ। ਯੂਰਪ ਵਿੱਚ ਕਈ ਵੱਡੇ-ਵੱਡੇ ਸ਼ਹਿਰ ਹਨ ਜਿਵੇਂ ਬਰਤਾਨੀਆ ਵਿੱਚ ਲੰਡਨ (ਆਬਾਦੀ ਨੱਬੇ ਲੱਖ), ਫਰਾਂਸ ਵਿੱਚ ਪੈਰਿਸ (ਆਬਾਦੀ ਵੀਹ ਲੱਖ), ਰੂਸ ਵਿੱਚ ਮਾਸਕੋ (ਆਬਾਦੀ 1.30 ਕਰੋੜ), ਜਰਮਨੀ ਵਿੱਚ ਬਰਲਿਨ (ਆਬਾਦੀ 40 ਲੱਖ) ਅਤੇ ਇਟਲੀ ਦਾ ਸ਼ਹਿਰ ਰੋਮ (ਆਬਾਦੀ 30 ਲੱਖ) ਹੈ। ਤੁਰਕੀ ਦੇਸ਼ ਦਾ ਇਸਤੰਬੁਲ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ ਜਿਸ ਦੀ ਆਬਾਦੀ ਤਕਰੀਬਨ 1.5 ਕਰੋੜ ਹੈ। ਇਸ ਸ਼ਹਿਰ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਤਕਰੀਬਨ 65 ਫ਼ੀਸਦੀ ਨਾਗਰਿਕ ਯੂਰਪ ਵਿੱਚ ਵੱਸਦੇ ਹਨ ਅਤੇ 35 ਫ਼ੀਸਦੀ ਲੋਕ ਏਸ਼ੀਆ ਵਿੱਚ ਰਹਿੰਦੇ ਹਨ। ਯੂਰਪ ਵਿੱਚ ਜਰਮਨ, ਰੂਸੀ, ਫਰਾਂਸਿਸੀ, ਅੰਗਰੇਜ਼ੀ, ਸਪੇਨੀ, ਤੁਰਕ ਅਤੇ ਇਤਾਲਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰਪ ਦੇ ਸੰਯੁਕਤ ਰਾਸ਼ਟਰ ਸੰਘ ਵੱਲੋਂ ਪ੍ਰਵਾਨਿਤ ਦੇਸ਼ਾਂ ਤੋਂ ਇਲਾਵਾ ਇਸ ਵਿੱਚ ਅਨੇਕਾਂ ਟਾਪੂ ਵੀ ਮੌਜੂਦ ਹਨ। ਇਹ ਹਨ: ਨੋਵਾਯਾ, ਆਈਸਲੈਂਡ, ਮਾਲਟਾ, ਬ੍ਰਿਟਿਸ਼ ਆਈਲਸ ਅਤੇ ਸਾਈਪ੍ਰਸ ਆਦਿ। ਇਨ੍ਹਾਂ ਵਿੱਚ ਵੱਡੀ ਮਾਤਰਾ ਵਿੱਚ ਖਣਿਜ ਪਦਾਰਥ ਉਪਲੱਬਧ ਹਨ।
ਫਿਨਲੈਂਡ ਵਿੱਚ ਅਨੇਕਾਂ ਥਾਵਾਂ ਉੱਤੇ ਬਰਫ਼ ਦੇ ਪਹਾੜਾਂ ਦੇ ਪਿਘਲਣ ਨਾਲ ਕਈ ਝੀਲਾਂ ਬਣੀਆਂ ਹੋਈਆਂ ਹਨ। ਇਸ ਲਈ ਫਿਨਲੈਂਡ ਨੂੰ ਝੀਲਾਂ ਦੀ ਧਰਤੀ ਵੀ ਕਿਹਾ ਜਾਂਦਾ ਹੈ। ਯੂਰਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਲਬਰਸ ਹੈ। ਲਿਥੂਆਨੀਆ, ਲਾਤਵੀਆ ਅਤੇ ਐਸਟੋਨੀਆ ਨੂੰ ਮਿਲਾ ਕੇ ਬਣੇ ਦੇਸ਼ਾਂ ਦੇ ਸਮੂਹ ਨੂੰ ਬਾਲਟਿਕ ਦੇਸ਼ ਕਿਹਾ ਜਾਂਦਾ ਹੈ। ਨਾਰਵੇ, ਸਵੀਡਨ, ਆਈਸਲੈਂਡ ਅਤੇ ਡੈਨਮਾਰਕ ਦੇ ਸਮੂਹ ਨੂੰ ਸਕੈਨਡੇਨੇਵੀਆ ਆਖਿਆ ਜਾਂਦਾ ਹੈ। ਭੂਮੱਧ ਸਾਗਰ ਅਤੇ ਕਾਲੇ ਸਾਗਰ ਦੇ ਕੰਢੇ ਵੱਸੇ ਦੇਸ਼ਾਂ ਯੂਗੋਸਲਾਵੀਆ, ਗਰੀਸ, ਰੋਮਾਨੀਆ ਅਤੇ ਅਲਬਾਨੀਆ ਦੇਸ਼ਾਂ ਦੇ ਸਮੂਹ ਨੂੰ ਬਾਲਕਨ ਦੇਸ਼ ਆਖਦੇ ਹਨ। ਟਰਾਂਸ ਸਾਇਬੇਰੀਅਨ ਰੇਲਵੇ ਲਾਈਨ ਜਾਂ ਵਿਸ਼ਾਲ ਸਾਇਬੇਰੀਅਨ ਰੇਲਵੇ ਰੂਟ ਦੁਨੀਆ ਦੀ ਸਭ ਤੋਂ ਵੱਡੀ ਰੇਲਵੇ ਲਾਈਨ ਹੈ। 9289 ਕਿਲੋਮੀਟਰ ਲੰਮੀ ਇਹ ਰੇਲਵੇ ਲਾਈਨ ਮਾਸਕੋ ਤੋਂ ਸ਼ੁਰੂ ਹੋ ਕੇ ਵਲਾਦੀਵੋਸਤੋਕ ਤੱਕ ਜਾਂਦੀ ਹੈ। ਆਪਣਾ ਪੂਰਾ ਸਫ਼ਰ ਕਰਨ ਲਈ ਇਸ ਨੂੰ ਅੱਠ ਦਿਨ ਦਾ ਸਮਾਂ ਲੱਗ ਜਾਂਦਾ
ਹੈ। ਵੋਲਗਾ ਯੂਰਪ ਦੀ ਸਭ ਤੋਂ ਵੱਡੀ ਨਦੀ ਹੈ। ਅੰਧ ਮਹਾਂਸਾਗਰ ਜਾਂ ਐਟਲਾਂਟਕ ਸਾਗਰ ਦਾ ਉਹ ਹਿੱਸਾ
ਜੋ ਬਰਤਾਨੀਆ ਅਤੇ ਫਰਾਂਸ ਨੂੰ ਜੋੜਦਾ ਹੈ ਉਸ ਨੂੰ ਇੰਗਲਿਸ਼ ਚੈਨਲ ਆਖਦੇ ਹਨ। 560 ਕਿਲੋਮੀਟਰ
ਲੰਮੇ ਇਸ ਪਾਣੀ ਦੇ ਰਸਤੇ ਨੇ ਬਰਤਾਨੀਆ ਨੂੰ
ਅਨੇਕਾਂ ਹਮਲਿਆਂ ਤੋਂ ਬਚਾਇਆ ਹੈ ਅਤੇ ਜਲ ਸੈਨਾ ਦੇ ਖੇਤਰ ਵਿੱਚ ਇਸ ਨੂੰ ਸੁਪਰ ਪਾਵਰ ਬਣਨ ਵਿੱਚ
ਮਦਦ ਕੀਤੀ ਹੈ।
ਸੰਪਰਕ: 6284220595

Advertisement
Advertisement