ਇਨਕਲਾਬੀ ਕਵੀ ਲਾਲ ਸਿੰਘ ‘ਦਿਲ’
ਗੁਰਨਾਮ ਸਿੰਘ ‘ਬਿਜਲੀ’
ਨਕਸਲਬਾੜੀ ਦੌਰ ਦੇ ਪ੍ਰਮੁੱਖ ਕਵੀ ਲਾਲ ਸਿੰਘ ਦਿਲ ਦਾ ਜਨਮ 14 ਅਪਰੈਲ 1943 ਨੂੰ ਮਾਤਾ ਚਿੰਤ ਕੌਰ ਅਤੇ ਪਿਤਾ ਰੌਣਕੀ ਰਾਮ ਦੇ ਘਰ ਪਿੰਡ ਘੁੰਗਰਾਲੀ ਸਿੱਖਾਂ (ਲੁਧਿਆਣਾ) ਵਿੱਚ ਹੋਇਆ। ਉਸ ਨੇ ਮੁੱਢਲੀ ਪ੍ਰਾਇਮਰੀ ਸਿੱਖਿਆ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਸਰਕਾਰੀ ਹਾਈ ਸਕੂਲ ਸਮਰਾਲੇ ਤੋਂ ਦਸਵੀਂ ਪਾਸ ਕੀਤੀ। ਇਸ ਤੋਂ ਬਾਅਦ ਜੇ.ਬੀ.ਟੀ. ਪਾਸ ਕਰ ਲਈ ਅਤੇ ਕੋਸ਼ਿਸ਼ ਕਰ ਕੇ ਉਹ ਤਹਿਸੀਲ ਸਮਰਾਲਾ ਦੇ ਪਿੰਡ ਬਹਿਲੋਲਪੁਰ ਦੇ ਸਕੂਲ ਵਿੱਚ ਪੜ੍ਹਾਉਣ ਲੱਗਿਆ। ਇੱਥੇ ਪੜ੍ਹਾਉਂਦਿਆਂ ਉਸ ਨੂੰ ਇੱਕ ਕੁੜੀ ਨਾਲ ਪਿਆਰ ਹੋ ਗਿਆ, ਪਰ ਬਦਕਿਸਮਤੀ ਨਾਲ ਉਸ ਕੁੜੀ ਨਾਲ ਵਿਆਹ ਨਹੀਂ ਹੋ ਸਕਿਆ। ਇਸ ਪਿਆਰ ਨੇ ਉਸ ਦੇ ਦਿਲ ’ਤੇ ਡੂੰਘੀ ਸੱਟ ਮਾਰੀ। ਜਾਤਪਾਤ ਦੇ ਵਖਰੇਵੇਂ ਨੂੰ ਉਸ ਨੇ ਇੰਜ ਬਿਆਨਿਆ:
ਮੈਨੂੰ ਪਿਆਰ ਕਰਦੀਏ ਪਰਜਾਤ ਕੁੜੀਏ,
ਸਾਡੇ ਸਕੇ ਮੁਰਦੇ ਵੀ
ਇੱਕ ਥਾਂ ਨਹੀਂ ਜਲਾਉਂਦੇ।
ਇਸ ਉਦਾਸੀ ਦੇ ਆਲਮ ਵਿੱਚ ਲਾਲ ਸਿੰਘ ‘ਦਿਲ’ ਨੇ ਨੌਕਰੀ ਛੱਡ ਦਿੱਤੀ। ਉਸ ਨੇ ਜੀਵਨ ਨਿਰਬਾਹ ਕਰਨ ਲਈ ਕਈ ਛੋਟੇ-ਮੋਟੇ ਕੰਮ ਕੀਤੇ। ਇੱਥੋਂ ਤੱਕ ਕਿ ਦਿਹਾੜੀ (ਮਜ਼ਦੂਰੀ) ਵੀ ਕੀਤੀ। ਲਾਲ ਸਿੰਘ ‘ਦਿਲ’ ਨਕਸਲਬਾੜੀ ਕਾਵਿ ਲਹਿਰ ਨਾਲ ਤੂਫ਼ਾਨ ਵਾਂਗ ਉੱਠਿਆ ਕਵੀ ਸੀ, ਜਿਸ ਨੇ 1960ਵਿਆਂ ਦੇ ਅਖ਼ੀਰ ਅਤੇ 1970ਵਿਆਂ ਦੇ ਸ਼ੁਰੂ ਵਿੱਚ ਚੱਲੀ ਨਕਸਲਬਾੜੀ ਲਹਿਰ ਵਿੱਚ ਡਟ ਕੇ ਹਿੱਸਾ ਲਿਆ। ਉਸ ਦੀਆਂ ਤਿੰਨ ਕਾਵਿ ਪੁਸਤਕਾਂ ‘ਸਤਲੁਜ ਦੀ ਹਵਾ’ (1971), ‘ਬਹੁਤ ਸਾਰੇ ਸੂਰਜ’ (1982), ‘ਸੱਥਰ’ (1997) ਅਤੇ ਸਵੈਜੀਵਨੀ ‘ਦਾਸਤਾਨ’ (1998) ਛਪੀਆਂ। ਉਸ ਦੀ ਲੰਮੀ ਬਿਰਤਾਂਤਕ ਕਵਿਤਾ ‘ਅੱਜ ਬਿੱਲਾ ਫੇਰ ਆਇਆ’ ਉਸ ਦੇ ਦੇਹਾਂਤ ਤੋਂ ਦੋ ਸਾਲ ਮਗਰੋਂ 2009 ਵਿੱਚ ਛਪੀ।
ਲਾਲ ਸਿੰਘ ‘ਦਿਲ’ ਦਲਿਤ ਵਰਗ ਦਾ ਗ਼ਰੀਬ ਨੌਜਵਾਨ ਸੀ। ਉਸ ਦੀ ਕਵਿਤਾ ਦੇ ਤਿੰਨ ਪਾਸਾਰ ਸਾਹਮਣੇ ਆਉਂਦੇ ਹਨ। ‘ਦਿਲ’ ਇਨਕਲਾਬੀ ਸ਼ਾਇਰ ਸੀ। ਔਰਤਾਂ ਪ੍ਰਤੀ ਅਤਿ ਦਾ ਸੰਵੇਦਨਸ਼ੀਲ ਸੀ। ਇਨਕਲਾਬ ਉਸ ਦਾ ਟੀਚਾ ਸੀ। ਦਲਿਤ ਹੋਣਾ ਉਸ ਦਾ ਯਥਾਰਥ ਅਤੇ ਇੱਕ ਮੋਹਵੰਤੀ ਔਰਤ ਦਾ ਸਾਥ ਉਸ ਦਾ ਸੁਪਨਾ। ਇਹ ਤਿੰਨੇ ਪਾਸਾਰ ਉਸ ਦੀ ਜ਼ਿੰਦਗੀ ਦੇ ਨਾਲ-ਨਾਲ ਕਵਿਤਾ ਦੇ ਕਲੇਵਰ ਵਿੱਚ ਵੀ ਇੱਕ ਸੰਘਣੇ ਤਾਣੇ-ਬਾਣੇ ਵਿੱਚ ਸਮੋਏ ਹੋਏ ਸਨ। ‘ਦਿਲ’ ਨਕਸਲਬਾੜੀ ਲਹਿਰ ਦੇ ਕਵੀਆਂ ਪਾਸ਼, ਸੰਤ ਸੰਧੂ, ਦਰਸ਼ਨ ਖਟਕੜ, ਸੰਤ ਰਾਮ ਉਦਾਸੀ ਦਾ ਹਮਸਫ਼ਰ ਕਵੀ ਸੀ, ਜਿਸ ਨੇ ਜੁਝਾਰਵਾਦੀ ਸਾਹਿਤ ਵਿੱਚ ਆਪਣੀ ਪੁਸਤਕ ‘ਸਤਲੁਜ ਦੀ ਹਵਾ’ ਨਾਲ ਹਾਜ਼ਰੀ ਲਗਵਾਈ ਸੀ। ਉਸ ਦੀ ਸੰਵੇਦਨਸ਼ੀਲ ਸਹਿਣਸ਼ੀਲਤਾ ਉਸ ਨੂੰ ਬਾਕੀਆਂ ਨਾਲੋਂ ਵੱਖਰਾ ਕਰਦੀ ਸੀ। ਉਸ ਦੀਆਂ ਕਵਿਤਾਵਾਂ ਵਿੱਚ ਜਮਾਤੀ ਦੁਸ਼ਮਣ ਪ੍ਰਤੀ ਪ੍ਰਚੰਡ ਨਫ਼ਰਤ ਦਿਖਾਈ ਦਿੰਦੀ ਸੀ। ਇੱਥੇ ਕੇਵਲ ਜਮਾਤੀ ਵੰਡ ਹੀ ਨਹੀਂ ਸਗੋਂ ਜਾਤੀ ਵੰਡ ਵੀ ਹੈ। ‘ਦਿਲ’ ਇਸ ਵੰਡ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਕਿ ਜਾਤ-ਪਾਤ ਕਿਵੇਂ ਸੰਵੇਦਨਸ਼ੀਲ ਮਨੁੱਖ ਨੂੰ ਨਪੀੜਦੀ ਹੈ।
‘ਦਿਲ’ ਦੀ ਕਵਿਤਾ ਦੀ ਧੁਨੀ ਧੀਮੇ ਸੁਰ ਵਾਲੀ ਹੈ, ਪਰ ਡੂੰਘੇ ਅਨੁਭਵ, ਚਿੰਤਨ ਅਤੇ ਦਾਰਸ਼ਨਿਕ ਸੋਝੀ ਵਿੱਚੋਂ ਨਿਕਲੀ ਹੋਈ। ਲਾਲ ਸਿੰਘ ‘ਦਿਲ’ ਦੀ ਕਵਿਤਾ ਵਿੱਚ ਦਲਿਤਾਂ ਦੀ ਪਰਿਭਾਸ਼ਾ ਕੇਵਲ ਦਲਿਤ ਜਾਂ ਅਛੂਤ ਸਮਝੀਆਂ ਜਾਂਦੀਆਂ ਜਾਤੀਆਂ ਹੀ ਨਹੀਂ ਸਗੋਂ ਉਨ੍ਹਾਂ ਸਾਰੀਆਂ ਜਨਜਾਤੀਆਂ, ਆਦਿਵਾਸੀਆਂ, ਕਬੀਲਿਆਂ ਦੇ ਪ੍ਰਸੰਗ ਵਿੱਚ ਹੁੰਦੀ ਹੈ, ਜਿਨ੍ਹਾਂ ਨੂੰ ਜੀਵਨ ਦੀ ਮੁੱਖ ਧਾਰਾ ਵਿੱਚੋਂ ਸਮਾਜ ਨੇ ਬਾਹਰ ਰੱਖਿਆ ਹੈ।
ਉਹ ਇਸ ਦਲਿਤ ਪ੍ਰਥਾ ਦਾ ਆਰੰਭ ਆਰੀਆ ਦੇ ਭਾਰਤ ਉੱਪਰ ਕਾਬਜ਼ ਹੋਣ ਅਤੇ ਦਾਸ ਪ੍ਰਥਾ ਤੋਂ ਮੰਨਦਾ ਹੈ। ਜਿਵੇਂ:
‘‘ਉਸ ਬੰਦੇ ਨੂੰ ਕਿਤੇ ਵੇਖੋ
ਜੋ ਦਿਨ ਰਾਤ ਭਾਰਾ ਰਥ ਖਿੱਚਦਾ ਹੈ
ਉਸਦੇ ਕੰਨਾਂ ਵਿੱਚ ਮਨੂੰ ਵੇਲੇ ਦਾ ਢਲਿਆ ਸਿੱਕਾ ਹੈ।’’
ਲਾਲ ਸਿੰਘ ‘ਦਿਲ’ ਦੀ ਆਪ ਬੀਤੀ ਵੀ ਹੈ। ਨਕਸਲਬਾੜੀ ਲਹਿਰ ਅਸਫ਼ਲ ਹੋਣ ’ਤੇ ਉਹ ਪੁਲੀਸ ਦੇ ਤੰਗ ਕਰਨ ਤੋਂ ਪਰੇਸ਼ਾਨ ਹੋ ਕੇ ਆਪਣੇ ਇੱਕ ਕਰੀਬੀ ਦੋਸਤ ਦੇ ਸਹਿਯੋਗ ਨਾਲ ਉੱਤਰ ਪ੍ਰਦੇਸ਼ ਚਲਾ ਗਿਆ। ਉੱਥੇ ਰਹਿੰਦਿਆਂ ਉਹ ਮੁਸਲਿਮ ਬਣ ਗਿਆ ਪਰ ਉਸ ਦੀ ਸਥਿਤੀ ਉਹੀ ਰਹੀ। ਉਹ ਆਪਣੀ ਕਵਿਤਾ ‘ਉੱਠਣ ਗੁਰੀਲੇ’ ਵਿੱਚ ਸਾਰੀਆਂ ਜਾਤੀਆਂ ਨੂੰ ਗੁਰੀਲਿਆਂ ਵਾਂਗ ਇੱਕ-ਮੁੱਠ ਹੋ ਕੇ ਜੂਝਣ ਲਈ ਵੰਗਾਰਦਾ ਹੈ ਕਿਉਂਕਿ ਇਹ ਲੋਕ ਸ਼ਕਤੀ ਵਰਗ ਹਨ। ‘ਦਿਲ’ ਨੂੰ ਇਨ੍ਹਾਂ ਦੀ ਸ਼ਕਤੀ ਵਿੱਚ ਵਿਸ਼ਵਾਸ ਸੀ। ‘ਦਿਲ’ ਥਾਂ-ਥਾਂ ਮਿੱਥਾਂ ਨਾਲ ਟਕਰਾਉਂਦਾ ਉਨ੍ਹਾਂਂ ਨੂੰ ਖੰਡਿਤ ਕਰਦਾ ਅਤੇ ਨਵੀਆਂ ਮਿੱਥਾਂ ਸਿਰਜਦਾ ਸੀ। ਜਦੋਂ ਲਾਲ ਸਿੰਘ ‘ਦਿਲ’ ਇਹ ਦੋਸ਼ ਲਾਉਂਦਾ ਸੀ ਕਿ ਸਾਹਿਤਕ ਖੇਤਰ ਅਤੇ ਪਾਰਟੀ ਪੱਧਰ ’ਤੇ ਵੀ ਉਸ ਦੇ ਦਲਿਤ ਹੋਣ ਕਰਕੇ ਨਾ ਉਸ ਦੀ ਕਵਿਤਾ ਅਤੇ ਨਾ ਉਸ ਦੀ ਕੁਰਬਾਨੀ ਦਾ ਮੁੱਲ ਪਿਆ ਹੈ ਤਾਂ ਉਹ ਬਹੁਤਾ ਗ਼ਲਤ ਨਹੀਂ ਲੱਗਦਾ। ਉਸ ਵੇਲੇ ਦਸਵੀਂ ਜਮਾਤ ਪਾਸ ਹੋਣ ’ਤੇ ਵੀ ਉਸ ਦੀ ਹਾਲਤ ਸੀਰੀ (ਸਾਂਝੀ) ਵਰਗੀ ਰਹੀ ਅਤੇ ਅੰਤਲੇ ਸਾਲਾਂ ਵਿੱਚ ਉਹ ਲਾਲ ਸਿੰਘ ‘ਦਿਲ’ ਤੋਂ ਲਾਲੂ ਬਣ ਕੇ ਜੀਵਿਆ। ਆਪਣੀ ਰੋਜ਼ੀ-ਰੋਟੀ ਲਈ ਚਾਹ ਦਾ ਖੋਖਾ ਚਲਾਉਂਦਾ ਰਿਹਾ। ਦਾਰੂ ਪੀਂਦਾ ਰਿਹਾ। ਇਹ ਦਾਰੂ ਆਪਣੇ ਕੋਲੋਂ ਨਹੀਂ ਸਗੋਂ ਟਰੱਕ ਡਰਾਈਵਰਾਂ ਜਾਂ ਕਿਸੇ ਦੋਸਤ ਪਾਸੋਂ ਮਿਲ ਜਾਂਦੀ ਸੀ। ਕਿਸੇ ਸਾਹਿਤਕ ਜਥੇਬੰਦੀ ਨੇ ਉਸ ਦੀ ਬਾਂਹ ਨਹੀਂ ਫੜੀ। ਉਸ ਦੀ ਕੋਈ ਖ਼ਾਹਿਸ਼ ਪੂਰੀ ਨਹੀਂ ਹੋਈ। ਨਾ ਦਲਿਤ ਅਵਸਥਾ ਤੋਂ ਛੁਟਕਾਰਾ ਪਾਉਣ ਦੀ, ਨਾ ਇੱਕ ਨਿੱਕਾ ਜਿਹਾ ਘਰ ਬਣਾਉਣ ਦੀ ਕੁਦਰਤੀ ਖ਼ਾਹਿਸ਼। ਇੱਕ ਵਾਰੀ ਸੁਖਦੇਵ ਸਿੰਘ ‘ਸਿਰਸਾ’ ਨੂੰ ਉਹਦੇ ਤਾਈਂ ਲੋੜ ਪੈ ਗਈ ਤਾਂ ਪਤਾ ਲੱਗਾ ਕਿ ‘ਦਿਲ’ ਤਾਂ ਬਹੁਤ ਬਿਮਾਰ ਹੈ। ਉਹ ਲਾਲ ਸਿੰਘ ‘ਦਿਲ’ ਨੂੰ ਲੁਧਿਆਣੇ ਚੁੱਕ ਲਿਆਇਆ, ਨਹੀਂ ਤਾਂ ਉਸ ਨੇ ਸਮਰਾਲੇ ਦੇ ਹਸਪਤਾਲ ਵਿੱਚ ਹੀ ਇੱਕ ਅੱਧ ਦਿਨ ਪਹਿਲਾਂ ਇਸ ਸੰਸਾਰ ਤੋਂ ਕੂਚ ਕਰ ਜਾਣਾ ਸੀ। ਸਾਨੂੰ ਆਪਣੇ ਲੇਖਕਾਂ ਦਾ ਹੇਜ ਮਰਨ ਮਗਰੋਂ ਹੀ ਕਿਉਂ ਆਉਂਦਾ ਹੈ? ਜਦੋਂ ਲਾਲ ਸਿੰਘ ‘ਦਿਲ’ ਨੂੰ ਸਹਾਇਤਾ ਦੀ ਲੋੜ ਸੀ, ਉਦੋਂ ਨਾ ਕਿਸੇ ਸੰਸਥਾ ਨੂੰ ਦਿਸਿਆ ਤੇ ਨਾ ਸਰਕਾਰ ਨੂੰ। ਤੰਗੀਆਂ ਤੁਰਸ਼ੀਆਂ ਵਿੱਚ ਜੀਵੇ ਇਸ ਦਰਵੇਸ਼ ਸ਼ਾਇਰ ਦਾ ਸ਼ਰਧਾਂਜਲੀ ਸਮਾਗਮ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਹੋ ਨਿਬੜਿਆ, ਪਰ ਮੈਨੂੰ ਉਦੋਂ ਵੀ ਪੰਜਾਬੀ ਭਵਨ ਦੇ ਬਾਹਰ ਇੱਕ ਕੋਨੇ ਵਿਚ ਬੈਠਾ ‘ਦਿਲ’ ਚੁੱਪਚਾਪ ਬੀੜੀ ਪੀ ਰਿਹਾ ਉਵੇਂ ਦਿਸਦਾ ਰਿਹਾ, ਜਦੋਂਕਿ ਅੰਦਰ ਚੱਲ ਰਿਹਾ ਸਮਾਗਮ ਪੂਰੇ ਜਲੌਅ ਵਿੱਚ ਸੀ। ਲਾਲ ਸਿੰਘ ‘ਦਿਲ’ ਸਦਾ ਅਮਰ ਰਹੇ।
ਸੰਪਰਕ: 94638-23495