ਕੁਝ ਇਨਸਾਨ ਅਜਿਹੇ ਵੀ...
ਸੁਰਿੰਦਰ ਗੀਤ
ਕਥਾ ਪ੍ਰਵਾਹ
“ਲੈ! ਫਿਰ ਅੱਜ ਫਿਰ ਸਵੇਰੇ ਈ ਆ ਗਿਆ! ਏਹਨੂੰ ਕੋਈ ਹੋਰ ਕੰਮ ਨਹੀਂ। ਏਸ ਤੋਂ ਤਾਂ ਨਾਈਟ ਸ਼ਿਫ਼ਟ ਚੰਗੀ ਐ। ਕੋਈ ਸਿਰ ’ਤੇ ਤਾਂ ਨਹੀਂ ਖੜ੍ਹਾ ਰਹਿੰਦਾ...। ਖੜ੍ਹਾ ਰਹੇ... ਮੈਂ ਤਾਂ ਆਪਣਾ ਕੰਮ ਕਰੀ ਜਾਣੈ!” ਮੈਂ ਮਨ ਹੀ ਮਨ ਕਿਹਾ।
ਜਨਵਰੀ 1997 ਦੀ ਗੱਲ ਹੈ। ਮੈਂ ਪੀਟਰਗਰੀ ਸ਼ਹਿਰ ਦੇ ਆਵਾਜਾਈ ਯੋਜਨਾਬੰਦੀ ਵਿਭਾਗ ’ਚੋਂ ਬਦਲ ਸ਼ਹਿਰ ਦੇ ਪੁਲੀਸ ਦੇ ਪ੍ਰਬੰਧਕੀ ਮਹਿਕਮੇ ’ਚ ਆਈ ਸੀ। ਮੇਰੇ ਤੋਂ ਕੁਝ ਦਿਨ ਪਹਿਲਾਂ ਇੰਸਪੈਕਟਰ ਪੀਟਰ ਜੌਹਨਸਟਨ ਹੋਮੋਸਾਈਡ ਯੂਨਿਟ ’ਚੋ ਬਦਲ ਕੇ ਪੁਲੀਸ ਪ੍ਰਬੰਧ ’ਚ ਆਇਆ ਸੀ। ਦਿਨ ਦੀ ਪੂਰੀ ਸ਼ਿਫ਼ਟ ਦਾ ਉਹ ਇੰਚਾਰਜ ਸੀ। ਅਸਲ ’ਚ ਉਹ ਡਿਊਟੀ ਇੰਸਪੈਕਟਰ ਸੀ। ਦਿਨ ਵੇਲੇ ਦੀਆਂ ਸਭ ਘਟਨਾਵਾਂ ਬਾਰੇ ਮੀਡੀਆ ਨੂੰ ਜਵਾਬਦੇਹ ਸੀ।
ਉਸ ਦੀ ਡਿਊਟੀ ਸਵੇਰੇ ਸੱਤ ਵਜੇ ਤੋਂ ਸ਼ੁਰੂ ਹੋ ਸ਼ਾਮ ਦੇ ਚਾਰ ਵਜੇ ਤੱਕ ਹੁੰਦੀ। ਕੋਈ ਵੀ ਉਸ ਦਾ ਪੂਰਾ ਨਾਮ ਨਹੀਂ ਸੀ ਲੈਂਦਾ, ਸਾਰੇ ਉਸ ਨੂੰ ਪੀਟਰ ਹੀ ਆਖਦੇ। ਉਸ ਨੂੰ ‘ਸਰ’ ਜਾਂ ਮਿਸਟਰ ਜੌਹਨਸਟਨ ਅਖਵਾਉਣਾ ਚੰਗਾ ਨਹੀਂ ਸੀ ਲਗਦਾ। ਇੱਕ ਦਿਨ ਉਸ ਦੇ ਦਫ਼ਤਰ ’ਚ ਗੱਲਬਾਤ ਕਰਦਿਆਂ ਮੇਰੇ ਤੋਂ ‘ਸਰ’ ਕਿਹਾ ਗਿਆ ਤਾਂ ਉਸ ਨੇ ਝੱਟ ਟੋਕ ਦਿੱਤਾ। ਉਸ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ਼ ’ਚ ਕਿਹਾ, “ਅਸੀਂ ਸਾਰੇ ਇੱਕ ਦੂਸਰੇ ਦੇ ਦੋਸਤ ਹਾਂ ਜੋ ਇਕੱਠੇ ਕੰਮ ਕਰਦੇ ਆਂ। ਮੇਰਾ ਨਾਮ ਪੀਟਰ ਜੌਹਨਸਟਨ ਹੈ। ਮੈਨੂੰ ਚੰਗਾ ਲਗਦਾ ਹੈ ਜਦੋਂ ਮੇਰੇ ਨਾਲ ਕੰਮ ਕਰਦੇ ਦੋਸਤ ਮੈਨੂੰ ‘ਪੀਟਰ’ ਆਖ ਕੇ ਬੁਲਾਉਂਦੇ ਐ।’’
ਉੱਚਾ ਲੰਮਾ ਤੇ ਬਹੁਤ ਹੀ ਸੋਹਣੀ ਫੱਬਵੀਂ ਦਿੱਖ ਵਾਲਾ ਇਹ ਨੌਜਵਾਨ ਪੁਲੀਸ ਅਫ਼ਸਰ ਸਭ ਦਾ ਚਹੇਤਾ ਸੀ। ਉਸ ਦਾ ਉੱਚਾ ਲੰਮਾ ਕੱਦ ਅਤੇ ਮਿੱਠੀ ਬੋਲਚਾਲ ਹਰ ਇੱਕ ਦਾ ਮਨ ਮੋਹ ਲੈਂਦੀ। ਚੰਗਾ ਤਾਂ ਉਹ ਮੈਨੂੰ ਵੀ ਲਗਦਾ ਪਰ ਦਿਨ ਦੀ ਸ਼ਿਫ਼ਟ ਵੇਲੇ ਉਸ ਦਾ ਕੌਫ਼ੀ ਦਾ ਕੱਪ ਲੈ ਕੇ ਮੇਰੇ ਕੋਲ ਆ ਬੈਠਣਾ, ਬਹੁਤ ਬੁਰਾ ਲਗਦਾ। ਉਸ ਨੇ ਕਦੇ ਨੋਕ-ਝੋਕ ਨਹੀਂ ਸੀ ਕੀਤੀ ... ਪਰ ਸੀ ਤਾਂ ਮੇਰਾ ਸੁਪਰਵੀਜ਼ਰ ਹੀ ਜਿਹੜਾ ਮੈਨੂੰ ਡਰਾਉਂਦਾ ਸੀ। ਮੈਨੂੰ ਲਗਦਾ ਜਿਵੇਂ ਉਸ ਦੀਆਂ ਤੇਜ਼ ਤਰਾਰ ਪੁਲਸੀਆ ਅੱਖਾਂ ਮੈਨੂੰ ਪਰਖ ਰਹੀਆਂ ਹੋਣ। ਤਰ੍ਹਾਂ ਤਰ੍ਹਾਂ ਦੇ ਖ਼ਿਆਲਾਂ ਦੀ ਭੰਬੀਰੀ ਮੇਰੇ ਦਿਮਾਗ਼ ’ਚ ਘੁੰਮਦੀ ਰਹਿੰਦੀ...। ਇਹ ਏਥੇ ਬੈਠ ਕੇ ਮੇਰੇ ’ਤੇ ਨਿਗਾਹ ਰੱਖਦਾ ਹੈ...! ਕੀ ਮੇਰਾ ਕੰਮ ਇਸ ਨੂੰ ਪਸੰਦ ਨਹੀਂ...। ਇਹ ਵੀ ਹੋ ਸਕਦੈ ਕਿ ਇਸ ਦਫ਼ਤਰ ’ਚ ਮੈਂ ਇਕੱਲੀ ਪੰਜਾਬੀ ਔਰਤ ਹਾਂ... ਦਫ਼ਤਰ ਵਿੱਚ ਕੋਈ ਨਸਲੀ ਭੇਦ ਭਾਵ ਹੋਵੇਗਾ। ਕਿਸੇ ਨੇ ਮੇਰੇ ਬਾਰੇ ਕੋਈ ਸ਼ਿਕਾਇਤ ਕੀਤੀ ਹੋਵੇਗੀ! ਅਗਲੀਆਂ ਪਿਛਲੀਆਂ ਘਟਨਾਵਾਂ ਚੇਤੇ ਆ ਜਾਂਦੀਆਂ। ਮੈਂ ਇਸ ਤਰ੍ਹਾਂ ਦੇ ਸਵਾਲਾਂ ਵਿੱਚ ਉਲਝੀ ਹੋਈ ਆਪਣਾ ਕੰਮ ਬੜੇ ਧਿਆਨ ਨਾਲ ਕਰਦੀ ਰਹਿੰਦੀ। ਜੇਕਰ ਕਿਸੇ ਪੁਲੀਸ ਅਧਿਕਾਰੀ ਦਾ ਕਿਸੇ ਕੰਮ ਬਾਰੇ, ਕਿਸੇ ਵਿਅਕਤੀ ਬਾਰੇ ਕੋਈ ਸਵਾਲ ਹੁੰਦਾ ਤਾਂ ਮੈਂ ਬੜੀ ਫੁਰਤੀ ਨਾਲ ਸੁਲਝੇ ਪ੍ਰੋਫੈਸ਼ਨਲ ਢੰਗ ਨਾਲ ਜਵਾਬ ਦਿੰਦੀ। ਮੈਂ ਤੇਜ਼ੀ ਨਾਲ ਕੰਪਿਊਟਰ ’ਤੇ ਹੱਥ ਚਲਾਉਂਦੀ ਉਸ ਨੂੰ ਦਿਖਾਉਣ ਵਾਸਤੇ ਕਿ ਮੈਨੂੰ ਸਾਰੇ ਸਿਸਟਮ ਦੀ ਚੰਗੀ ਜਾਣਕਾਰੀ ਹੈ। ਜਿਸ ਦਿਨ ਉਹ ਨਾ ਆਉਂਦਾ, ਮੈਂ ਸੁਖ ਦਾ ਸਾਹ ਲੈਂਦੀ।
ਇੱਕ ਦਿਨ ਮੈਂ ਦਫ਼ਤਰ ’ਚ ਆਪਣੀਆਂ ਹੀ ਸੋਚਾਂ ’ਚ ਡੁੱਬੀ ਹੋਈ ਸਾਂ। ਉਦਾਸ ਤਾਂ ਨਹੀਂ ਸੀ ਪਰ ਖ਼ਾਮੋਸ਼ ਸਾਂ।
“ਵਾਏ ਆਰ ਯੂ ਸੋ ਕੁਆਇਟ?” ਮੇਰੇ ਨਾਲ ਕੰਮ ਕਰਦੀ ਗੋਰੀ ਕੁੜੀ, ਡੈਬੀ ਨੇ ਪੁੱਛਿਆ।
“ਆਈ ਐਮ ਫਾਈਨ, ਜਸਟ ਥਿੰਕਿੰਗ ਅਬਾਊਟ ਸਮਥਿੰਗ!”
ਡੈਬੀ ਖਿੜਖਿੜਾ ਕੇ ਹੱਸ ਪਈ ਤੇ ਕਹਿਣ ਲੱਗੀ, “ਆਈ ਨੋਅ! ਪੀਟਰ ਇਜ਼ ਨਾਟ ਇਨ ਟੂ-ਡੇਅ...! ਦੈਟਸ ਵਾਏ ਯੂ ਆਰ ਕੁਆਇਟ...!”
ਇਉਂ ਉਹ ਮੈਨੂੰ ‘ਪੀਟਰ’ ਦਾ ਨਾਮ ਲੈ ਲੈ ਛੇੜਦੀ ਰਹਿੰਦੀ। ਜਦੋਂ ਕਿਤੇ ਉਹ ਮੇਰੇ ਦਫ਼ਤਰ ਕੋਲੋਂ ਦੀ ਲੰਘਦੀ ਪੀਟਰ ਨੂੰ ਮੇਰੇ ਕੋਲ ਖੜ੍ਹਾ ਜਾਂ ਸਾਹਮਣੇ ਵਾਲੀ ਕੁਰਸੀ ’ਤੇ ਬੈਠਾ ਦੇਖਦੀ ਤਾਂ ਉਹ ਸ਼ਰਾਰਤੀ ਜਿਹੇ ਢੰਗ ਨਾਲ ਹੱਸਦੀ। ਇੱਕ ਵਾਰ ਤਾਂ ਉਸ ਨੇ ਪੀਟਰ ਨੂੰ ਆਖ ਹੀ ਦਿੱਤਾ, “ਪੀਟਰ! ਆਈ ਥਿੰਕ ਯੂ ਲਾਈਕ ਟੂ ਟਾਕ ਟੂ ਸੈਂਡੀ ਵੈਰੀ ਮੱਚ!”
“ਓ ਯੈੱਸ... ਯੈਸ...! ਸ਼ੀ ਇਜ਼ ਵੈਰੀ ਲਵਲੀ ਪਰਸਨ!” ਉਸ ਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ। ਮੇਰੇ ’ਤੇ ਪੀਟਰ ਦੀ ਇਸ ਗੱਲ ਦਾ ਕੋਈ ਅਸਰ ਨਾ ਹੋਇਆ। ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਸੀ ਕਿ ਗੋਰੇ ਲੋਕ ਛੇਤੀ ਛੇਤੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ...। ਇਨ੍ਹਾਂ ਦਾ ਭੇਤ ਪਾਉਣਾ ਮੁਸ਼ਕਿਲ ਹੈ। ਵੈਰੀ ਗੁੱਡ... ਵੈਰੀ ਗੁੱਡ ਕਹਿੰਦੇ ਕਹਿੰਦੇ ਤੀਰ ਚਲਾ ਜਾਂਦੇ ਨੇ।
ਇੱਕ ਦਿਨ ਮੈਂ ਕੌਫ਼ੀ ਬਰੇਕ ’ਤੇ ਸਾਂ। ਕੌਫ਼ੀ ਸ਼ਾਪ ਵਿੱਚ ਕੰਧ ਦੇ ਨਾਲ ਲੱਗੇ ਮੇਜ਼ ’ਤੇ ਇਕੱਲੀ ਬੈਠੀ ਸਾਂ। ਅਚਾਨਕ ਪੀਟਰ ਆ ਟਪਕਿਆ। ਉਸ ਨੇ ਕੌਫ਼ੀ ਲਈ ਤੇ ਮੇਰੇ ਤੋਂ ਪੁੱਛ ਕੇ ਮੇਰੇ ਸਾਹਮਣੇ ਵਾਲੀ ਕੁਰਸੀ ’ਤੇ ਬੈਠ ਗਿਆ।
ਹਾਲ ਚਾਲ ਪੁੱਛ ਕੇ ਉਸ ਨੇ ਸਿੱਖ ਧਰਮ ਦੀਆਂ ਗੱਲਾਂ ਛੇੜ ਲਈਆਂ। ਮੈਂ ਸਮਝ ਗਈ ਕਿ ਉਹ ਮੇਰੇ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹੈ। ਮੈਂ ਆਪਣੇ ਗਿਆਨ ਅਨੁਸਾਰ ਉਸ ਦੇ ਹਰ ਸਵਾਲ ਦਾ ਜਵਾਬ ਦਿੱਤਾ। ਫਿਰ ਉਸ ਨੇ ਸਿੱਖ ਧਰਮ ਨਾਲ ਸਬੰਧਤ ਕੋਈ ਅੰਗਰੇਜ਼ੀ ’ਚ ਲਿਖੀ ਕਿਤਾਬ ਮੰਗੀ, ਜਿਸ ਨੂੰ ਪੜ੍ਹ ਕੇ ਉਹ ਸਿੱਖ ਧਰਮ ਬਾਰੇ ਪੂਰੀ ਜਾਣਕਾਰੀ ਲੈ ਸਕੇ। ਚੰਗੀ ਕਿਸਮਤ ਨਾਲ ਮੇਰੇ ਕੋਲ ਇੱਕ ਪਈ ਸੀ। ਮੇਰੇ ਬਾਪੂ ਜੀ ਇੱਥੇ ਮੇਰੇ ਕੋਲ ਛੱਡ ਗਏ ਸਨ। ਹੁਣ ਮੈਨੂੰ ਕੁਝ ਹੌਸਲਾ ਹੋ ਗਿਆ ਕਿ ਇਹ ਮੇਰੀ ਨਿਗਰਾਨੀ ਨਹੀਂ ਕਰਦਾ ਸਗੋਂ ਮੇਰੇ ਤੋਂ ਕੁਝ ਜਾਣਨ ਦੀ ਕੋਸ਼ਿਸ਼ ਕਰਦਾ ਹੈ। ਸਿੱਖ ਧਰਮ ਅਤੇ ਸਿੱਖਾਂ ਬਾਰੇ ਜਾਣਨਾ ਚਾਹੁੰਦਾ ਹੈ।
ਅਗਲੀ ਸਵੇਰ ਮੈਂ ਕੀਤੇ ਵਾਅਦੇ ਅਨੁਸਾਰ ਡਾ. ਗੋਪਾਲ ਸਿੰਘ ਦੀ ਲਿਖੀ ‘ਸਿੱਖ ਹਿਸਟਰੀ’ ਉਸ ਦੇ ਦਫ਼ਤਰ ਜਾ ਉਸ ਦੀ ਮੇਜ਼ ’ਤੇ ਰੱਖ ਆਈ। ਉਹ ਆਪ ਉਸ ਸਮੇਂ ਆਪਣੇ ਕਮਰੇ ਵਿੱਚ ਨਹੀਂ ਸੀ।
ਉਸ ਦਿਨ ਮੈਂ ਪੀਟਰ ਦੀ ਉਡੀਕ ਕਰ ਰਹੀ ਸਾਂ। ਮੈਨੂੰ ਭਰੋਸਾ ਸੀ ਕਿ ਉਹ ਮੇਰਾ ਧੰਨਵਾਦ ਕਰਨ ਆਵੇਗਾ ਤੇ ਇਸੇ ਤਰ੍ਹਾਂ ਹੀ ਹੋਇਆ। ਲੰਚ ਟਾਈਮ ਦੇ ਨੇੜੇ ਜਿਹੇ ਉਹ ਮੇਰੇ ਕੋਲ ਆਇਆ। ਉਸ ਦੇ ਹੱਥ ਵਿੱਚ ਉਹੋ ਹੀ ਮੋਟੀ ਭਾਰੀ ਕਿਤਾਬ ਫੜੀ ਹੋਈ ਸੀ। ਉਸ ਦੇ ਚਿਹਰੇ ’ਤੇ ਇਕ ਵੱਖਰੀ ਕਿਸਮ ਦੀ ਮੁਸਕਰਾਹਟ ਦੀ ਲਹਿਰ ਸੀ। ਉਸ ਪ੍ਰਤੀ ਅੱਜ ਮੇਰਾ ਰਵੱਈਆ ਵੀ ਬਹੁਤ ਬਦਲਿਆ ਹੋਇਆ ਸੀ। ਮੈਨੂੰ ਉਹ ਸੁਪਰਵਾਈਜ਼ਰ ਨਾਲੋਂ ਦੋਸਤ ਜ਼ਿਆਦਾ ਪ੍ਰਤੀਤ ਹੋ ਰਿਹਾ ਸੀ।
ਉਸ ਨੇ ਕਿਤਾਬ ਲਈ ਮੇਰਾ ਧੰਨਵਾਦ ਕੀਤਾ ਤੇ ਪੜ੍ਹ ਕੇ ਵਾਪਸ ਕਰਨ ਦਾ ਵਾਅਦਾ ਕੀਤਾ। ਕਿਤਾਬ ਦੇ ਪੰਨੇ ਫਰੋਲਦਿਆਂ ਉਹ ਕੁਝ ਮੁਸਕਰਾਇਆ ਤੇ ਕਿਹਾ, “ਕਿਤਾਬ ਬਹੁਤ ਵੱਡੀ ਹੈ, ਪੜ੍ਹਨ ’ਚ ਕਾਫ਼ੀ ਸਮਾਂ ਲਗੇਗਾ!”
“ਕੋਈ ਗੱਲ ਨਹੀਂ... ਜਿੰਨੀ ਦੇਰ ਮਰਜ਼ੀ ਰੱਖੋ...।” ਮੈਂ ਕਿਹਾ।
ਇਸ ਤੋਂ ਬਾਅਦ ਪੀਟਰ ਦਾ ਮੇਰੇ ਕਮਰੇ ’ਚ ਆਉਣਾ ਘਟ ਗਿਆ। ਪਤਾ ਨਹੀਂ ਕਿਉਂ? ਸ਼ਾਇਦ ਉਸ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਬਹੁਤ ਮਿਹਨਤੀ ਲੋਕ ਹਾਂ। ਇਹ ਵੀ ਹੋ ਸਕਦਾ ਹੈ ਕਿ ਉਸ ਨੂੰ ਉਸ ਦੇ ਸਵਾਲਾਂ ਦੇ ਜਵਾਬ ਮਿਲ ਗਏ ਹੋਣ। ਮੈਂ ਮਨ ਹੀ ਮਨ ਸੋਚਿਆ।
ਤਿੰਨ ਹਫ਼ਤਿਆਂ ਬਾਅਦ ਉਹ ਪਹਿਲਾਂ ਦੀ ਤਰ੍ਹਾਂ ਆਪਣਾ ਕੌਫ਼ੀ ਨਾਲ ਭਰਿਆ ਕੱਪ ਲੈ ਕੇ ਮੇਰੇ ਕੋਲ ਆਇਆ। ਉਸ ਨੇ ਹੱਥ ’ਚ ਉਹੀ ਕਿਤਾਬ ਫੜੀ ਹੋਈ ਸੀ। ਉਸ ਨੇ ਬੜੇ ਸਤਿਕਾਰ ਨਾਲ ਕਿਤਾਬ ਮੇਰੇ ਹੱਥ ’ਚ ਫੜਾਉਂਦਿਆਂ ਧੰਨਵਾਦ ਕੀਤਾ। ਹਮੇਸ਼ਾ ਦੀ ਤਰ੍ਹਾਂ ਮੇਰੇ ਤੋਂ ਬੈਠਣ ਦੀ ਇਜਾਜ਼ਤ ਮੰਗੀ। ਹੁਣ ਮੈਂ ਅੰਦਰੋਂ ਦੁਖੀ ਹੋ ਕੇ ਨਹੀਂ ਸਗੋਂ ਚਾਅ ਨਾਲ ਬੈਠਣ ਲਈ ਕਿਹਾ।
ਉਸ ਨੇ ਕੌਫ਼ੀ ਦੀ ਘੁੱਟ ਭਰਦਿਆਂ ਮੇਰੇ ਚਿਹਰੇ ’ਤੇ ਨਿਗਾਹ ਟਿਕਾ ਕੇ ਪਹਿਲਾਂ ਨਾਲੋਂ ਬਿਲਕੁਲ ਵੱਖਰੇ ਅੰਦਾਜ਼ ’ਚ ਕਿਹਾ, “ਸਿੱਖਜ਼ ਆਰ ਵੰਡਰਫੁੱਲ ਪੀਪਲ... ਆਈ ਸੈਲਿਊਟ ਆਲ ਦਾ ਸਿੱਖਜ਼ ਇਨ ਦਿ ਵਰਲਡ!”
ਮੇਰਾ ਚਿਹਰਾ ਖਿੜ ਗਿਆ... ਖ਼ੁਸ਼ੀ ਨਾਲ ਮੇਰੀਆਂ ਅੱਖਾਂ ਭਰ ਆਈਆਂ।
ਮੈਂ ਅੰਦਰੋ ਅੰਦਰੀ ਬਹੁਤ ਖ਼ੁਸ਼ ਸਾਂ। ਮੈਂ ਪੀਟਰ ਬਾਰੇ ਕੀ ਸੋਚ ਰਹੀ ਸਾਂ ਤੇ ਕੀ ਨਿਕਲਿਆ।
ਨਾਲ ਹੀ ਉਸ ਨੇ ਮੇਰੇ ਨਾਲ ਇੱਕ ਪੰਜਾਬੀ ਸਿੱਖ ਬਜ਼ੁਰਗ ਦੀ ਕਹਾਣੀ ਸਾਂਝੀ ਕੀਤੀ ਕਿ ਕਿਵੇਂ ਉਸ ਨੇ ਉਸ ਨੂੰ ਸ਼ਹਿਰ ਦੇ ਗੁਰਦੁਆਰੇ ’ਚੋਂ ਫੜਿਆ ਸੀ। ਮਾਮੂਲੀ ਜਿਹੇ ਝਗੜੇ ’ਤੇ ਆਪਣੀ ਪਤਨੀ ਦਾ ਕਤਲ ਕਰਕੇ ਗੁਰਦੁਆਰੇ ਜਾ ਲੁਕਿਆ ਸੀ, ਉਹ 65 ਸਾਲ ਦਾ ਬੰਦਾ।
ਪੀਟਰ ਨੇ ਮੈਨੂੰ ਦੱਸਿਆ, ‘‘ਗੁਰਦੁਆਰੇ ਦੇ ਇੱਕ ਕਮਰੇ ’ਚ ਉਹ ਲੰਮਾ ਪਿਆ ਸੀ। ਜਿਉਂ ਹੀ ਮੈਂ ਕਮਰੇ ਦੇ ਦਰਵਾਜ਼ੇ ਕੋਲ ਗਿਆ, ਉਸ ਨੇ ਆਪਣੇ ਚਿਹਰੇ ਤੋਂ ਕੰਬਲ ਖਿਸਕਾਇਆ... ਤੇ ਸਕਿੰਟ ’ਚ ਹੀ ਚਿਹਰਾ ਢਕ ਲਿਆ ... ਤੇ ਮੈਂ ਸਮਝ ਗਿਆ ਕਿ ਇਹੀ ਦੋਸ਼ੀ ਹੈ...!’’ “ਆਈ ਨੋਅ ਪੀਟਰ, ਯੂ ਆਰ ਵੈਰੀ ਸਮਾਰਟ...! ਸਮਟਾਈਮਜ਼ ,ਆਈ ਫੀਲ ਯੂ ਹੈਵ ਆਈਜ਼ ਆਲ ਓਵਰ ਯੂਅਰ ਬਾਡੀ...।” ਮੈਂ ਮਖੌਲ ’ਚ ਕਿਹਾ।
“ਆਈ ਜਸਟ ਹੈਵ ਟੂਅ ਆਈਜ਼ ਲਾਈਕ ਆਲ ਅਦਰ ਪੀਪਲ...!” ਪੀਟਰ ਨੇ ਹੱਸਦਿਆਂ ਹੱਸਦਿਆਂ ਜਵਾਬ ਦਿੱਤਾ।
ਹੁਣ ਮੈਂ ਪੀਟਰ ਨਾਲ ਵਿਚਾਰ-ਵਿਟਾਂਦਰਾ ਕਰਨ ਦੇ ਸਮਰੱਥ ਹੋ ਗਈ ਸਾਂ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਉਹ ਮੈਨੂੰ ਓਪਰਾ ਨਹੀਂ ਸੀ ਲਗਦਾ। ਮੈਂ ਬੜੇ ਸਹਿਜ ਨਾਲ ਵਿਚਾਰ ਵਟਾਂਦਰਾ ਕਰ ਸਕਦੀ ਸਾਂ।
‘‘ਸੋ... ਸੈਂਡੀ... ਵਟ ਡੂ ਯੂ ਥਿੰਕ... ਇਟ ਵਾਜ਼ ਏ ਫਸਟ ਡਿਗਰੀ ਮਰਡਰ ਔਰ ਸੈਕੰਡ ਡਿਗਰੀ ਮਰਡਰ...?”
ਮੈਂ ਕੁਝ ਸੋਚੀਂ ਪੈ ਗਈ। ਆਪਣਾ ਦਿਮਾਗ਼ ਲੜਾਇਆ ਤੇ ਬੋਲੀ, “ਇਹ ਇਰਾਦਾ ਕਤਲ ਨਹੀਂ ਸੀ... ਉਹ ਕਿਸੇ ਵੀ ਹਾਲਤ ’ਚ ਆਪਣੀ ਪਤਨੀ ਨੂੰ ਮਾਰਨਾ ਨਹੀਂ ਸੀ ਚਾਹੁੰਦਾ.... ਦੋਵਾਂ ਦਾ ਮਾੜੀ ਮੋਟੀ ਗੱਲ ਤੋਂ ਤਕਰਾਰ ਹੋਇਆ... ਪਤਨੀ ਰੋਟੀ ਪਕਾ ਰਹੀ ਸੀ... ਉਸ ਨੇ ਉਸ ਦੇ ਹੱਥੋਂ ਵੇਲਣਾ ਫੜਿਆ ਜਾਂ ਰੱਖਿਆ ਪਿਆ ਵੇਲਣਾ ਚੁੱਕਿਆ ਤੇ ਸਿਰ ’ਤੇ ਵਾਰ ਕਰ ਦਿੱਤਾ...।”
“ਉਸ ਨੇ ਅਜਿਹਾ ਕੀਤਾ ਕਿਉਂ...?”
ਮੈਂ ਹੱਸ ਪਈ, “ਉਹ ਪੰਜਾਬੀ ਸੀ... ਮਰਦ ਪ੍ਰਧਾਨ ਸਮਾਜ ਦਾ ਅੰਗ ਸੀ... ਆਪਣੇ ਮਰਦ ਹੋਣ ਦਾ ਅਹਿਸਾਸ ਕਰਵਾਉਣ ਲਈ ਉਸ ਨੇ ਵੇਲਣਾ ਮਾਰਿਆ ਨਹੀਂ... ਉਸ ਕੋਲੋਂ ਵੱਜ ਗਿਆ... ਮੈਂ ਇਸ ਨੂੰ ਸੈਕੰਡ ਡਿਗਰੀ ਮਰਡਰ ਹੀ ਕਹਾਂਗੀ...!”
“ਹੂੰ...!” ਉਸ ਨੇ ਸਿਰ ਹਿਲਾਇਆ ਤੇ ਚੁੱਪ ਹੋ ਗਿਆ।
ਮੈਂ ਚੁੱਪ-ਚਾਪ ਉਸ ਦਾ ਜਵਾਬ ਉਡੀਕ ਰਹੀ ਸਾਂ।
ਉਸ ਨੂੰ ਚੁੱਪ ਦੇਖ ਕੇ ਮੈਂ ਦੁਬਾਰਾ ਕਿਹਾ, “ਜਿਸ ਸਮਾਜ ਵਿੱਚ ਉਹ ਰਹਿ ਰਿਹਾ ਸੀ ਉਹ ਮਰਦ ਪ੍ਰਧਾਨ ਸਮਾਜ ਸੀ। ਉਸ ਦੀ ਮਰਦ-ਪੁਣੇ ਦੀ ਹੈਂਕੜ ਔਰਤ ਦੀ ਮੌਤ ਦਾ ਕਾਰਨ ਬਣੀ...।”
ਉਹ ਆਪਣੀ ਕੁਰਸੀ ਤੋਂ ਉੱਠਿਆ... ਲੰਮਾ ਸਾਹ ਲਿਆ ਤੇ ਫਿਰ ਬੈਠ ਗਿਆ। ਮੇਰੇ ਵੱਲ ਦੇਖਣ ਲੱਗ ਪਿਆ।
“ਸੈਂਡੀ... ਡੀਅਰ... ਯੂ ਆਰ ਵੈਰੀ ਇੰਟੈਲੀਜੈਂਟ... ਆਈ ਐਮ ਵੈਰੀ ਮੱਚ ਇਮਪਰੈਸਿਡ ਵਿਦ ਯੂਅਰ ਆਨਸਰ...!”
ਆਪਣੇ ਬਾਰੇ ਇਹ ਸ਼ਬਦ ਸੁਣ ਕੇ ਪਲ ਕੁ ਭਰ ਲਈ ਮੈਨੂੰ ਆਪਣੇ ਆਪ ’ਤੇ ਮਾਣ ਮਹਿਸੂਸ ਹੋਇਆ।
ਪੀਟਰ ਨੇ ਦੱਸਿਆ ਕਿ ਅਸੀਂ ਵੀ ਉਸ ’ਤੇ ਸੈਕੰਡ ਡਿਗਰੀ ਮਰਡਰ ਦੇ ਚਾਰਜ ਹੀ ਲਾਏ ਸਨ।
ਮੇਰਾ ਧਿਆਨ ਇਕਦਮ ਆਪਣੇ ਦੇਸ਼ ਦੀ ਪੁਲੀਸ ਵੱਲ ਗਿਆ ਕਿ ਕਿਵੇਂ ਉਹ ਲੋਕਾਂ ’ਤੇ ਝੂਠੇ ਕੇਸ ਪਾਉਂਦੇ ਹਨ, ਛੋਟੀ ਗੱਲ ਨੂੰ ਵੱਡੀ ਬਣਾ ਦਿੰਦੇ ਨੇ। ਪੈਸੇ ਲੈ ਕੇ ਸਬੂਤ ਖੁਰਦ-ਬੁਰਦ ਕਰ ਦਿੰਦੇ ਨੇ। ਅਸਲੀ ਗੁਨਾਹਗਾਰ ਛੁੱਟ ਜਾਂਦਾ ਹੈ ਅਤੇ ਕੋਈ ਹੋਰ ਬੇਗੁਨਾਹ ਫਸਾ ਲਿਆ ਜਾਂਦੈ। ਮੈਂ ਪੁਲੀਸ ਬਾਰੇ ਉਸ ਨੂੰ ਕਾਫ਼ੀ ਜਾਣਕਾਰੀ ਦਿੱਤੀ। ਮੇਰੀਆਂ ਗੱਲਾਂ ਸੁਣ ਸੁਣ ਉਹ ਹੈਰਾਨ ਪਰੇਸ਼ਾਨ ਹੋਈ ਜਾ ਰਿਹਾ ਸੀ।
ਉਸ ਤੋਂ ਰਿਹਾ ਨਾ ਗਿਆ। ਆਖਣ ਲੱਗਾ, “ਆਈ ਥਿੰਕ ਦੇ ਨੀਡ ਟਰੇਨਿੰਗ... ਆਈ ਸ਼ੁਡ ਬੀ ਦੇਅਰ ਟੂ ਟਰੇਨ ਦੈੱਮ...।”
ਵਿਸਾਖੀ ਦਾ ਤਿਉਹਾਰ ਆ ਗਿਆ। ਵਿਸਾਖੀ ਵਾਲੇ ਦਿਨ ਗੁਰੂਘਰ ’ਚ ਸ਼ਾਮ ਨੂੰ ਕੀਰਤਨ ਦਰਬਾਰ ਸਜਣਾ ਸੀ। ਮੇਰਾ ਚਿੱਤ ਤਾਂ ਕਰਦਾ ਸੀ ਕਿ ਮੈਂ ਵੀ ਜਾਵਾਂ ਪਰ ਉਸ ਦਿਨ ਮੇਰੀ ਸ਼ਾਮ ਦੀ ਡਿਊਟੀ ਸੀ। ਦਫ਼ਤਰ ਦੇ ਅਸੂਲਾਂ ਅਨੁਸਾਰ ਬਹਾਨਾ ਬਣਾਉਣਾ ਮੁਸ਼ਕਿਲ ਸੀ। ਸੋ ਮੈਂ ਦਿਨੇ ਆਪਣੀ ਨੀਂਦ ਪੂਰੀ ਕਰਕੇ ਸ਼ਾਮ ਨੂੰ ਕੰਮ ’ਤੇ ਚਲੀ ਗਈ। ਆਪਣੀ ਸਕਿਊਰਿਟੀ ਵਾਲੀ ਚਾਬੀ ਨਾਲ ਦਰਵਾਜ਼ਾ ਖੋਲ੍ਹ ਕੇ ਦੋ ਕੁ ਕਦਮ ਅੱਗੇ ਗਈ ਸੀ ਕਿ ਪੀਟਰ ਮੇਰੀ ਨਜ਼ਰੀਂ ਪੈ ਗਿਆ। ਆਪਣੇ ਦਫ਼ਤਰ ’ਚੋਂ ਬਾਹਰ ਆ ਰਿਹਾ ਸੀ।
“ਇਹ ਇਸ ਵੇਲੇ ਕੀ ਕਰਦਾ ਆ ਏਥੇ?” ਮੈਂ ਆਪਣੇ ਆਪ ’ਚ ਸੋਚਿਆ।
“ਵਟ ਆਰ ਯੂ ਡੂਇੰਗ ਹਿਅਰ... ਦਿਅਰ ਇਜ਼ ਬਿਗ ਸੈਲੀਬਰੇਸ਼ਨ ਇਨ ਸਿੱਖ ਟੈਂਪਲ?” ਪੀਟਰ ਇੱਕੋ ਸਾਹ ’ਚ ਕਹਿ ਗਿਆ। “ਟੂਡੇ ਇਜ਼ ਮਾਈ ਸ਼ਿਫ਼ਟ ਐਂਡ ਆਈ ਐਮ ਅਲੋਨ ਇਨ ਦਿ ਆਫਿਸ!” ਮੈਂ ਜਵਾਬ ਦਿੱਤਾ।
ਮੇਰਾ ਜਵਾਬ ਸੁਣ ਕੇ ਉਸ ਨੇ ਬੜੇ ਫਖ਼ਰ ਨਾਲ ਕਿਹਾ, “ਆਈ ਵਿਲ ਲੁੱਕ ਆਫਟਰ ਦਾ ਆਫਿਸ, ਯੂ ਗੋ ਟੂ ਸਿੱਖ ਟੈਂਪਲ ਐਂਡ ਇਨਜੌਏ!” ਪੰਜਾਬੀ ਵਿੱਚ ਇੰਜ ਕਹਿ ਲਵੋ, “ਮੈਂ ਦਫ਼ਤਰ ਦਾ ਕੰਮ ਖ਼ੁਦ ਦੇਖ ਲਵਾਂਗਾ। ਤੂੰ ਜਾ ਅਤੇ ਗੁਰਦੁਆਰੇ ਜਾ ਕੇ ਆਨੰਦ ਮਾਣ।”
ਮੇਰੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ... ਪਰ ਮੈਂ ਸੋਚ ਰਹੀ ਸੀ ਕਿ ਇਹ ਕਿਵੇਂ ਆਫਿਸ ਦੀ ਦੇਖ ਰੇਖ ਕਰੇਗਾ... ਇਹਨੇ ਵੀ ਘਰ ਜਾਣਾ ਹੋਊ!
ਮੈਨੂੰ ਉੱਥੇ ਹੀ ਖੜ੍ਹੀ ਦੇਖ ਕੇ ਉਸ ਨੇ ਪਿਆਰ ਭਰੇ ਗੁੱਸੇ ’ਚ ਦੁਬਾਰਾ ਕਿਹਾ, “ਪਲੀਜ ਗੋ ਐਂਡ ਇਨਜੌਏ।”
ਮੈਂ ਘਰ ਆ ਗਈ। ਕੱਪੜੇ ਬਦਲੇ ਤੇ ਫੁਰਤੀ ਨਾਲ ਗੁਰੂਘਰ ਨੂੰ ਵਗ ਗਈ। ਮੈਂ ਅੱਜ ਤੱਕ ਸੋਚ ਰਹੀ ਹਾਂ ਕਿ ਇਸ ਧਰਤੀ ’ਤੇ ਅਜਿਹੇ ਇਨਸਾਨ ਵੀ ਹਨ ਜਿਹੜੇ ਦੂਸਰਿਆਂ ਦੀਆਂ ਭਾਵਨਾਵਾਂ ਤੇ ਧਰਮਾਂ ਦਾ ਸਤਿਕਾਰ ਕਰਦੇ ਹਨ, ਭਾਵੇਂ ਉਹ ਕਿਸੇ ਵੀ ਰੰਗ, ਨਸਲ, ਜਾਤ ਤੇ ਖਿੱਤੇ ਦੇ ਹੋਣ!
ਸੰਪਰਕ: 403-605-3734