ਪਾਠਕਾਂ ਦੇ ਖ਼ਤ
ਅੱਜ ਦਾ ਸਮਾਂ ਅਤੇ ਨੌਜਵਾਨ
12 ਅਗਸਤ ਦੇ ਨਜ਼ਰੀਆ ਪੰਨੇ ’ਤੇ ਡਾ. ਸ਼ਿਆਮ ਸੁੰਦਰ ਦੀਪਤੀ ਦਾ ਲੇਖ ‘ਨੌਜਵਾਨ ਅਤੇ ਖ਼ੁਦਮੁਖਤਿਆਰੀ ਦਾ ਰਾਹ’ ਪੜ੍ਹਿਆ। ਉਨ੍ਹਾਂ ਆਪਣੇ ਨਿੱਜੀ ਤਜਰਬੇ ਤੋਂ ਅੱਜ ਦੀ ਆਰਥਿਕਤਾ, ਨਾ-ਬਰਾਬਰੀ, ਰੁਜ਼ਗਾਰ ਅਤੇ ਪਰਵਾਸ ਵਰਗੇ ਮਸਲਿਆਂ ਦੇ ਪ੍ਰਸੰਗ ਵਿਚ ਨੌਜਵਾਨਾਂ ਦੀ ਗੱਲ ਕੀਤੀ ਹੈ। ਸਰਕਾਰਾਂ ਨੌਜਵਾਨਾਂ ਦੀ ਬਾਂਹ ਫੜਨ ਦੀ ਜਗ੍ਹਾ ਬੌਧਿਕ ਵਿਕਾਸ ਤੋਂ ਪਰ੍ਹੇ ਧੱਕ ਰਹੀ ਹੈ। ਸਿੱਖਿਆ ਦਾ ਨਿੱਜੀਕਰਨ, ਵਪਾਰੀਕਰਨ ਘਾਤਕ ਸਿੱਧ ਹੋ ਰਿਹਾ ਹੈ। ਇਸੇ ਦਿਨ ਅਮੋਲਕ ਸਿੰਘ ਨੇ ਮਿਡਲ ਵਿਚ ਮਾਸਟਰ ਤਰਲੋਚਨ ਸਿੰਘ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਹੈ।
ਮਨਮੋਹਨ ਸਿੰਘ, ਨਾਭਾ
ਸਨਮੁੱਖ ਸਿੰਘ ਆਜ਼ਾਦ ਦੀ ਗੀਤਕਾਰੀ
12 ਅਗਸਤ ਦੇ ਸਤਰੰਗ ਪੰਨੇ ਉੱਤੇ ਨਿੰਦਰ ਘੁਗਿਆਣਵੀ ਦਾ ਲੇਖ ‘ਤੁਸਾਂ ਨੂੰ ਮਾਣ ਵਤਨਾਂ ਦਾ’ ਦਾ ਗੀਤਕਾਰ ‘ਸਨਮੁੱਖ ਸਿੰਘ ਆਜ਼ਾਦ’ ਪੜ੍ਹਿਆ। ਸਨਮੁੱਖ ਸਿੰਘ ਆਜ਼ਾਦ ਨੇ ਬਹੁਤ ਚੰਗੇ ਗੀਤ ਪੰਜਾਬੀ ਸਭਿਆਚਾਰ ਦੀ ਝੋਲੀ ਵਿਚ ਪਾਏ। ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਬਹੁਤ ਸਾਰੇ ਗਾਇਕਾਂ ਨੇ ਉਨ੍ਹਾਂ ਦੇ ਗੀਤ ਆਪਣੀ ਆਵਾਜ਼ ਵਿਚ ਰਿਕਾਰਡ ਕਰਵਾਏ। ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਪੈਂਡਾ ਤਰਸਯੋਗ ਰਿਹਾ। ਘਰ ਪਰਿਵਾਰ ਸਭ ਗੁੰਮ ਹੋ ਕੇ ਰਹਿ ਗਿਆ। ਇਹ ਅਸਲ ਵਿਚ ਸਾਡੀ ਵੀ ਤ੍ਰਾਸਦੀ ਹੀ ਹੈ ਕਿ ਅਸੀਂ ਅਜਿਹੇ ਹੀਰਿਆਂ ਦਾ ਮੁੱਲ ਜਿਊਂਦੇ ਜੀਅ ਨਹੀਂ ਪਾਉਂਦੇ। ਹਾਂ, ਮੜ੍ਹੀਆਂ ’ਤੇ ਮੇਲੇ ਜ਼ਰੂਰ ਲਾਉਂਦੇ ਹਾਂ।
ਬੂਟਾ ਸਿੰਘ, ਚਤਾਮਲਾ (ਰੂਪਨਗਰ)
ਤੀਜਾ ਅਰਥਚਾਰਾ
11 ਅਗਸਤ ਨੂੰ ‘ਨਜ਼ਰੀਆ’ ਪੰਨੇ ’ਤੇ ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਮਸਲਾ ਭਾਰਤੀ ਅਰਥਚਾਰੇ ਦੇ ਦੁਨੀਆ ਵਿਚ ਤੀਜੇ ਨੰਬਰ ਦਾ’ ਪੜ੍ਹਿਆ। ਲੇਖਕ ਨੇ ਅੰਕੜਿਆਂ ਸਹਿਤ ਦੇਸ਼ ਦੀ ਆਰਥਿਕ ਸਥਿਤੀ ਪੇਸ਼ ਕੀਤੀ ਹੈ। ਮੌਜੂਦਾ ਭਾਰਤ ਸਰਕਾਰ ਵੱਲੋਂ ਕੁਲ ਘਰੇਲੂ ਪੈਦਾਵਾਰ ਵਿਚ ਵੱਡਾ ਸੁਧਾਰ ਹੋਣ ਅਤੇ ਦੁਨੀਆ ਦੀ ਤੀਜੀ ਆਰਥਿਕ ਸ਼ਕਤੀ ਬਣਨ ਦੀ ਗੱਲ ਨੂੰ ਜ਼ੋਰ-ਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ ਜੋ 2024 ਦੀਆਂ ਚੋਣਾਂ ਵਿਚ ਸਿਆਸੀ ਲਾਹਾ ਲੈਣ ਦੇ ਮਕਸਦ ਨੂੰ ਸਪੱਸ਼ਟ ਕਰਦਾ ਹੈ। ਦਕੁਲ ਘਰੇਲੂ ਪੈਦਾਵਾਰ ਦੇ ਦਰਜਾਬੰਦੀ ਪੱਖੋਂ ਉੱਪਰ ਆਉਣਾ ਦੇਸ਼ ਲਈ ਚੰਗਾ ਸੰਕੇਤ ਹੈ ਪਰ ਮੁਲਕ ਵਿਚ ਭੁੱਖਮਰੀ, ਬੇਰੁਜ਼ਗਾਰੀ, ਗ਼ਰੀਬੀ ਨੂੰ ਅਸਲ ਮਾਇਨਿਆਂ ਵਿਚ ਦੂਰ ਕਰ ਕੇ, ਦੂਜੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਪ੍ਰਤੀ ਵਿਅਕਤੀ ਆਮਦਨ ਵਿਚ ਵਾਧਾ ਤਾਂ ਹੀ ਸੰਭਵ ਹੋਵੇਗਾ ਜਦੋਂ ਬਣਾਈਆਂ ਜਾ ਰਹੀਆਂ ਆਰਥਿਕ ਨੀਤੀਆਂ ਦਾ ਮੂੰਹ ਸਰਮਾਏਦਾਰਾਂ, ਪੂੰਜੀਪਤੀਆਂ ਅਤੇ ਕਾਰਪੋਰੇਟਾਂ ਵੱਲ ਨਾ ਹੋ ਕੇ ਆਮ ਜਨਤਾ ਦੇ ਪੱਖ ਦਾ ਹੋਵੇ।
ਲਾਭ ਸਿੰਘ ਸ਼ੇਰਗਿੱਲ, ਸੰਗਰੂਰ
(2)
ਡਾ. ਕੇਸਰ ਸਿੰਘ ਭੰਗੂ ਦਾ ਲੇਖ ‘ਮਸਲਾ ਭਾਰਤੀ ਅਰਥਚਾਰੇ ਦੀ ਦੁਨੀਆ ਵਿਚ ਤੀਜੇ ਨੰਬਰ ਦਾ’ ਪੜ੍ਹਿਆ। ਸਹੀ ਲਿਖਿਆ ਹੈ ਕਿ ਭਾਰਤ ਭਾਵੇਂ ਕੁਲ ਘਰੇਲੂ ਪੈਦਾਵਾਰ ਦੇ ਹਿਸਾਬ ਨਾਲ ਦੁਨੀਆ ਦੇ ਪਹਿਲੇ ਸਥਾਨ ’ਤੇ ਵੀ ਆ ਜਾਵੇ ਪਰ ਇਸ ਦੇ ਕੋਈ ਮਾਇਨੇ ਨਹੀਂ ਹੋਣਗੇ ਜਦੋਂ ਤਕ ਲੋਕਾਂ ਦੀ ਪ੍ਰਤੀ ਵਿਅਕਤੀ ਆਮਦਨ ਵਿਚ ਚੋਖ਼ਾ ਵਾਧਾ ਨਹੀਂ ਹੁੰਦਾ। ਅਸਲ ਵਿਚ ਜਿਹੜੀ ਪਾਰਟੀ ਸੱਤਾ ਵਿਚ ਆ ਜਾਂਦੀ ਹੈ, ਉਹ ਆਪਣਾ ਢਿੱਡ ਭਰਨ ਨੂੰ ਪਹਿਲ ਦਿੰਦੀ ਹੈ। ਲੋੜ ਇਸ ਢਾਂਚੇ ਦੀ ਥਾਂ ਅਜਿਹਾ ਰਾਜ ਸਥਾਪਿਤ ਕਰਨ ਦੀ ਲੋੜ ਹੈ ਜਿਸ ਵਿਚ ਕਾਮਿਆਂ, ਕਿਰਤੀਆਂ, ਕਿਸਾਨਾਂ ਦਾ ਰਾਜ ਹੋਵੇ।
ਲਾਭ ਸਿੰਘ, ਬਰਨਾਲਾ
ਅਫ਼ਸੋਸ ਬਨਾਮ ਵਧਾਈਆਂ
9 ਅਗਸਤ ਦੇ ਪਰਵਾਸੀ ਪੈੜਾਂ ਅੰਕ ਵਿਚ ਕੁਲਦੀਪ ਸਿੰਘ ਦੀ ਰਚਨਾ ‘ਜਦੋਂ ਅਫ਼ਸੋਸ ਕਰਨ ਗਿਆਂ ਨੂੰ ਵਧਾਈਆਂ ਦੇਣੀਆਂ ਪਈਆਂ’ ਵਧੀਆ ਲੱਗਿਆ। ਲੇਖਕ ਨੇ ਅਮਰੀਕਨ ਲੋਕਾਂ ਦੇ ਜਿਊਣ ਢੰਗ ਨੂੰ ਬਹੁਤ ਖ਼ੂਬਸੂਰਤੀ ਨਾਲ ਪ੍ਰਗਟਾਇਆ ਹੈ। 62 ਸਾਲਾ ਔਰਤ ਦੇ ਪਤੀ ਦੀ ਮੌਤ ਹੋ ਜਾਂਦੀ ਹੈ। ਲੇਖਕ ਅਤੇ ਉਸ ਦੀ ਪਤਨੀ ਉਸੇ ਵੀਕਐਂਡ ’ਤੇ ਅਫ਼ਸੋਸ ਕਰਨ ਲਈ ਜਾਂਦੇ ਹਨ, ਅਗਾਂਹ ਉਹ ਗੋਰੀ ਆਪਣੇ ਨਵੇਂ ਪਤੀ ਨਾਲ ਮੁਲਾਕਾਤ ਕਰਵਾਉਂਦੀ ਹੈ। ਲੇਖਕ ਨੂੰ ਅਫ਼ਸੋਸ ਕਰਨ ਦੀ ਬਜਾਇ ਵਧਾਈਆਂ ਦੇਣੀਆਂ ਪੈ ਜਾਂਦੀਆਂ ਹਨ। ਅਸਲ ਵਿਚ ਅਸੀਂ ਲੋਕ ਬੀਤੇ ਉੱਤੇ ਝੂਰਨ ਵਿਚ ਜਾਂ ਭਵਿੱਖ ਦੀ ਚਿੰਤਾ ਵਿਚ ਸਾਰਾ ਜੀਵਨ ਗੁਆ ਲੈਂਦੇ ਹਾਂ ਪਰ ਉਹ ਲੋਕ ਵਰਤਮਾਨ ਵਿਚ ਜਿਊਂਦੇ ਹਨ। ਉਨ੍ਹਾਂ ਦੀ ਤਰੱਕੀ ਦਾ ਵੀ ਇਹੀ ਰਾਜ਼ ਹੈ।
ਰਤਨ ਪਾਲ ਡੂਡੀਆਂ, ਲਹਿਰਾਗਾਗਾ (ਸੰਗਰੂਰ)
ਹਾਸ਼ੀਏ ਉੱਤੇ ਗੀਤਕਾਰ
5 ਅਗਸਤ ਦੇ ਸਤਰੰਗ ਪੰਨੇ ’ਤੇ ਨਵਦੀਪ ਸਿੰਘ ਗਿੱਲ ਦਾ ਗਾਇਕ ਸੁਰਿੰਦਰ ਛਿੰਦਾ ਦੇ ਬਾਰੇ ਜਾਣਕਾਰੀ ਭਰਪੂਰ ਲੇਖ ਪੜ੍ਹਿਆ। ਇਸ ਲੇਖ ਵਿਚ ਜਿੱਥੇ ਸੁਰਿੰਦਰ ਛਿੰਦੇ ਬਾਰੇ ਕੁਝ ਨਵੀਆਂ ਗੱਲਾਂ ਵੀ ਪੜ੍ਹਨ ਨੂੰ ਮਿਲੀਆਂ ਉੱਥੇ ਇਹ ਗੱਲ ਵੀ ਰੜਕਦੀ ਰਹੀ ਕਿ ਸਾਡਾ ਲੇਖਕ ਵਰਗ ਗਾਇਕ ਕਲਾਕਾਰ ਦੀਆਂ ਪ੍ਰਾਪਤੀਆਂ ਬਾਰੇ ਤਾਂ ਖੁੱਲ੍ਹ ਕੇ ਲਿਖਦਾ ਹੈ ਪਰ ਗਾਇਕ ਦੀਆਂ ਪ੍ਰਾਪਤੀਆਂ ਪਿੱਛੇ ਮੁੱਖ ਭੂਮਿਕਾ ਨਿਭਾਉਣ ਵਾਲੇ ਗੀਤਕਾਰ ਨੂੰ ਹਾਸ਼ੀਏ ’ਤੇ ਧੱਕ ਦਿੱਤਾ ਜਾਂਦਾ ਹੈ। ਬੰਤ ਰਾਮਪੁਰੇ ਵਾਲੇ ਦਾ ਗੀਤ ‘ਜੰਨ ਚੜ੍ਹੀ ਅਮਲੀ ਦੀ’, ਗਿੱਲ ਨੱਥੋਹੇੜੀ ਵਾਲੇ ਦਾ ਗੀਤ ‘ਮੈਨੂੰ ਕਹਿੰਦਾ ਲਾਣੇਦਾਰਨੀਏ ਕਦੇ ਚਾਹ ਦੀ ਘੁੱਟ ਪਿਆਇਆ ਕਰ’ ਸੁਰਿੰਦਰ ਛਿੰਦੇ ਦੇ ਸੁਪਰਹਿੱਟ ਗੀਤਾਂ ਵਿਚੋਂ ਗਿਣੇ ਜਾਂਦੇ ਹਨ ਪਰ ਲੇਖਕ ਨੇ ਇਨ੍ਹਾਂ ਗੀਤਕਾਰਾਂ ਦਾ ਜ਼ਿਕਰ ਨਹੀਂ ਕੀਤਾ। ਇਸੇ ਤਰ੍ਹਾਂ ਗਾਮੀ ਸੰਗਤਪੁਰੀਆ ਦਾ ਗੀਤ ‘ਸੋਹਣਾ ਬੜਾ ਜਵਾਈ’, ਨੇਕ ਮਟਰਾਂ ਵਾਲੇ ਦਾ ‘ਕੀ ਇਲਾਜ ਬਣਾਈਏ’, ਮਿਹਰ ਦੁਭਾਲੀ ਵਾਲੇ ਦਾ ‘ਨਿਕਲ ਗਿਆ ਫਾਇਰ ਫੋਕਾ’, ਮੱਖਣ ਟਿੱਬੇ ਵਾਲੇ ਦਾ ‘ਦਿੱਤਾ ਭੂੰਡ ਚਮੇੜ ਵਿਚੋਲੇ ਖੰਡ ਦੀ ਬੋਰੀ ਨੂੰ’ ਹਿੱਟ ਗੀਤ ਸਨ।
ਸ ਸ ਰਮਲਾ, ਸੰਗਰੂਰ
ਰਸਦਾਇਕ ਸ਼ੈਲੀ
ਸੁਰਿੰਦਰ ਸਿੰਘ ਤੇਜ ਦੇ ਕਾਲਮ ‘ਪੜ੍ਹਦਿਆਂ-ਸੁਣਦਿਆਂ’ ਦਾ ਇੰਤਜ਼ਾਰ ਰਹਿੰਦਾ ਹੈ। ਉਹ ਭਾਵੇਂ ਕਿਸੇ ਕਿਤਾਬ ਬਾਰੇ ਗੱਲ ਕਰਨ, ਭਾਵੇਂ ਕਿਸੇ ਧਿਆਨ ਮੰਗਦੇ ਵਿਸ਼ੇ ’ਤੇ ਆਪਣੇ ਵਿਚਾਰ ਰੱਖਣ, ਉਨ੍ਹਾਂ ਦੀ ਰਸਦਾਇਕ ਸ਼ੈਲੀ ਕਾਰਨ ਰਚਨਾ ਵਿਚਲੀ ਰੌਚਿਕਤਾ ਕਮਾਲ ਦੀ ਹੁੰਦੀ ਹੈ। 22 ਜੁਲਾਈ ਨੂੰ ਸੁਪਿੰਦਰ ਸਿੰਘ ਰਾਣਾ ਦਾ ਮਿਡਲ ‘ਸੂਈ ਧਾਗਾ’ ਸੁਨਿਹਰੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਗਿਆ। ਅਜਿਹੀਆਂ ਲਿਖਤਾਂ ਨਾਲ ਕੁਰੀਤੀਆਂ ਭਰੇ ਅਜੋਕੇ ਸਮਾਜ ਨੂੰ ਦੇਖ ਆਸ ਵੀ ਬੱਝਦੀ ਹੈ ਕਿ ਜੇ ਦਿਨ ਉਹ ਨਹੀਂ ਰਹੇ ਤਾਂ ਇਹ ਵੀ ਨਹੀਂ ਰਹਿਣਗੇ। ਇਸ ਤੋਂ ਪਹਿਲਾਂ 20 ਜੁਲਾਈ ਨੂੰ ਅਮਰਜੀਤ ਸਿੰਘ ਮਾਨ ਦਾ ਮਿਡਲ ‘ਹਾੜ੍ਹ ਦਾ ਇਕ ਦਿਨ’ ਹਾਸ-ਵਿਅੰਗ ਵਿਚ ਬਹੁਤ ਕੁਝ ਕਹਿ ਗਿਆ। ਜਿੱਥੇ ਲੇਖਕ ਨੇ ਕਿਸਾਨੀ ਜੀਵਨ ਦੇ ਰੁਝੇਵਿਆਂ ਦੀ ਤਸਵੀਰ ਖਿੱਚੀ, ਉੱਥੇ ਸਿੱਖਿਆ ਨੂੰ ਤਰਜੀਹ ਦੇਣ ਦੀ ਗੱਲ ਵੀ ਆਖੀ। ਅਜੋਕੇ ਸਮੇਂ ਵਿਚ ਖੇਤੀ ਬਹੁਤ ਧਿਆਨ ਮੰਗਦੀ ਹੈ। ਹੱਥੀਂ ਕੰਮ ਕਰਨ ਵਾਲੇ ਕਿਸਾਨ ਦੀ ਹਾਲਤ ਤਾਂ ਇਹ ਹੈ ਕਿ ਉਹ ਖੇਤ ਤੋਂ ਦੂਰ ਹੋ ਕੇ ਵੀ ਦਿਮਾਗੀ ਤੌਰ ’ਤੇ ਖੇਤ ਵਿਚ ਉਲਝਿਆ ਰਹਿੰਦਾ ਹੈ। ਸਮੇਂ ਨਾਲ ਭਾਵੇਂ ਕਿਸਾਨੀ ਵਿਕਸਤ ਹੋ ਗਈ ਹੈ, ਬਹੁਤ ਵੱਡੇ ਵੱਡੇ ਖੇਤੀ ਦੇ ਸੰਦ ਅਤੇ ਤਾਕਤਵਰ ਟਰੈਕਟਰ ਤੇ ਮਸ਼ੀਨਾਂ ਵੀ ਆ ਗਈਆਂ ਹਨ ਪਰ ਕਿਸਾਨ ਦੀ ਕਿਸਮਤ ਅੱਜ ਵੀ ਕੁਦਰਤ ਦੇ ਹੱਥ ਹੀ ਹੈ।
ਜੀਤ ਹਰਜੀਤ, ਸੰਗਰੂਰ
ਹਕੂਮਤ ਦਾ ਧੱਕਾ
10 ਅਗਸਤ ਦਾ ਸੰਪਾਦਕੀ ‘ਜਮਹੂਰੀਅਤ ਦੀ ਮਜ਼ਬੂਤੀ ਲਈ ਯਤਨ’ ਤਾਨਾਸ਼ਾਹ ਹਕੂਮਤ ਦਾ ਧੱਕਾ ਹੀ ਹੈ। ਨਾ ਸਿਰਫ਼ ਡਾ. ਬੀਆਰ ਅੰਬੇਦਕਰ ਦੇ ਰਿਸ਼ਤੇਦਾਰ ਅਨੰਦ ਤੈਲਤੁੰਬੜੇ ਜੇਲ੍ਹ ਵਿਚ ਹਨ ਸਗੋਂ ਹੋਰ ਵੀ ਬਹੁਤ ਸਾਰੇ (ਲਗਭਗ 15) ਸਮਾਜਿਕ ਕਾਰਕੁਨ ਲੰਮੇ ਸਮੇਂ ਤੋਂ ਜੇਲ੍ਹਾਂ ਵਿਚ ਡੱਕੇ ਦਿੱਤੇ ਗਏ ਹਨ। ਉਹ ਗ਼ਰੀਬ ਆਦਿਵਾਸੀ ਲੋਕਾਂ ਦੀ ਗੱਲ ਕਰਦੇ ਸਨ। ਹੁਣ ਇਨ੍ਹਾਂ ਦੀ ਕੋਈ ਖ਼ਬਰ ਵੀ ਬਾਹਰ ਨਹੀਂ ਆਉਣ ਦਿੱਤੀ ਜਾ ਰਹੀ। ਇਹ ਵੀ ਤਾਂ ਧੱਕਾ ਹੀ ਹੈ ਜੋ ਮਹਾਤਮਾ ਗਾਂਧੀ ਦੇ ਪੜਪੋਤੇ ਨੂੰ ਸ਼ਾਂਤੀ ਯਾਤਰਾ ਵਿਚ ਹਿੱਸਾ ਲੈਣ ਤੋਂ ਰੋਕਿਆ ਗਿਆ ਪਰ ਤਾਨਾਸ਼ਾਹ ਹਕੂਮਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਨਿਆਪਾਲਿਕਾ, ਵਿਰੋਧੀ ਧਿਰ, ਸਮਾਜਿਕ ਕਾਰਕੁਨ, ਲੇਖਕ ਅਤੇ ਸੁਚੇਤ ਨਾਗਰਿਕ ਜਮਹੂਰੀਅਤ ਦੀ ਵੱਡੀ ਤਾਕਤ ਹੁੰਦੇ ਹਨ।
ਸੁਖਪਾਲ ਕੌਰ, ਚੰਡੀਗੜ੍ਹ