ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਾਕ ਐਤਵਾਰ ਦੀ

04:08 AM May 04, 2025 IST
featuredImage featuredImage

ਸੱਚ ਸਾਹਮਣੇ ਲਿਆਂਦਾ ਜਾਵੇ

ਐਤਵਾਰ, 27 ਅਪਰੈਲ ਨੂੰ ‘ਸੋਚ ਸੰਗਤ’ ਪੰਨੇ ’ਤੇ ਅਰਵਿੰਦਰ ਜੌਹਲ ਦਾ ਲੇਖ ‘ਨਜ਼ਾਕਤ ਭਾਈ! ਮੇਰੀ ਦੁਨੀਆ ਤੁਸੀਂ ਬਚਾ ਲਈ...’ ਪੜ੍ਹ ਕੇ ਮਨ ਰੋ ਪਿਆ। ਇੰਜ ਲੱਗਿਆ ਜਿਵੇਂ ਕੁਝ ਕਹਿਣ ਲਈ ਸ਼ਬਦ ਹੀ ਮੁੱਕ ਗਏ ਹੋਣ। 25 ਅਤੇ 26 ਅਪਰੈਲ ਦੇ ਅਖ਼ਬਾਰਾਂ ਵਿੱਚ ਮਰਨ ਵਾਲੇ ਨਿਰਦੋਸ਼ ਅਤੇ ਨਿਹੱਥੇ ਸੈਲਾਨੀਆਂ ਦੀਆਂ ਤਸਵੀਰਾਂ ਵੇਖ ਕੇ ਮਨ ਪਹਿਲਾਂ ਹੀ ਪ੍ਰੇਸ਼ਾਨ ਸੀ ਪਰ ਇਸ ਲੇਖ ਵਿੱਚ ਛਪੀ ਨਵੇਂ ਵਿਆਹੇ ਜੋੜੇ ਦੀ ਤਸਵੀਰ ਵੇਖ ਕੇ ਤਾਂ ਰੋਕੇ ਹੋਏ ਹੰਝੂਆਂ ਦਾ ਹੜ੍ਹ ਵਹਿ ਤੁਰਿਆ। ਮਨ ਸੋਚਣ ਲਈ ਮਜਬੂਰ ਹੋ ਗਿਆ ਕਿ ਇਨ੍ਹਾਂ ਸਾਰਿਆਂ ਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ? ਪਤੀ ਦੀ ਲਾਸ਼ ਕੋਲ ਬੈਠੀ ਬਦਹਵਾਸ ਪਤਨੀ ਨੇ ਅਜਿਹੇ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ ਹੋਵੇਗਾ? ਉਸ ਦੀਆਂ ਖ਼ਾਮੋਸ਼ ਅੱਖਾਂ ਵਿੱਚ ਹਜ਼ਾਰਾਂ ਅਣਕਹੇ ਸਵਾਲ ਸਨ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਸੀ। ਧਰਮ ਪੁੱਛ-ਪੁੱਛ ਕੇ 26 ਬੰਦਿਆਂ ਦੇ ਕਤਲ ਅਤਿਅੰਤ ਘਿਨਾਉਣਾ ਕੰਮ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਬਹੁਤ ਘੱਟ ਹੈ। ਇਹ 26 ਪਰਿਵਾਰਾਂ ਦਾ ਕਤਲ ਹੈ। ਪਰ ਬਾਅਦ ਵਿੱਚ 11 ਸੈਲਾਨੀਆਂ ਨੂੰ ਬਚਾਉਣ ਵਾਲੇ ਨਜ਼ਾਕਤ ਅਲੀ ਬਾਰੇ ਪੜ੍ਹਿਆ ਤਾਂ ਮਨ ਨੂੰ ਥੋੜ੍ਹਾ ਸਕੂਨ ਮਿਲਿਆ। ਆਦਿਲ ਹੁਸੈਨ ਨੇ ਤਾਂ ਹਿੰਦੂ ਸੈਲਾਨੀਆਂ ਨੂੰ ਬਚਾਉਣ ਲਈ ਆਪਣੀ ਜਾਨ ਹੀ ਕੁਰਬਾਨ ਕਰ ਦਿੱਤੀ। ਮਾਪਿਆਂ ਦੇ ਪੁੱਤਰ ਨੂੰ ਸਲਾਮ ਹੈ। ਜਦੋਂ ਵੀ ਦਹਿਸ਼ਤਗਰਦਾਂ ਦੀ ਇਸ ਘਿਨਾਉਣੀ ਹਰਕਤ ਦਾ ਜ਼ਿਕਰ ਹੋਵੇਗਾ, ਦੋਹਾਂ ਨੂੰ ਮਾਣ ਨਾਲ ਯਾਦ ਕੀਤਾ ਜਾਵੇਗਾ। ਇਸ ਕਤਲੇਆਮ ’ਤੇ ਕੀਤੀ ਜਾ ਰਹੀ ਸਿਆਸਤ ਅਤੇ ਕਸ਼ਮੀਰੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣਾ ਨਿੰਦਣਯੋਗ ਹੈ। ਨੀਰਜ ਚੋਪੜਾ ਵਰਗੇ ਖਿਡਾਰੀ ਨੇ ਦੇਸ਼ ਨੂੰ ਅਨੇਕਾਂ ਮਾਣ ਸਨਮਾਨ ਦਿਵਾਏ, ਉਸ ਦੀ ਪਾਕ-ਪਵਿੱਤਰ ਦੋਸਤੀ ਨੂੰ ਵੀ ਬਖ਼ਸ਼ਿਆ ਨਹੀਂ ਗਿਆ। ਇਹ ਬਹੁਤ ਗੰਭੀਰ ਗਲਤੀ ਹੈ। ਦੋਸ਼ੀਆਂ ਨੂੰ ਬਣਦੀਆਂ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ ਪਰ ਉਨ੍ਹਾਂ ਦੇ ਬੇਕਸੂਰ ਪਰਿਵਾਰਾਂ ਨੂੰ ਉਜਾੜਨਾ ਕਿੱਥੋਂ ਦਾ ਇਨਸਾਫ਼ ਹੈ? ਨਿਰਦੋਸ਼ ਕਸ਼ਮੀਰੀ ਤਾਂ ਦੋਵੇਂ ਪਾਸੇ ਪਿਸ ਰਹੇ ਹਨ। ਉਨ੍ਹਾਂ ਦੇ ਮਨ ਦੀ ਨਾ ਸੁਣ ਕੇ ਉਨ੍ਹਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਉਣਾ ਖ਼ਤਰਨਾਕ ਹੋ ਸਕਦਾ ਹੈ। ਏਨਾ ਵੱਡਾ ਗੁਨਾਹ ਕਰਨ ਵਾਲੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕਾਤਲ ਕਿੱਥੋਂ ਆਏ, ਕਿਸ ਨੇ ਭੇਜੇ ਅਤੇ ਕਿੱਧਰ ਚਲੇ ਗਏ? ਇਸ ਤੋਂ ਵੀ ਕਮਾਲ ਦੀ ਗੱਲ ਇਹ ਹੈ ਕਿ ਕਸ਼ਮੀਰ ਜਿੱਥੇ ਚੱਪੇ-ਚੱਪੇ ’ਤੇ ਸੁਰੱਖਿਆ ਬਲ ਬੈਠੇ ਹੋਣ, ਕੈਮਰੇ ਲੱਗੇ ਹੋਣ, ਖ਼ੁਫ਼ੀਆ ਤੰਤਰ ਦਾ ਜਾਲ ਵਿਛਿਆ ਹੋਵੇ, ਹਰ ਆਉਣ ਜਾਣ ਵਾਲੇ ਨੂੰ ਪੈਨੀ ਨਜ਼ਰ ਨਾਲ ਵੇਖਿਆ ਜਾਂਦਾ ਹੋਵੇ, ਉੱਥੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਾ, ਕਿਵੇਂ ਸੰਭਵ ਹੋ ਸਕਦਾ ਹੈ? ਇਸ ਸਬੰਧੀ ਸਚਾਈ ਬਾਹਰ ਆਉਣੀ ਚਾਹੀਦੀ ਹੈ। ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਕੌਣ ਲੋਕ ਹਨ ਜੋ ਸਾਡੀ ਏਕਤਾ ਤੇ ਅਖੰਡਤਾ ਨੂੰ ਢਾਹ ਲਾਉਣੀ ਅਤੇ ਸਾਡੀਆਂ ਸਦੀਆਂ ਪੁਰਾਣੀਆਂ ਸਾਂਝਾਂ ਨੂੰ ਲੀਰੋ-ਲੀਰ ਕਰਨਾ ਚਾਹੁੰਦੇ ਹਨ? ਸੱਚ ਸਾਹਮਣੇ ਆਉਣਾ ਚਾਹੀਦਾ ਹੈ ਪਰ ਸਾਨੂੰ ਸਾਰਿਆਂ ਨੂੰ ਸਬਰ ਅਤੇ ਸ਼ਾਂਤੀ ਤੋਂ ਕੰਮ ਲੈਣਾ ਪਵੇਗਾ। ਜੇ ਬੁਖਲਾਹਟ ਵਿੱਚ ਆ ਕੇ ਅਸੀਂ ਕੋਈ ਵੀ ਗ਼ਲਤ ਕਦਮ ਚੁੱਕਦੇ ਹਾਂ ਤਾਂ ਇਹ ਉਨ੍ਹਾਂ ਲੋਕਾਂ ਦੇ ਮਾੜੇ ਮਨਸੂਬਿਆਂ ਅਤੇ ਇਰਾਦਿਆਂ ਨੂੰ ਕਾਮਯਾਬ ਕਰਨ ਵਿੱਚ ਹੀ ਮਦਦ ਕਰੇਗਾ ਅਤੇ ਸਾਡੀ ਬੱਜਰ ਗ਼ਲਤੀ ਹੋਵੇਗੀ।
ਡਾ. ਤਰਲੋਚਨ ਕੌਰ, ਪਟਿਆਲਾ

Advertisement

ਤਾਕਤ ਦਾ ਨਸ਼ਾ ਖ਼ਤਰਨਾਕ

ਐਤਵਾਰ 6 ਅਪਰੈਲ ਨੂੰ ਸੋਚ ਸੰਗਤ ’ਚ ਛਪਿਆ ਲੇਖ ‘ਢਹਿ ਢੇਰੀ ਹੋਏ ਘਰ ਤੇ ਗੁਆਚਿਆ ਨਿਆਂ’ ਉਨ੍ਹਾਂ ਸਮਿਆਂ ਦੀ ਪੂਰੀ ਅਤੇ ਫਿਰ ਲੁਕਵੀਂ ਥਾਂ ’ਤੇ ਗੱਲ ਕਰ ਗਿਆ। ਸਾਡੇ ਭਾਰਤ ਵਿੱਚ ਭਾਵੇਂ ਲੋਕਤੰਤਰੀ ਪ੍ਰਕਿਰਿਆ ਰਾਹੀਂ ਸਰਕਾਰਾਂ ਹੋਂਦ ਵਿੱਚ ਆਉਂਦੀਆਂ ਹਨ ਤਾਂ ਵੀ ਹਾਕਮ ‘ਬਦਲੇ ਬਦਲੇ ਸੇ ਲਗਤੇ ਹੈਂ’ ਦਿਸਣ ਲੱਗ ਪੈਂਦੇ ਹਨ। ਇਸ ਤੋਂ ਵੀ ਅੱਗੇ ਜਾਈਏ ਤਾਂ ਸਰਕਾਰ ਦੇ ਗਠਨ ਵਾਲੇ ਦਿਨ ਤੋਂ ਪਹਿਲਾਂ ਹੀ ਬਹੁਮੱਤ ਵਾਲੀ ਪਾਰਟੀ ਨੂੰ ਹਾਕਮ ਬਣਨ ਦਾ ਨਸ਼ਾ ਸਿਰ ਚੜ੍ਹ ਕੇ ਬੋਲਣ ਲੱਗਦਾ ਹੈ। ਪਾਰਟੀ ਦੇ ਨੇਤਾ ਇਹ ਵਿਸਾਰ ਬੈਠਦੇ ਹਨ ਕਿ ਉਨ੍ਹਾਂ ਨੂੰ ਲੋਕਾਂ ਦੁਆਰਾ, ਲੋਕਾਂ ਵਾਸਤੇ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਦਾ ਫ਼ਤਵਾ ਦਿੱਤਾ ਗਿਆ ਹੈ। ਦੇਸ਼ ਦਾ ਸੰਵਿਧਾਨ ਲਾਗੂ ਹੋਣ ਨਾਲ ਸਰਕਾਰ ਦੇ ਤਿੰਨ ਅੰਗ ਬਣਾਏ ਗਏ ਸਨ। ਵਿਧਾਨਪਾਲਿਕਾ ਦੁਆਰਾ ਕਾਨੂੰਨ ਅਨੁਸਾਰ ਸਰਕਾਰ ਦੀ ਕਾਰਜ ਵਿਧੀ ਨਿਰਧਾਰਤ ਕੀਤੀ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਅਨੁਸਾਰ ਚੱਲਣ ਲਈ ਸਮਝ ਦਿੱਤੀ ਜਾਂਦੀ ਹੈ। ਇਸ ਕਾਰਜ ਵਿਧੀ ਨੂੰ ਕਾਇਦੇ ਕਾਨੂੰਨ ਵਿੱਚ ਰਹਿੰਦਿਆਂ ਕਾਰਜਕਾਰਣੀ ਨੇ ਲਾਗੂ ਕਰਨਾ ਹੁੰਦਾ ਹੈ ਅਤੇ ਲੋੜ ਪੈਣ ’ਤੇ ਨਿਆਂਪਾਲਿਕਾ ਨੇ ਕਾਨੂੰਨ ਦੀ ਵਿਆਖਿਆ ਕਰਨੀ ਹੁੰਦੀ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਸਾਡੇ ਸਿਆਸਤਦਾਨਾਂ ਨੇ ਇਸ ਸੰਵਿਧਾਨਕ ਪ੍ਰਕਿਰਿਆ ਦੀ ਆਪਣੇ ਅਨੁਸਾਰ ‘ਸੰਵਿਧਾਨ ਨੂੰ ਮੋਮ ਦਾ ਨੱਕ’ ਵਰਗਾ ਕਾਨੂੰਨ ਕਹਿੰਦਿਆਂ ਵਿਆਖਿਆ ਕਰ ਲਈ। ਹਕੂਮਤ ਦਾ ਨਸ਼ਾ ਇਨ੍ਹਾਂ ਨੂੰ ਲੋਕਾਂ ਦੇ ਨੁਮਾਇੰਦੇ ਰਹਿਣ ਹੀ ਨਹੀਂ ਦਿੰਦਾ। ਇਸੇ ਕਰਕੇ ਉਨ੍ਹਾਂ ਵਿੱਚ ਅੰਗਰੇਜ਼ਾਂ ਦੇ ਵੀ ਆਉਣ ਤੋਂ ਪਹਿਲਾਂ ਵਾਲੇ ਰਾਜਿਆਂ, ਮਹਾਰਾਜਿਆਂ ਦੀ ਰੂਹ ਪ੍ਰਵੇਸ਼ ਕਰ ਚੁੱਕੀ ਜਾਪਦੀ ਹੈ। ਸੰਵਿਧਾਨ ਅਨੁਸਾਰ ਨਾ ਵਿਚਰਨ ਵਾਲੇ ਵਿਅਕਤੀ ਨੂੰ ਪੁਲੀਸ ਫੜਦੀ ਹੈ ਅਤੇ ਅਪਰਾਧ ਸਾਬਤ ਹੋਣ ਦੀ ਹਾਲਤ ਵਿੱਚ ਕਾਨੂੰਨ ਅਨੁਸਾਰ ਉਸ ਵਿਅਕਤੀ ਨਾਲ ਵਿਹਾਰ ਕੀਤਾ ਜਾਂਦਾ ਹੈ। ਪਰ ਬੁਲਡੋਜ਼ਰ ਚਲਾ ਕੇ ਤਾਂ ਮੁਲਜ਼ਮ ਨੂੰ ਦੋਸ਼ੀ ਮੰਨਦਿਆਂ, ਦੋਸ਼ ਸਾਬਤ ਹੋਣ ਤੋਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਜਾਂਦੀ ਹੈ। ਚਾਹੇ ਉੱਤਰ ਪ੍ਰਦੇਸ਼ ਹੋਵੇ ਤੇ ਚਾਹੇ ਪੰਜਾਬ। ਘਰ, ਮਕਾਨ, ਜਾਇਦਾਦ ਭਾਵੇਂ ਅਪਰਾਧੀ ਨੇ ਬਣਾਏ ਹੋਣ, ਪਰ ਇਸ ਵਿੱਚ ਰਹਿਣ ਵਾਲੇ ਮਾਸੂਮ ਵੀ ਹੁੰਦੇ ਹਨ, ਅਬਲਾ ਵੀ ਹੁੰਦੀਆਂ ਹਨ ਤੇ ਬੇਜ਼ੁਬਾਨ ਵੀ ਇੱਥੇ ਹੀ ਰਹਿੰਦੇ ਹਨ। ਦਰਅਸਲ, ਰਾਣੀ ਨੂੰ ਅੱਗਾ ਢਕਣ ਲਈ ਆਖਣ ਵਾਲਾ ਤਾਂ ਸ਼ਾਇਦ ਕੋਈ ਜੰਮਿਆ ਹੀ ਨਹੀਂ ਹੁੰਦਾ। ਨੇਤਾ ਭੁੱਲ ਜਾਂਦੇ ਹਨ ਕਿ ਤਾਕਤ ਦਾ ਨਸ਼ਾ ਬੜੀ ਵਾਰੀ ਅਜਿਹਾ ਧਰਤੀ ’ਤੇ ਪਟਕਾ ਮਾਰਦਾ ਹੈ ਕਿ ਵੱਡੇ ਤਾਕਤਵਰ ਬੰਦਿਆਂ ਨੂੰ ਵੀ ਕਿਤੇ ਹੋਰ ਸ਼ਰਨ ਲੈਣੀ ਪੈਂਦੀ ਹੈ।
ਗੁਰਦੀਪ ਢੁੱਡੀ, ਫ਼ਰੀਦਕੋਟ

ਗੁਆਚਿਆ ਨਿਆਂ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਪ੍ਰਯਾਗਰਾਜ ਵਿੱਚ ਘਰ ਢਾਹੁਣ ਕਾਰਨ ਬੁਲਡੋਜ਼ਰ ਬਾਬਾ ਅਖਵਾਉਣਾ ਸ਼ਰਮਨਾਕ ਗੱਲ ਹੈ ਜਦੋਂਕਿ ਬੁਲਡੋਜ਼ਰ ਅਪਰੇਟਰ ਨੂੰ ਤਰਲੇ ਪਾਉਂਦੀਆਂ ਮਾਵਾਂ, ਬੇਵੱਸ ਬਜ਼ੁਰਗ ਅਤੇ ਡਰੇ ਸਹਿਮੇ ਬੱਚਿਆਂ ਦੇ ਸਿਰਾਂ ਉੱਤੋਂ ਛੱਤ ਖੁੱਸਣ ਦਾ ਖ਼ਿਆਲ ਹੀ ਉਸ ਦਾ ਤਰਾਹ ਕੱਢ ਦਿੰਦਾ ਹੈ। ਬੁਲਡੋਜ਼ਰ ਅਪਰੇਟਰ ਨੂੰ ਵੀ ਨੌਕਰੀ ਦੀ ਮਜਬੂਰੀਵੱਸ ਅਜਿਹਾ ਕਰਨਾ ਪੈਂਦਾ ਹੋਵੇਗਾ। ਪੰਜਾਬ ਵਿੱਚ ਨਸ਼ਿਆਂ ਦੇ ਸੌਦਾਗਰਾਂ ਨੂੰ ਸਖ਼ਤ ਸਜ਼ਾ ਤਾਂ ਜ਼ਰੂਰ ਦੇਣੀ ਬਣਦੀ ਹੈ, ਪਰ ਉਨ੍ਹਾਂ ਦੇ ਘਰ ਢਾਹੁਣ ਨਾਲ ਉਨ੍ਹਾਂ ਦੇ ਬੇਕਸੂਰ ਬੱਚਿਆਂ ਨੂੰ ਵੀ ਬਰਾਬਰ ਦੀ ਸਜ਼ਾ ਦੇਣ ਅਤੇ ਘਰ ਬਣਾਉਣ ਲਈ ਵਰਤੀ ਸਮੱਗਰੀ ਬਰਬਾਦ ਕਰਨ ਨਾਲੋਂ ਚੰਗਾ ਬਦਲ ਸਬੰਧਿਤ ਇਮਾਰਤ ਨੂੰ ਲਾਇਬ੍ਰੇਰੀ, ਧਰਮਸ਼ਾਲਾ ਜਾਂ ਯਤੀਮਖਾਨਾ ਬਣਾ ਦੇਣਾ ਹੋਵੇਗਾ।

Advertisement

ਪ੍ਰਿੰ. ਗੁਰਮੁਖ ਸਿੰਘ ਪੋਹੀੜ, ਲੁਧਿਆਣਾ

Advertisement