ਪਾਠਕਾਂ ਦੇ ਖ਼ਤ
ਪੜ੍ਹਦਿਆਂ-ਸੁਣਦਿਆਂ
ਪੜ੍ਹਦਿਆਂ-ਸੁਣਦਿਆਂ ਕਾਲਮ ਤਹਿਤ ਸੁਰਿੰਦਰ ਸਿੰਘ ਤੇਜ ਨੇ ਹੁਣ ਤਕ ਜਿਹੜੀਆਂ ਵੀ ਕਿਤਾਬਾਂ ਦੀ ਗੱਲ ਕੀਤੀ ਹੈ, ਉਨ੍ਹਾਂ ਵਿਚੋਂ ਜਿੰਨੀਆਂ ਵੀ ਪੜ੍ਹੀਆਂ, ਉਹ ਪੜ੍ਹ ਕੇ ਕੋਈ ਪਛਤਾਵਾ ਨਹੀਂ ਹੋਇਆ ਅਤੇ ਨਾ ਹੀ ਇਨ੍ਹਾਂ ’ਤੇ ਲੱਗੇ ਪੈਸਿਆਂ ਦਾ ਝੋਰਾ ਲੱਗਿਆ। 24 ਜੁਲਾਈ ਦੇ ਅੰਕ ਵਿਚ ਜਿਸ ਤਰ੍ਹਾਂ ਉਨ੍ਹਾਂ ਕਿਸ਼ੋਰ ਕੁਮਾਰ ਬਾਰੇ ਕਿਤਾਬ ‘ਕਿਸ਼ੋਰ ਕੁਮਾਰ: ਦਿ ਅਲਟੀਮੇਟ ਬਾਇਗ੍ਰੈਫੀ’ ਬਾਰੇ ਲਿਖਿਆ ਹੈ, ਪੜ੍ਹ ਕੇ ਅਹਿਸਾਸ ਹੋਇਆ ਕਿ ਇਹ ਕਿਤਾਬ ਕਿੰਨੀ ਸ਼ਿੱਦਤ ਅਤੇ ਦਿਲਚਸਪੀ ਨਾਲ ਪੜ੍ਹੀ ਗਈ ਹੋਵੇਗੀ। ਬਿਨਾ ਸ਼ੱਕ ਕਿਸ਼ੋਰ ਕੁਮਾਰ ਵੱਡੇ ਕਲਾਕਾਰ, ਗਾਇਕ ਸਨ। ਉਨ੍ਹਾਂ ਦੀ ਜ਼ਿੰਦਗੀ ਅਤੇ ਸੰਘਰਸ਼ ਬਾਰੇ ਜਾਣਕਾਰੀ ਦੇਣ ਵਾਲੀ ਇਹ ਕਿਤਾਬ ਪੜ੍ਹਨਯੋਗ ਅਤੇ ਸਾਂਭਣਯੋਗ ਹੋਵੇਗੀ।
ਰਮਿੰਦਰਪਾਲ ਸਿੰਘ ਢਿੱਲੋਂ, ਪਿੰਡ ਗੁਰੂਸਰ (ਫਰੀਦਕੋਟ)
ਮਹੰਤ ਸੁੰਦਰ ਦਾਸ ਦੇ ਕਾਲੇ ਲੇਖ
9 ਅਗਸਤ ਦੇ ਵਿਰਾਸਤ ਅੰਕ ’ਚ ਸੁਖਵਿੰਦਰ ਸਿੰਘ ਮੁੱਲਾਂਪੁਰ ਦਾ ਲੇਖ ‘ਗੁਰੂ ਕਾ ਬਾਗ਼ ਦਾ ਮੋਰਚਾ’ ਜਾਣਕਾਰੀ ਭਰਪੂਰ ਸੀ। ਜ਼ਿਕਰਯੋਗ ਹੈ ਕਿ ਮਹੰਤ ’ਤੇ ਚੱਲ ਰਹੇ ਕੇਸ ਦੇ ਮੌਕੇ ਦੇ ਗਵਾਹ ਜ਼ੈਲਦਾਰ ਹਰਨਾਮ ਸਿੰਘ ਦੀ ਗਵਾਹੀ ਅਨੁਸਾਰ ਮਹੰਤ ਨੇ ਦੋ ਰਖੇਲਾਂ ਰੱਖੀਆਂ ਹੋਈਆਂ ਸਨ। ਉਸ ਦੇ ਹੋਰ ਬਦਨਾਮ ਔਰਤਾਂ ਨਾਲ ਵੀ ਸਬੰਧ ਸਨ।
ਕੁਲਦੀਪ ਸਿੰਘ, ਯੂਨੀਅਨ ਸਿਟੀ, ਕੈਲੀਫੋਰਨੀਆ (ਅਮਰੀਕਾ)
ਤੜਫਾਉਣ ਵਾਲਾ ਵਿਅੰਗ
7 ਅਗਸਤ ਨੂੰ ਦਿਲ ਜਲਾ ਦੇਣ ਵਾਲਾ ਵਿਅੰਗ ਨਜ਼ਰ ਆਇਆ। ਪੰਨਾ ਪੰਜ ਉੱਤੇ ਸੁਰਖ਼ੀ ਸੀ: ‘ਅਰਥਚਾਰੇ ਵਿਚ ਵੱਡਾ ਯੋਗਦਾਨ ਪਾ ਸਕਦੀਆਂ ਹਨ ਔਰਤਾਂ-ਮੁਰਮੂ’ ਅਤੇ ਪਹਿਲੀ ਪੰਨੇ ਉੱਤੇ ਤਸਵੀਰ ਸੀ ਦਿੱਲੀ ਦੇ ਜੰਤਰ-ਮੰਤਰ ਤੇ ਮਨੀਪੁਰ ਦੀ ਦਿਲ ਹਿਲਾ ਦੇਣ ਵਾਲੀ ਕਰੂਰਤਾ ਖ਼ਿਲਾਫ਼ ਧਰਨਾ ਦੇ ਰਹੀਆਂ ਔਰਤਾਂ ਦੀ। ਕੀ ਸਰਕਾਰ ਔਰਤਾਂ ’ਤੇ ਹੋਏ ਜ਼ੁਲਮਾਂ ਤੋਂ ਅੱਖਾਂ ਮੀਟੀ ਬੈਠੀ ਹੈ? ਸਿਰਫ਼ ਮਨੀਪੁਰ ਹੀ ਕਿਉਂ, ਪੂਰੇ ਦੇਸ਼ ਵਿਚ ਔਰਤਾਂ ਪ੍ਰਤੀ ਜਿਸ ਤਰ੍ਹਾਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ, ਉਸ ਤੋਂ ਬਾਅਦ ਉਹ ਅਰਥਚਾਰੇ ਵਿਚ ਕੋਈ ਯੋਗਦਾਨ ਦੇਣ ਦੇ ਕਾਬਲ ਰਹਿ ਜਾਣਗੀਆਂ? ਕੀ ਆਪਣੀਆਂ ਧੀਆਂ ਭੈਣਾਂ ਪ੍ਰਤੀ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ? ਇੰਨੇ ਘਿਨਾਉਣੇ ਵਿਹਾਰ ਅਤੇ ਸ਼ਰੇਆਮ ਨਗਨ ਜਲੂਸਾਂ ਤੋਂ ਬਾਅਦ ਉਹ ਅਜਿਹੇ ਮੁਲਕ ਦੇ ਅਰਥਚਾਰੇ ਵਿਚ ਯੋਗਦਾਨ ਪਾਉਣ ਲਈ ਕਿਸ ਤਰ੍ਹਾਂ ਸੋਚ ਸਕਣਗੀਆਂ?
ਡਾ. ਤਰਲੋਚਨ ਕੌਰ, ਪਟਿਆਲਾ
ਵਿੱਦਿਆ ਦਾ ਲੰਗਰ
7 ਅਗਸਤ ਦੇ ਪੰਨਾ ਦੋ ਉੱਤੇ ਖ਼ਬਰ ਪੜ੍ਹੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਦਿਆ ਦਾ ਲੰਗਰ ਸ਼ੁਰੂ ਕਰ ਰਹੀ ਹੈ। ਫ਼ੈਸਲਾ ਸਮੇਂ ਦੀ ਲੋੜ ਮੁਤਾਬਿਕ ਹੈ। ਅੱਜ ਪੰਜਾਬ ਵਿਚ ਬਹੁਤ ਸਾਰੇ ਪਰਿਵਾਰ ਆਰਥਿਕ ਪੱਖੋਂ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ। ਉਨ੍ਹਾਂ ਦੇ ਬੱਚਿਆਂ ਲਈ ਵਿੱਦਿਆ ਜਾਰੀ ਰੱਖਣ ਲਈ ਸਹਾਇਤਾ ਦੀ ਬੇਹੱਦ ਲੋੜ ਹੈ। ਸ਼੍ਰੋਮਣੀ ਕਮੇਟੀ ਅਤੇ ਸਥਾਨਕ ਗੁਰਦੁਆਰਾ ਕਮੇਟੀਆਂ ਨੂੰ ਅਜਿਹੇ ਬੱਚਿਆਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਨਾਲ ਦੀ ਨਾਲ ਪਿੰਡਾਂ ਵਿਚ ਵਿੱਦਿਅਕ ਮਾਹੌਲ ਉਸਾਰਨ ਦੀ ਲੋੜ ਹੈ। ਜੇਕਰ ਸ਼੍ਰੋਮਣੀ ਕਮੇਟੀ ਪਿੰਡਾਂ ਵਿਚ ਸਪੀਕਰਾਂ ਬਾਰੇ ਜਾਰੀ ਹਦਾਇਤਾਂ ਹੀ ਲਾਗੂ ਕਰਵਾ ਦੇਵੇ ਤਾਂ ਇਹ ਵੱਡਾ ਉਪਕਾਰ ਹੋਵੇਗਾ। ਇਹ ਵੀ ਵਿੱਦਿਆ ਦਾ ਲੰਗਰ ਹੀ ਹੋਵੇਗਾ।
ਈਸ਼ਰ ਸਿੰਘ, ਥਲੀ ਕਲਾਂ (ਰੂਪਨਗਰ)
ਔਰਤਾਂ ਨਾਲ ਵਧੀਕੀ
4 ਅਗਸਤ ਨੂੰ ਸੀ ਉਦੇ ਭਾਸਕਰ ਦਾ ਲੇਖ ‘ਮਨੀਪੁਰ ਵਿਚ ਅਮਨ ਬਹਾਲੀ ਦੇ ਬਦਲ’ ਪੜ੍ਹਿਆ। ਲੇਖਕ ਨੇ ਸਾਰੇ ਪੱਖਾਂ ਦਾ ਬਿਆਨ ਬੜੀ ਦਲੇਰੀ ਨਾਲ ਕੀਤਾ ਹੈ। ਮਨੀਪੁਰ ਵਿਚ ਦੋ ਕਬੀਲਿਆਂ ਦੀ ਆਪਸੀ ਲੜਾਈ ਵਿਚ ਔਰਤਾਂ ਨੂੰ ਬੇਪੱਤ ਕੀਤਾ ਗਿਆ। ਦੋ ਧਿਰਾਂ, ਦੋ ਕਬੀਲਿਆਂ, ਦੋ ਮਜ਼ਹਬਾਂ ਵਿਚ ਵਿਚਾਰਾਂ ਦਾ ਵਖਰੇਵਾਂ ਹੋ ਸਕਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਸ ਨੂੰ ਇਸ ਪੱਧਰ ’ਤੇ ਲੈ ਜਾਉ ਕਿ ਇਨਸਾਨੀਅਤ ਦਾ ਸਿਰ ਸ਼ਰਮ ਨਾਲ ਝੁਕ ਜਾਵੇ। ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ।
ਲਾਭ ਸਿੰਘ ਸ਼ੇਰਗਿੱਲ, ਸੰਗਰੂਰ
ਖ਼ਤਰੇ ਦੀ ਘੰਟੀ
ਦਿੱਲੀ ਦੇ ਸਰਕਾਰੀ ਅਧਿਕਾਰੀਆਂ ਦੀ ਤਾਇਨਾਤੀ ਅਤੇ ਬਦਲੀ ਕਰਨ ਦੇ ਅਧਿਕਾਰ ਮੁੱਖ ਮੰਤਰੀ ਤੋਂ ਖੋਹ ਕੇ ਉਪ ਰਾਜਪਾਲ ਹਵਾਲੇ ਕਰਨਾ ਲੋਕਤੰਤਰ ਲਈ ਸੱਚਮੁੱਚ ਖ਼ਤਰੇ ਦੀ ਘੰਟੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਦਾਅਵਾ ਹੈ ਕਿ ਭਾਜਪਾ ਨੂੰ 130 ਕਰੋੜ ਲੋਕਾਂ ਨੇ ਚੁਣ ਕੇ ਭੇਜਿਆ ਹੈ, ਝੂਠ ਹੈ ਕਿਉਂਕਿ 240 ਲੋਕ ਸਭਾ ਮੈਂਬਰ ਇਸ ਦੇ ਖ਼ਿਲਾਫ਼ ਹਨ। ਇਸ ਦੇ ਉਲਟ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਦਿੱਲੀ ਦੇ 90 ਫ਼ੀਸਦੀ ਜਿਨ੍ਹਾਂ ਲੋਕਾਂ ਨੇ ਚੁਣ ਕੇ ਭੇਜਿਆ ਹੈ, ਭਾਜਪਾ ਦੀ ਹਰਕਤ ਉਨ੍ਹਾਂ ਦੀ ਪਸੰਦ ਨੂੰ ਕੁਚਲਣਾ ਹੈ।
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਉਪਰਾਲਿਆਂ ਦੀ ਲੋੜ
ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਮਨੀਪੁਰ ਵਿਚ ਹਿੰਸਾ ਹੋ ਰਹੀ ਹੈ। ਇਸ ਦੌਰਾਨ ਦੋ ਔਰਤਾਂ ਨੂੰ ਨਿਰਵਸਤਰ ਘੁਮਾਉਣ ਤੇ ਸਮੂਹਿਕ ਜਬਰ ਜਨਾਹ ਦੀਆਂ ਘਟਨਾਵਾਂ ਵੀ ਵਾਪਰੀਆਂ। ਮਨੀਪੁਰ ਵਿਚ ਭੀੜ ਵੱਲੋਂ ਪੁਲੀਸ ਦਾ ਅਸਲ੍ਹਾਖਾਨਾ ਲੁੱਟਣ ਦੀ ਖ਼ਬਰ ਹੈ। ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹਾਲਤ ਕਿੰਨੀ ਖ਼ਤਰਨਾਕ ਹੈ। ਸੁਪਰੀਮ ਕੋਰਟ ਨੇ ਵੀ ਮਨੀਪੁਰ ਦੀਆਂ ਇਨ੍ਹਾਂ ਘਟਨਾਵਾਂ ਬਾਰੇ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ ਪਰ ਸ਼ਾਂਤੀ ਲਈ ਉਚੇਚੇ ਉਪਰਾਲੇ ਕਰਨ ਦੀ ਲੋੜ ਹੈ। ਉਮੀਦ ਹੈ, ਸੁਪਰੀਮ ਕੋਰਟ ਤੇ ਸਰਕਾਰ ਮਿਲ ਕੇ ਮਨੀਪੁਰ ’ਚ ਸ਼ਾਂਤੀ ਬਹਾਲ ਕਰਨਗੇ।
ਮਨਪ੍ਰੀਤ ਕੌਰ ਤੇ ਕਸ਼ਿਸ਼, ਮੰਡੀ ਫੂਲ (ਬਠਿੰਡਾ)
ਚਿੱਠੀ: ਕੱਲ੍ਹ ਤੇ ਅੱਜ
ਡਾ. ਅਮਨਦੀਪ ਰਾਜੌਰੀ ਦਾ ਮਿਡਲ ‘ਚਿੱਠੀ’ (18 ਜੁਲਾਈ) ਭਾਵਪੂਰਨ ਸੀ। ਅਸੀਂ ਕੰਪਿਊਟਰ ਯੁੱਗ ’ਚ ਬਹੁਤ ਦੂਰ ਨਿਕਲ ਆਏ ਹਾਂ। ਸੰਚਾਰ ਦੇ ਸਾਧਨ ਬਦਲ ਚੁੱਕੇ ਹਨ; ਦੁਆ ਸਲਾਮ ਵੀ ਸੋਸ਼ਲ ਮੀਡੀਆ ਤਕ ਸੀਮਤ ਹੋ ਗਈ ਹੈ। 20ਵੀਂ ਸਦੀ ਦੇ ਆਖ਼ਰੀ ਦਹਾਕੇ ’ਚ ਅਸੀਂ ਕੰਪਿਊਟਰ ਦੀ ਖੋਜ ਤੇ ਉਸ ਦੀ ਵਰਤੋਂ ਬਾਰੇ ਜਾਣੂ ਹੋ ਰਹੇ ਸੀ, ਫਿਰ ਡਿਜੀਟਲ ਟੈਕਨੋਲੋਜੀ ਦਾ ਅਜਿਹਾ ਝੱਖੜ ਝੁੱਲਿਆ ਕਿ ਅਸੀਂ ਚਿੱਠੀ-ਪੱਤਰੀ ਭੁੱਲ ਕੇ ਈ-ਮੇਲ, ਵੱਟਸਐਪ, ਫੇਸਬੁੱਕ ਦੇ ਗਿਆਨੀ ਬਣ ਬੈਠੇ। ਅਜਿਹਾ ਨਹੀਂ ਕਿ ਇਨ੍ਹਾਂ ਨੇ ਸਾਡੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿਚ ਕੋਈ ਰੋਲ ਅਦਾ ਨਹੀਂ ਕੀਤਾ ਪਰ ਇਨ੍ਹਾਂ ਨੇ ਵਿਰਸੇ, ਸੱਭਿਆਚਾਰ ਤੇ ਪੁਰਾਤਨ ਕਦਰਾਂ-ਕੀਮਤਾਂ ਨੂੰ ਅਜੋਕੇ ਯੁੱਗ ਅਤੇ ਵਿਕਾਸ ਦੇ ਥੱਲੇ ਕਿਤੇ ਡੂੰਘਾ ਦੱਬ ਦਿੱਤਾ ਹੈ। ਇਨ੍ਹਾਂ ਹਾਲਾਤ ਵਿਚ ਜੇ ਬੱਚਿਆਂ ਨੂੰ ਸਾਹਿਤ ਨਾਲ ਜੋੜਨਾ ਹੋਵੇ ਤਾਂ ਉਨ੍ਹਾਂ ਨੂੰ ਚਿੱਠੀਆਂ ਲਿਖਣ ਲਈ ਪ੍ਰੇਰਿਆ ਜਾਵੇ ਤਾਂ ਹੀ ਸਹੀ ਮਾਇਨੇ ਵਿਚ ਅਸੀਂ ਨਵੀਂ ਪੀੜ੍ਹੀ ਨੂੰ ਵਧੀਆ ਲਿਖਣ ਵੱਲ ਤੋਰ ਸਕਾਂਗੇ।
ਵਿਕਾਸ ਕਪਿਲਾ, ਖੰਨਾ