ਪਾਠਕਾਂ ਦੇ ਖ਼ਤ
ਬੰਦ ਬਨਾਮ ਖੁੱਲ੍ਹੇ ਬੂਹੇ
ਪਹਿਲੀ ਅਗਸਤ ਨੂੰ ਨਜ਼ਰੀਆ ਪੰਨੇ ’ਤੇ ਸ਼ਵਿੰਦਰ ਕੌਰ ਦਾ ਲੇਖ ‘ਬੰਦ ਬੂਹੇ’ ਪੜ੍ਹ ਕੇ ਪਤਾ ਲੱਗਦਾ ਹੈ ਕਿ ਕੁਝ ਦਹਾਕੇ ਪਹਿਲਾਂ ਅਤੇ ਅੱਜ ਦੇ ਸਮਿਆਂ ਵਿਚ ਬੰਦ ਅਤੇ ਖੁੱਲ੍ਹੇ ਬੂਹਿਆਂ ਦੇ ਅਰਥਾਂ ਵਿਚ ਕਿੰਨਾ ਫ਼ਰਕ ਆ ਚੁੱਕਿਆ ਹੈ। ਪਹਿਲਾਂ ਖੁੱਲ੍ਹੇ ਬੂਹੇ ਬਖਤਾਵਰ ਘਰਾਂ ਦੀ ਨਿਸ਼ਾਨੀ ਸਨ ਤੇ ਬੰਦ ਬੂਹਿਆਂ ਨੂੰ ਬਦਸ਼ਗਨੀ ਮੰਨਿਆ ਜਾਂਦਾ ਸੀ। ਖੁੱਲ੍ਹਾ ਬੂਹਾ ਦੇਖ ਕੇ ਹਰ ਰਾਹਗੀਰ ਉੱਥੇ ਜਾ ਸਕਦਾ ਸੀ, ਉੱਥੇ ਉਸ ਦੀ ਖ਼ੂਬ ਖਾਤਿਰਦਾਰੀ ਕੀਤੀ ਜਾਂਦੀ ਸੀ। ਅੱਜ ਬੂਹਾ ਖੁੱਲ੍ਹਾ ਰਹਿ ਜਾਵੇ ਤਾਂ ਚੋਰ-ਉਚੱਕਿਆਂ, ਕਾਤਲਾਂ ਦਾ ਡਰ ਰਹਿੰਦਾ ਹੈ। ਵਿਦੇਸ਼ ਜਾਣ ਦੇ ਰੁਝਾਨ ਨੇ ਤਾਂ ਅੱਜ ਹਰ ਪਿੰਡ ਦੇ ਤਕਰੀਬਨ ਅੱਧੇ ਬੂਹੇ ਬੰਦ ਕਰਵਾ ਦਿੱਤੇ ਹਨ। ਇਸ ਤੋਂ ਪਹਿਲਾਂ 21 ਜੁਲਾਈ ਨੂੰ ਸੰਪਾਦਕੀ ‘ਸ਼ਰਮਨਾਕ ਕਾਰਾ’ ਪੜ੍ਹਿਆ। ਆਪਣੀ ਧਾਰਮਿਕ ਕੱਟੜਤਾ ਨੂੰ ਅੰਜਾਮ ਤਕ ਪਹੁੰਚਾਉਣ ਲਈ ਮਨੁੱਖ ਕਿੱਥੋਂ ਤਕ ਡਿੱਗ ਸਕਦਾ ਹੈ, ਇਹ ਗੱਲ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ। ਉਂਝ ਵੀ ਕੋਈ ਵੀ ਧਰਮ ਔਰਤਾਂ ਦੀ ਬੇਪੱਤੀ ਕਰਨੀ, ਕਤਲੇਆਮ ਕਰਨਾ, ਮਜ਼ਲੂਮਾਂ ’ਤੇ ਜ਼ੁਲਮ ਕਰਨਾ, ਧਾਰਮਿਕ ਸੰਸਥਾਵਾਂ ਦਾ ਨੁਕਸਾਨ ਕਰਨਾ ਨਹੀਂ ਸਿਖਾਉਂਦਾ।
ਪ੍ਰਿੰਸੀਪਲ ਫਕੀਰ ਸਿੰਘ, ਦਸੂਹਾ
ਪਤੇ ਦੀ ਗੱਲ
3 ਅਗਸਤ ਵਾਲੇ ਮਿਡਲ ‘ਉਡਾਰੀ’ ਵਿਚ ਗੁਰਦੀਪ ਢੁੱਡੀ ਨੇ ਪਤੇ ਦੀ ਗੱਲ ਕੀਤੀ ਹੈ। ਅਧਿਕਾਰਾਂ ਦੇ ਨਾਲ ਨਾਲ ਫਰਜ਼ਾਂ ਦੀ ਆਪਣੀ ਅਹਿਮੀਅਤ ਹੈ। ਇਸ ਵੱਲ ਖ਼ਾਸ ਤਵੱਜੋ ਦੀ ਲੋੜ ਹੈ। ਫਿਰ ਅਧਿਕਾਰ ਮੰਗਣੇ ਵੀ ਸੌਖੇ ਹੋ ਜਾਂਦੇ ਹਨ। 2 ਅਗਸਤ ਨੂੰ ਛਪੇ ਮਿਡਲ ‘ਮਸ਼ਾਲਾਂ ਬਾਲ ਕੇ ਚੱਲਣਾ...’ (ਮੋਹਨ ਸ਼ਰਮਾ) ਨੇ ਝੰਜੋੜ ਸੁੱਟਿਆ। ਨਸ਼ਿਆਂ ਕਾਰਨ ਪੀੜ੍ਹੀ ਖਤਮ ਹੋ ਰਹੀ ਹੈ। ਨਸ਼ਿਆਂ ਦੀ ਮਾਰ ਤੋਂ ਬਚਣ ਲਈ ਵੀ ਲੋਕਾਂ ਨੂੰ ਆਪ ਹੀ ਕਮਰ ਕੱਸਣੀ ਪੈਣੀ ਹੈ ਜਿਵੇਂ ਲੇਖਕ ਨੇ ਦਰਸਾਇਆ ਹੈ।
ਹਰਮੇਸ਼ ਕੌਰ, ਜਲੰਧਰ
ਆਪੋ-ਆਪਣੇ ਹਿੱਤਾਂ ਤਕ ਹੀ ਸੀਮਤ
28 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਗੁਰਬਚਨ ਜਗਤ ਦਾ ਲੇਖ ‘ਕੁਦਰਤੀ ਆਫ਼ਤਾਂ : ਕੋਈ ਨਾ ਸੁਣਨਹਾਰ’ ਪੜ੍ਹ ਕੇ ਸੋਚਣਾ ਪਿਆ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਕਰ ਰਹੇ ਹਾਂ। ਕੀ ਅਸੀਂ ਉਨ੍ਹਾਂ ਨੂੰ ਅਜਿਹੀ ਧਰਤੀ ਸੌਂਪ ਸਕਾਂਗੇ ਕਿ ਉਹ ਸਾਡੇ ’ਤੇ ਮਾਣ ਕਰਨ? ਅਸੀਂ ਤਾਂ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਹੀ ਉਲਝੇ ਹੋਏ ਹਾਂ ਤੇ ਸਾਡੀ ਸੋਚ ਸਿਰਫ਼ ਨਿੱਜੀ ਹਿੱਤਾਂ ਤਕ ਹੀ ਸੀਮਤ ਹੋ ਗਈ ਹੈ।
ਹਰਸ਼ਦੀਪ ਸਿੰਘ, ਭਲਾਈਆਣਾ (ਸ੍ਰੀ ਮੁਕਤਸਰ ਸਾਹਿਬ)
ਹਰ ਕੋਈ ਬੀਬਾ ਜਾਣਦੈ
27 ਜੁਲਾਈ ਨੂੰ ਸਵਰਾਜਬੀਰ ਦਾ ਲੇਖ ‘ਹਰ ਕੋਈ ਬੀਬਾ ਜਾਣਦੈ’ ਮਦਨ ਗੋਪਾਲ ਦੀ ਕਵਿਤਾ ‘ਹਰ ਕੋਈ ਬੀਬਾ ਜਾਣਦੈ ਕਿੱਥੋਂ ਕਹਿਰ ਘਟਾਵਾਂ ਆਈਆਂ, ਹਰ ਕੋਈ ਬੀਬਾ ਜਾਣਦੈ ਪਈ ਅੱਗਾਂ ਕਿਨ੍ਹਾਂ ਲਾਈਆਂ’ ਨਾਲ ਸ਼ੁਰੂ ਹੁੰਦਾ ਹੈ। ਕਵੀ ਦੇ ਪਿਤਾ ਸ਼ਾਇਰ ਹਰਿਭਜਨ ਸਿੰਘ ਦੀਆਂ 1984 ਵਿਚ ਦਰਬਾਰ ਸਾਹਿਬ ’ਤੇ ਹਮਲੇ ਸਬੰਧੀ ਇਕ ਸਤਰ ‘ਫ਼ੌਜਾਂ ਕੌਣ ਦੇਸ਼ ਤੋਂ ਆਈਆਂ’ ਦੇ ਜ਼ਿਕਰ ਨਾਲ ਮਨੀਪੁਰ ਹਿੰਸਾ ਬਾਰੇ ਸੱਚ ਸਾਹਮਣੇ ਰੱਖਿਆ ਹੈ ਕਿ ਸੱਤਾਧਾਰੀ ਤੇ ਸਿਆਸਤਦਾਨ ਕਿਸੇ ਖਿੱਤੇ ਨੂੰ ਸਿਰਫ ਖ਼ੂਨ-ਖਰਾਬਾ ਕਰਵਾਉਣ ਲਈ ਹੀ ਅੱਗ ਵਿਚ ਨਹੀਂ ਝੋਂਕਦੇ; ਉਨ੍ਹਾਂ ਦਾ ਟੀਚਾ ਕਤਲੋਗਾਰਤ ਕਰਨੀ ਕਰਵਾਉਣੀ ਨਹੀਂ ਹੁੰਦਾ ਸਗੋਂ ਇਨ੍ਹਾਂ ਰਾਹੀਂ ਇਕ ਖ਼ਾਸ ਤਰ੍ਹਾਂ ਦੀ ਸਿਆਸਤ ਸਥਾਪਤ ਕਰਨਾ ਹੁੰਦਾ ਹੈ।
ਰਸ਼ਪਾਲ ਸਿੰਘ, ਹੁਸ਼ਿਆਰਪੁਰ
ਭਾਜਪਾ ਬਨਾਮ ਮਨੀਪੁਰ
ਪਿਛਲੇ ਕਈ ਮਹੀਨਿਆਂ ਤੋਂ ਮਨੀਪੁਰ ਅੰਦਰ ਫ਼ਿਰਕਾਪ੍ਰਸਤੀ ਦੀ ਅੱਗ ਬਲ ਰਹੀ ਹੈ। ਉੱਥੇ ਵੀ ਭਾਜਪਾ ਦੀ ਸਰਕਾਰ ਹੈ। ਕਈ ਕੇਂਦਰੀ ਮੰਤਰੀ ਖ਼ਾਸ ਕਰ ਕੇ ਗ੍ਰਹਿ ਮੰਤਰੀ ਉੱਥੇ ਚੱਕਰ ਲਾ ਚੁੱਕੇ ਹਨ ਪਰ ਹਿੰਸਾ ਸਗੋਂ ਹੋਰ ਵਧੀ ਹੈ। ਫਿਰ ਜਦੋਂ ਉੱਥੇ ਔਰਤਾਂ ਨੂੰ ਨਿਰਵਸਤਰ ਕਰ ਕੇ ਘੁੰਮਾਉਣ ਦੀ ਵੀਡੀਓ ਵਾਇਰਲ ਹੋਈ ਤਾਂ ਕਿਤੇ ਜਾ ਕੇ ਦੇਸ਼ ਪ੍ਰਧਾਨ ਮੰਤਰੀ ਨੇ ਆਪਣੇ ਬਿਆਨ ਅੰਦਰ ਇਹ ਜ਼ਰੂਰ ਕਿਹਾ ਕਿ ਇਸ ਘਟਨਾ ਨੇ 140 ਕਰੋੜ ਦੇਸ਼ ਵਾਸੀਆਂ ਨੂੰ ਸ਼ਰਮਸਾਰ ਕੀਤਾ ਹੈ ਪਰ ਪ੍ਰਧਾਨ ਮੰਤਰੀ ਜੀ, ਅਸੀਂ ਤਾਂ ਉਸ ਦਿਨ ਵੀ ਸ਼ਰਮਸਾਰ ਹੋਏ ਸੀ ਜਿਸ ਦਿਨ ਤੁਸੀਂ ਨਵੇਂ ਸੰਸਦ ਭਵਨ ਦਾ ਉਦਘਾਟਨ ਕੀਤਾ ਸੀ ਅਤੇ ਦਿੱਲੀ ਜੰਤਰ ਮੰਤਰ ’ਤੇ ਬੈਠੀਆਂ ਸਾਡੀਆਂ ਧੀਆਂ ਜੋ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਜਬਰ ਜਨਾਹ ਦਾ ਦੋਸ਼ ਲਾ ਕੇ ਧਰਨੇ ’ਤੇ ਬੈਠੀਆਂ ਸਨ, ਦੀ ਕਿਸੇ ਨੇ ਗੱਲ ਵੀ ਨਹੀਂ ਸੁਣੀ ਸਗੋਂ ਉਨ੍ਹਾਂ ਨੂੰ ਸੜਕਾਂ ਉੱਤੇ ਘੜੀਸਿਆ ਗਿਆ। ਉਸ ਵਕਤ ਸਾਡੇ ਪ੍ਰਧਾਨ ਮੰਤਰੀ ਨੇ ਚੁੱਪ ਧਾਰਨ ਕੀਤੀ ਹੋਈ ਹੈ। ਜੇਕਰ ਉਸ ਸਮੇਂ ਪ੍ਰਧਾਨ ਮੰਤਰੀ ਇਨ੍ਹਾਂ ਕੁੜੀਆਂ ਦੀ ਰੱਖਿਆ ਲਈ ਕੋਈ ਕੰਮ ਕਰਦੇ ਤਾਂ ਸ਼ਾਇਦ ਹੁਣ ਉਨ੍ਹਾਂ ਨੂੰ ਇਹ ਕਹਿਣ ਦੀ ਲੋੜ ਨਾ ਪੈਂਦੀ। ਸਾਡੇ ਦੇਸ਼ ਦੀਆਂ ਧੀਆਂ ਦੀ ਇੱਜ਼ਤ ਇਸ ਅੰਮ੍ਰਿਤਕਾਲ ਅੰਦਰ ਵੀ ਸੁਰੱਖਿਅਤ ਨਹੀਂ ਹੈ। ਫਿਰ ਅਸੀਂ ਕਿਸ ਮੂੰਹ ਨਾਲ ਕਹਿ ਰਹੇ ਹਾਂ ਕਿ ਦੇਸ਼ ਛੇਤੀ ਹੀ ਵਿਸ਼ਵ ਗੁਰੂ ਬਣ ਜਾਵੇਗਾ ? ਜੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ, ਸੱਤਾ ਦਾ ਲਾਲਚ ਭੁੱਲ ਕੇ ਧੀਆਂ ਭੈਣਾਂ ਦੀ ਇੱਜ਼ਤ ਦੀ ਫਿਕਰ ਕਰਦੇ ਤਾਂ ਉਨ੍ਹਾਂ ਦੇ ਕਾਰਜਕਾਲ ਅੰਦਰ ਧੀਆਂ ਦੀ ਇੱਜ਼ਤ ਦਾ ਇਹ ਹਾਲ ਨਾ ਹੁੰਦਾ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਧੀਆਂ ਦੀ ਇੱਜ਼ਤ ਨਾਲ ਖਿਲਵਾੜ ਕਰਨ ਵਾਲਾ ਭਾਜਪਾ ਦਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਕੋਰਟ ਤੋਂ ਜ਼ਮਾਨਤ ’ਤੇ ਆ ਗਿਆ।
ਕਾਮਰੇਡ ਗੁਰਨਾਮ ਸਿੰਘ, ਰੋਪੜ
ਸਿਰਫ਼ ਕੁਰਸੀਆਂ ਮੱਲੀਆਂ
25 ਜੁਲਾਈ ਨੂੰ ਅਭੈ ਸਿੰਘ ਦਾ ਲੇਖ ‘ਹੜ੍ਹ ਦੁਖਾਂਤ: ਪਾਣੀ ਦੀ ਵਡਮੁੱਲੀ ਦਾਤ ਨੂੰ ਧੱਕੇ’ ਪੜ੍ਹਿਆ। ਕੁਦਰਤ ਦਾ ਕਹਿਰ ਹੜ੍ਹਾਂ ਦੇ ਰੂਪ ਵਿਚ ਨਾ ਸਿਰਫ਼ ਇਨਸਾਨਾਂ ਲਈ ਸਗੋਂ ਜਨੌਰ/ਪਰਿੰਦਿਆਂ ਲਈ ਵੀ ਸੋਗ ਲੈ ਕੇ ਆਇਆ ਹੈ। ਰੈਣ ਬਸੇਰੇ ਉੱਜੜ ਗਏ, ਖੇਤ ਸਮੁੰਦਰ ਬਣ ਗਏ। ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਕੁਦਰਤ ਪਲਾਂ ਵਿਚ ਹੀ ਜ਼ਿੰਦਗੀ ਅਤੇ ਆਰਥਿਕਤਾ ਦਾ ਕੰਮ ਤਮਾਮ ਕਰ ਦਿੰਦੀ ਹੈ। ਇਸ ਦੁਖਾਂਤ ਦੀਆਂ ਤਸਵੀਰਾਂ ਨੇ ਹਰ ਕਿਸੇ ਦੇ ਹਿਰਦੇ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ। ਵੱਖ ਵੱਖ ਪਾਰਟੀਆਂ ਸਿਰਫ਼ ਕੁਰਸੀਆਂ ਹੀ ਮੱਲਦੀਆਂ ਰਹੀਆਂ ਹਨ। ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਕਿਸੇ ਵੀ ਤਰ੍ਹਾਂ ਦੇ ਯੋਗ ਅਤੇ ਅਗਾਊਂ ਪ੍ਰਬੰਧ ਨਹੀਂ ਕੀਤੇ ਗਏ। ਇਸ ਦਾ ਖਮਿਆਜ਼ਾ ਸਦਾ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਸੁਖਪਾਲ ਕੌਰ, ਚੰਡੀਗੜ੍ਹ