ਪਾਠਕਾਂ ਦੇ ਖ਼ਤ
ਪੱਥਰ ਵਰਗੀ ਖਾਮੋਸ਼ੀ
‘ਮਨੀਪੁਰ ਦਾ ਦੁਖਾਂਤ’ (26 ਜੁਲਾਈ) ਵਿਚ ਨਵਸ਼ਰਨ ਕੌਰ ਨੇ ਮਨੀਪੁਰ ਵਿਚ ਹੋ ਰਹੀ ਹਿੰਸਾ ਅਤੇ ਵਹਿਸ਼ੀ ਭੀੜ ਵੱਲੋਂ ਕੁਕੀ ਔਰਤਾਂ ਦੇ ਜਿਨਸੀ ਸ਼ੋਸ਼ਣ ਦੀ ਦਰਦਨਾਕ ਸਥਿਤੀ ਦਾ ਖੁਲਾਸਾ ਕੀਤਾ ਹੈ। ਵੀਡੀਓ ਵਾਇਰਲ ਹੋਣ ਨਾਲ ਵਹਿਸ਼ੀਪੁਣੇ ਦਾ ਅਜਿਹਾ ਚਿਹਰਾ ਸਾਹਮਣੇ ਆਇਆ ਜਿਸ ਨਾਲ ਇਨਸਾਨੀ ਕਦਰਾਂ ਕੀਮਤਾਂ ਵਿਚ ਭਰੋਸਾ ਰੱਖਣ ਵਾਲੇ ਹਰ ਇਨਸਾਨ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ। ਦੇਸ਼ ਨੇ ਬੜੇ ਮਾਣ ਨਾਲ 24ਵਾਂ ਕਾਰਗਿਲ ਜਿੱਤ ਦਿਹਾੜਾ ਮਨਾਇਆ। ਇਸ ਮੌਕੇ ਉਸ ਫ਼ੌਜੀ ਦੇ ਦੁੱਖ ਦੀ ਵੀ ਗੱਲ ਕਰਨੀ ਬਣਦੀ ਹੈ ਜਿਸ ਦੀ ਪਤਨੀ ਮਨੀਪੁਰ ਵਿਚ ਦਰਿੰਦਗੀ ਦਾ ਸ਼ਿਕਾਰ ਹੋਈ। ‘ਮੈਂ ਕਾਰਗਿਲ ਦੀ ਜੰਗ ਲੜ ਕੇ ਦੇਸ਼ ਦੀ ਰਾਖੀ ਕੀਤੀ ਪਰ ਮੈਂ ਆਪਣੀ ਪਤਨੀ ਦੀ ਰਾਖੀ ਨਹੀਂ ਕਰ ਸਕਿਆ’। ਰਿਟਾਇਰਡ ਫ਼ੌਜੀ ਦੇ ਇਹ ਸ਼ਬਦ ਹਰ ਆਮ ਨਾਗਰਿਕ ਦੇ ਦਿਲ ਨੂੰ ਝੰਜੋੜ ਦਿੰਦੇ ਹਨ। ਅਫ਼ਸੋਸ ਕਿ ਮੁਲਕ ਦੀ ਹਾਕਮ ਜਮਾਤ ਨੂੰ ਕਿਸੇ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇਸ ਪੂਰੇ ਬਿਰਤਾਂਤ ਦਾ ਸਭ ਤੋਂ ਗੰਭੀਰ ਪੱਖ ਪ੍ਰਧਾਨ ਮੰਤਰੀ ਦੀ ਪੱਥਰ ਵਰਗੀ ਖਾਮੋਸ਼ੀ ਹੈ। ਹਾਕਮ ਦੇ ਕਠੋਰ ਵਤੀਰੇ ਨੇ ਮਨੀਪੁਰ ਦੇ ਲੋਕਾਂ ਦੇ ਜ਼ਖ਼ਮ ਹੋਰ ਡੂੰਘੇ ਕੀਤੇ ਹਨ। ਮਨੀਪੁਰ ਦੇ ਪੀੜਤਾਂ ਲਈ ਆਵਾਜ਼ ਬੁਲੰਦ ਕਰਨਾ ਅੱਜ ਸਾਡੀ ਨੈਤਿਕ ਜ਼ਿੰਮੇਵਾਰੀ ਹੈ।
ਸ਼ੋਭਨਾ ਵਿਜ, ਪਟਿਆਲਾ
ਮਿੱਟੀ ਨਾਲ ਜੁੜੇ
25 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਤਰਲੋਚਨ ਸਿੰਘ ਦੁਪਾਲਪੁਰ ਦਾ ਮਿਡਲ ‘ਦੇਸੀ ਪਰਦੇਸੀ’ ਪੜ੍ਹ ਕੇ ਮਨ ਨੂੰ ਸਕੂਨ ਮਿਲਿਆ ਕਿ ਪਦਾਰਥਵਾਦੀ ਸੋਚ ਅਤੇ ਤਰੱਕੀ ਕਰਨ ਦੀ ਭਾਵਨਾ ਨੇ ਭਾਵੇਂ ਪੰਜਾਬੀਆਂ ਨੂੰ ਦੇਸੋਂ ਪਰਦੇਸੀ ਕਰ ਦਿੱਤਾ ਹੈ ਪਰ ਪੰਜਾਬ ਦੀ ਮਿੱਟੀ ਦੇ ਬਾਸ਼ਿੰਦੇ ਅੱਜ ਵੀ ਗੁਰਾਂ ਦੀ ਸੋਚ ਨਾਲ ਜੁੜੇ ਹੋਏ ਹਨ। ਇਸ ਮਿੱਟੀ ਦੀ ਐਸੀ ਬਰਕਤ ਹੈ ਜਿਸ ਨਾਲ ਚਾਹੇ ਕੋਈ ਕਿਸੇ ਵੀ ਖ਼ਿੱਤੇ ਵਿਚੋਂ ਆ ਕੇ ਇੱਥੇ ਵਸਿਆ ਹੈ, ਗੁਰਾਂ ਦੀ ਸਰਬ ਸਾਂਝੀਵਾਲਤਾ ਦੀ ਜੀਵਨ-ਸ਼ੈਲੀ ਹੀ ਅਪਣਾਉਂਦਾ ਹੈ।
ਕਰਮਜੀਤ ਸਿੰਘ ਸਮਾਘ, ਸ੍ਰੀ ਮੁਕਤਸਰ ਸਾਹਿਬ
ਸਾਬਕਾ ਫ਼ੌਜੀ ਦੀ ਵੇਦਨਾ
22 ਜੁਲਾਈ ਦੇ ਮੁੱਖ ਪੰਨੇ ’ਤੇ ਸਾਬਕਾ ਫ਼ੌਜੀ ਦੀ ਵੇਦਨਾ ਨੇ ਧੁਰ ਅੰਦਰ ਤਕ ਹਿਲਾ ਕੇ ਰੱਖ ਦਿੱਤਾ। ਉਸ ਦੀ ਪਤਨੀ ਅਤੇ ਇਕ ਹੋਰ ਔਰਤ ਨੂੰ ਨਗਨ ਕਰ ਕੇ ਬੇ-ਆਬਰੂ ਕਰਨ ਬਾਰੇ ਪੜ੍ਹਿਆ ਸੁਣਿਆ ਤਾਂ ਸੀ ਪਰ ਉਹ ਵੀਡੀਓ ਦੇਖਣ ਦੀ ਹਿੰਮਤ ਨਹੀਂ ਸੀ। ਐਨਾ ਘਿਨਾਉਣਾ ਕਾਰਾ ਕਰਨ ਵਾਲਿਆਂ ਦੀ ਹਿੰਮਤ ਦਾ ਜਵਾਬ ਨਹੀਂ। ਇਸ ਤੋਂ ਵੀ ਵੱਡਾ ਅਫ਼ਸੋਸ ਤੇ ਦੁੱਖ ਇਸ ਗੱਲ ਦਾ ਹੈ ਕਿ ਇਹ ਸਭ ਕੁਝ ਉਦੋਂ ਸ਼ਰੇਆਮ ਕੀਤਾ ਜਾ ਰਿਹਾ ਹੈ ਜਦੋਂ ਦੇਸ਼ ਦੀ ਰਾਸ਼ਟਰਪਤੀ ਔਰਤ ਹੋਵੇ, ਉਸ ਦਾ ਨਾਮ ਦਰੋਪਦੀ ਹੋਵੇ ਅਤੇ ਉਹ ਅਜਿਹੇ ਕਬੀਲਿਆਂ ਨਾਲ ਸਬੰਧ ਰੱਖਦੀ ਹੋਵੇ ਪਰ ਉਹ ਇਕ ਸ਼ਬਦ ਵੀ ਨਾ ਬੋਲੇ। ਇਸ ਲਈ ਹੁਣ ਗੁਨਾਹਗਾਰਾਂ ਨੂੰ ਸਿਰਫ਼ ਕੁਝ ਸਾਲਾਂ ਦੀ ਸਜ਼ਾ ਤਕ ਸੀਮਿਤ ਹੋਣ ਦਾ ਵੇਲਾ ਲੰਘ ਚੁੱਕਾ ਹੈ। ਬਥੇਰਿਆਂ ਨੂੰ ਸਜ਼ਾਵਾਂ ਹੋਈਆਂ ਤੇ ਫਿਰ ਮੁਆਫ਼ ਵੀ ਕਰ ਦਿੱਤਾ ਗਿਆ ਸਗੋਂ ਹਾਰ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਬਿਲਕੀਸ ਬਾਨੋ ਦਾ ਕੇਸ ਕਿਸੇ ਨੂੰ ਭੁੱਲਿਆ ਨਹੀਂ। ਇਸ ਲਈ ਹੁਣ ਦੇਸ਼ ਦੀਆਂ ਸਾਰੀਆਂ ਔਰਤਾਂ ਨੂੰ ਇਕਜੁੱਟ ਹੋ ਕੇ ਅਜਿਹੇ ਘਿਨਾਉਣੇ ਅਪਰਾਧਾਂ ਖ਼ਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ ਅਤੇ ਹਰ ਪਿੰਡ ਹਰ ਸ਼ਹਿਰ ਵਿਚ
ਅਜਿਹੀਆਂ ਸਮਾਜ ਸੇਵੀ ਸੰਸਥਾਵਾਂ ਬਣਾਉਣੀਆਂ ਚਾਹੀਦੀਆਂ ਹਨ ਜੋ ਲੋੜ ਪੈਣ ’ਤੇ ਅਜਿਹੇ ਹਾਲਾਤ ਦਾ ਮੁਕਾਬਲਾ ਕਰ ਸਕਣ।
ਡਾ. ਤਰਲੋਚਨ ਕੌਰ, ਪਟਿਆਲਾ
ਹਿੰਸਾ ਲਈ ਜ਼ਿੰਮੇਵਾਰ
21 ਜੁਲਾਈ ਦਾ ਸੰਪਾਦਕੀ ‘ਸ਼ਰਮਨਾਕ ਕਾਰਾ’ ਵਿਚ ਭਾਰਤੀ ਸਮਾਜ, ਦੇਸ਼ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਜਿਸ ਘਟਨਾ ਦਾ ਜ਼ਿਕਰ ਹੈ, ਉਸ ਲਈ ਮੁੱਖ ਤੌਰ ’ਤੇ ਭਾਜਪਾ ਅਤੇ ਸੰਘ ਦੀ ਫ਼ਿਰਕੂ ਰਾਜਨੀਤੀ ਅਤੇ ਔਰਤ ਵਿਰੋਧੀ ਰੂੜੀਵਾਦੀ ਮਾਨਸਿਕਤਾ ਜ਼ਿੰਮੇਵਾਰ ਹੈ। 3 ਮਈ ਤੋਂ ਮਨੀਪੁਰ ਦੀ ਭਾਜਪਾ ਸਰਕਾਰ ਦੀ ਸਰਪ੍ਰਸਤੀ ਹੇਠ ਜਾਰੀ ਹਜੂਮੀ ਹਿੰਸਾ ਵਿਚ ਇਕ ਫ਼ਿਰਕੇ ਵਲੋਂ ਦੂਜੇ ਫ਼ਿਰਕੇ ਨੂੰ ਉਸੇ ਤਰ੍ਹਾਂ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਜਵਿੇਂ 1984 ਵਿਚ ਦਿੱਲੀ ਅਤੇ 2002 ਵਿਚ ਗੁਜਰਾਤ ਵਿਚ ਹੋਇਆ ਸੀ।
ਸੁਮੀਤ ਸਿੰਘ, ਅੰਮ੍ਰਿਤਸਰ
ਆਪਸੀ ਭਾਈਚਾਰਾ
ਪੰਜਾਬ ਵਿਚ ਹੜ੍ਹਾਂ ਦੀ ਮਾਰ ਦੌਰਾਨ ਜਿਸ ਤਰ੍ਹਾਂ ਜਨਤਾ ਨੇ ਆਪਸੀ ਭਾਈਚਾਰੇ ਦਾ ਸਬੂਤ ਪੇਸ਼ ਕੀਤਾ ਹੈ, ਸ਼ਲਾਘਾਯੋਗ ਹੈ। ਸਰਕਾਰਾਂ ਭਾਵੇਂ ਨਾਕਾਮ ਰਹੀਆਂ ਹਨ ਪਰ ਲੋਕਾਂ ਅਤੇ ਗ਼ੈਰ-ਸਰਕਾਰੀ ਅਦਾਰਿਆਂ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ। ਲੋਕਾਂ ਦੀ ਇਹ ਏਕਤਾ ਅਗਾਂਹ ਚੰਗੇ ਆਗੂ ਚੁਣਨ ਦਾ ਸਬਬ ਬਣੇ ਤਾਂ ਦੇਸ਼ ਦਾ ਭਵਿੱਖ ਬਿਹਤਰ ਹੋ ਸਕਦਾ ਹੈ। ਪਿਛਲੇ ਦਿਨੀਂ ਉੱਘੇ ਲੇਖਕ ਹਰਭਜਨ ਸਿੰਘ ਹੁੰਦਲ ਸਦੀਵੀ ਵਿਛੋੜਾ ਦੇ ਗਏ, ਉਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਬਹੁਤ ਸਾਰਾ ਵਿਸ਼ਵ ਸਾਹਿਤ ਅਨੁਵਾਦ ਕਰ ਕੇ ਸੰਸਾਰ ਨਾਲ ਸਾਡੀ ਸਾਂਝ ਪੁਆਈ। ਉਨ੍ਹਾਂ ਦੀਆਂ ਲਿਖਤਾਂ ਜਨਵਾਦੀ ਵਿਚਾਰਧਾਰਾ ਨੂੰ ਖ਼ੂਬਸੂਰਤ ਢੰਗ ਨਾਲ ਪੇਸ਼ ਕਰਦੀਆਂ ਸਨ।
ਅਨੁਪਿੰਦਰ ਸਿੰਘ ਅਨੂਪ, ਪਾਣੀਪਤ (ਹਰਿਆਣਾ)
ਖਾਮੋਸ਼ੀ ਕਿਉਂ?
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਨੁਸਾਰ ਮਨੀਪੁਰ ਦੀਆਂ ਦੋ ਔਰਤਾਂ ਨੂੰ ਨਿਰਵਸਤਰ ਕਰ ਕੇ ਪਰੇਡ ਕਰਾਉਣ ਦੇ ਕਾਰੇ ਨੇ ਪੂਰੇ ਭਾਰਤੀਆਂ ਨੂੰ ਸ਼ਰਮਸਾਰ ਕੀਤਾ ਹੈ ਲੇਕਿਨ ਬ੍ਰਿਜ ਭੂਸ਼ਣ ਦੀਆਂ ਹਰਕਤਾਂ ਵੀ ਇਸ ਤੋਂ ਘੱਟ ਨਹੀਂ, ਇਸ ਸਬੰਧੀ ਪ੍ਰਧਾਨ ਮੰਤਰੀ ਅਤੇ ਉਸ ਦੀ ਸਰਕਾਰ ਚੁੱਪ ਕਿਉਂ ਬੈਠੇ ਹਨ?
ਪ੍ਰਿੰ. ਗੁਰਮੁਖ ਸਿੰਘ ਪੋਹੀੜ (ਲੁਧਿਆਣਾ)
ਡਬਲ ਇੰਜਣ ਫੇਲ੍ਹ
25 ਜੁਲਾਈ ਦਾ ਸੰਪਾਦਕੀ ‘ਵਧ ਰਿਹਾ ਸੰਕਟ’ ਪੜ੍ਹਿਆ। ਸੰਕਟ ਵਧਣ ਦਾ ਕਾਰਨ ਨਾਗਰਿਕ ਦੇ ਡੀਐੱਨਏ ’ਚ ਹੈ। ਸੰਕਟਗ੍ਰਸਤ ਮਨੀਪੁਰ ਵਿਚ ਲਗਭਗ 150 ਗਿਰਜਾਘਰ ਜੋ ਅੰਗਰੇਜ਼ਾਂ ਦੇ ਵੇਲੇ ਉਸਾਰੇ ਗਏ ਸਨ, ਨੂੰ ਗਿਣਮਿੱਥ ਕੇ ਨੁਕਸਾਨ ਪਹੁੰਚਾਇਆ ਗਿਆ। ਮਨੀਪੁਰ ’ਚ ਅਖੌਤੀ ਡਬਲ ਇੰਜਣ ਸਰਕਾਰ ਫੇਲ੍ਹ ਹੋਈ ਹੈ ਅਤੇ ਵਿਸ਼ੇਸ਼ ਫ਼ਿਰਕੇ ਦਾ ਨੁਕਸਾਨ ਹੋਇਆ ਹੈ, ਭਰਪਾਈ ਮੁਸ਼ਕਿਲ ਹੈ। ਵਿਦੇਸ਼ ਵਿਚ ਵੀ ਰੁਸਵਾਈ ਹੈ। ਗੋਦੀ ਮੀਡੀਆ ਖ਼ਾਮੋਸ਼ ਹੈ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਸੰਪਾਦਕੀ ‘ਔਰਤਾਂ ਵਿਰੁੱਧ ਅਪਰਾਧ’ ਸਟੀਕ ਹੈ। ਤੀਜੀ ਦੁਨੀਆ ਦੇ ਦੇਸ਼ਾਂ ਵਿਚ ਜਨਨੀ ਵਿਰੁੱਧ ਅਪਰਾਧ ਭੀੜਤੰਤਰ ਦਾ ਫੈਸ਼ਨ ਬਣਿਆ ਹੋਇਆ ਹੈ। ਜਿੱਥੇ ਵੀ ਪ੍ਰਬੰਧ ਵਿੱਥ ਦਿੰਦਾ ਹੈ ਅਤੇ ਅਵੇਸਲਾ ਹੁੰਦਾ ਹੈ, ਉੱਥੇ ਔਰਤ ਦੀ ਆਬਰੂ ਵੱਧ ਖਵਾਰ ਹੁੰਦੀ ਨਜ਼ਰ ਪੈਂਦੀ ਹੈ। ਮਨੀਪੁਰ ਵਿਚ ਭੀੜ ਦੀ ਕੋਝੀ ਕਰਤੂਤ ਦੀ ਅਜੋਕੇ ਸਮਾਜ ਵਿਚ ਹੋਰ ਕੋਈ ਮਿਸਾਲ ਨਹੀਂ। ਇਸ ਤੋਂ ਵੀ ਵੱਧ ਹੈਰਾਨੀਜਨਕ ਤੱਥ ਹੈ ਕਿ ਅੰਕੜਿਆਂ ਦੀ ਦੁਹਾਈ ਦੇਣ ਵਾਲੇ ਅਤੇ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣ ਦਾ ਦਾਅਵਾ ਕਰਨ ਵਾਲੇ ਮੂੰਹ ’ਚ ਘੁੰਗਣੀਆਂ ਪਾਈ ਬੈਠੇ ਹਨ ਅਤੇ ਇਸ ਅਣਹੋਣੀ ਤੋਂ ਲੋਕਾਂ ਦਾ ਧਿਆਨ ਹਟਾਉਣ ਖਾਤਰ ਹੋਰ ਉਦਾਹਰਨਾਂ ਪੇਸ਼ ਕਰ ਰਹੇ ਹਨ।
ਇਕਬਾਲ ਸਿੰਘ ਚੀਮਾ, ਨਵਾਂਸ਼ਹਿਰ