Kunal Kamra: ਕੁਨਾਲ ਕਾਮਰਾ ਖ਼ਿਲਾਫ਼ ਮਹਾਰਾਸ਼ਟਰ ਵਿਧਾਨ ਸਭਾ ਤੇ ਵਿਧਾਨ ਪਰਿਸ਼ਦ ’ਚ ਮਰਿਆਦਾ ਮਤੇ ਦਾ ਨੋਟਿਸ
ਮੁੰਬਈ, 26 ਮਾਰਚ
ਭਾਜਪਾ ਦੇ ਵਿਧਾਨ ਪਰਿਸ਼ਦ ਮੈਂਬਰ ਪ੍ਰਵੀਨ ਦਾਰੇਕਰ (Pravin Darekar) ਨੇ ਬੁੱਧਵਾਰ ਨੂੰ ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ (stand-up comedian Kunal Kamra) ਅਤੇ ਸ਼ਿਵ ਸੈਨਾ (ਯੂਬੀਟੀ) ਦੀ ਤਰਜਮਾਨ ਸੁਸ਼ਮਾ ਅੰਧਾਰੇ (Shiv Sena (UBT) spokesperson Sushma Andhare) ਖ਼ਿਲਾਫ਼ ਮਰਿਆਦਾ ਮਤੇ ਦਾ ਨੋਟਿਸ ਦਾਖ਼ਲ ਕੀਤਾ ਹੈ।
ਵਿਧਾਨ ਪਰਿਸ਼ਦ ਦੇ ਨੇਤਾ ਦਾਰੇਕਰ ਨੇ ਮਤਾ ਪੇਸ਼ ਕਰਦੇ ਹੋਏ ਕਿਹਾ, "ਕੁਨਾਲ ਕਾਮਰਾ ਨੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਪ੍ਰਤੀ ਨਿੱਜੀ ਅਤੇ ਅਪਮਾਨਜਨਕ ਹਵਾਲਿਆਂ ਵਾਲਾ ਇੱਕ ਗੀਤ ਪੇਸ਼ ਕੀਤਾ ਹੈ।"
ਉਨ੍ਹਾਂ ਹੋਰ ਕਿਹਾ, “ਅੰਧਾਰੇ ਨੇ ਪ੍ਰਦਰਸ਼ਨ ਦਾ ਸਮਰਥਨ ਕੀਤਾ ਅਤੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ, ਜੋ ਸਦਨ ਦਾ ਅਪਮਾਨ ਹੈ।” ਦਾਰੇਕਰ ਨੇ ਕਿਹਾ ਕਿ ਕਾਮਰਾ ਅਤੇ ਅੰਧਾਰੇ ਦੋਵਾਂ ਨੇ ਆਪਣੀਆਂ ਟਿੱਪਣੀਆਂ ਰਾਹੀਂ ਵਿਧਾਨਕ ਸੰਸਥਾਵਾਂ ਦੇ ਮਾਣ ਦਾ ਅਪਮਾਨ ਕੀਤਾ ਹੈ।
ਮਹਾਰਾਸ਼ਟਰ ਵਿਧਾਨ ਸਭਾ ਵਿੱਚ ਸ਼ਿਵ ਸੈਨਾ ਦੇ ਵਿਧਾਇਕ ਰਮੇਸ਼ ਬੋਰਨਾਰੇ ਨੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਮਜ਼ਾਕ ਉਡਾਉਣ ਦੇ ਦੋਸ਼ ਵਿੱਚ ਅੰਧਾਰੇ ਦੇ ਖਿਲਾਫ ਮਰਿਆਦਾ ਮਤੇ ਦਾ ਨੋਟਿਸ ਦਿੱਤਾ ਹੈ। ਸਦਨ ਦੀ ਕਾਰਵਾਈ ਚਲਾ ਰਹੇ ਸੰਜੇ ਕੇਲਕਰ ਨੇ ਕਿਹਾ ਕਿ ਸਪੀਕਰ ਰਾਹੁਲ ਨਾਰਵੇਕਰ ਨੋਟਿਸ 'ਤੇ ਫੈਸਲਾ ਲੈਣਗੇ। -ਪੀਟੀਆਈ