Prime Minister Narendra Modi paid tributes at the memorials dedicated to RSS founder: ਆਰਐੱਸਐੱਸ ਦੇ ਬਾਨੀ ਦਾ ਸਮਾਰਕ ਭਾਰਤੀ ਸੱਭਿਆਚਾਰ ਦੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ: ਮੋਦੀ
ਨਾਗਪੁਰ, 30 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਪੁਰ ਦੇ ਹੈਡਗੇਵਾਰ ਸਮ੍ਰਿਤੀ ਮੰਦਰ ਦਾ ਦੌਰਾ ਕਰਦਿਆਂ ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੇ ਬਾਨੀ ਡਾ. ਕੇਸ਼ਵ ਬਲੀਰਾਮ ਹੈਡਗੇਵਾਰ ਅਤੇ ਦੂਜੇ ਸਰਸੰਘਚਾਲਕ (ਮੁਖੀ) ਐਮ ਐਸ ਗੋਲਵਾਲਕਰ ਨੂੰ ਸਮਰਪਿਤ ਸਮਾਰਕਾਂ ’ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਕਿਹਾ ਕਿ ਡਾ. ਹੈਡਗੇਵਾਰ ਨੇ ਦੇਸ਼ ਦੀ ਆਜ਼ਾਦੀ ’ਚ ਵੀ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਮੁਤਾਬਕ ਸੰਘ ਬਾਨੀ ਨੇ ਪੂਰੇ ਸਮਾਜ ਨੂੰ ਇਕਜੁੱਟ ਕਰਨ ਲਈ ਹੰਭਲਾ ਮਾਰਿਆ ਸੀ ਅਤੇ ਅੱਜ ਵੀ ਹਜ਼ਾਰਾਂ ਨੌਜਵਾਨ ਉਨ੍ਹਾਂ ਵੱਲੋਂ ਦਿਖਾਏ ਗਏ ਮਾਰਗ ’ਤੇ ਚੱਲ ਰਹੇ ਹਨ।
ਆਰਐਸਐਸ ਦੇ ਪ੍ਰਸ਼ਾਸਕੀ ਮੁੱਖ ਦਫ਼ਤਰ ਰੇਸ਼ਿਮਬਾਗ ਵਿੱਚ ਸਮ੍ਰਿਤੀ ਮੰਦਰ ਦੇ ਦੌਰੇ ਮੌਕੇ ਆਰਐਸਐਸ ਮੁਖੀ ਮੋਹਨ ਭਾਗਵਤ, ਸੰਘ ਦੇ ਸਾਬਕਾ ਜਨਰਲ ਸਕੱਤਰ ਸੁਰੇਸ਼ ਭਈਆਜੀ ਜੋਸ਼ੀ, ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਮੌਜੂਦ ਸਨ। ਸ੍ਰੀ ਮੋਦੀ ਨੇ ਸਮਾਰਕ ’ਤੇ ਸਥਿਤ ਸਮ੍ਰਿਤੀ ਭਵਨ ਵਿੱਚ ਆਰਐਸਐਸ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਇਹ ਯਾਦਗਾਰਾਂ ਭਾਰਤੀ ਸੱਭਿਆਚਾਰ, ਰਾਸ਼ਟਰਵਾਦ ਅਤੇ ਸੰਗਠਨ ਦੀਆਂ ਕਦਰਾਂ-ਕੀਮਤਾਂ ਨੂੰ ਸਮਰਪਿਤ ਹਨ। ਇਸ ਤੋਂ ਬਾਅਦ ਸ੍ਰੀ ਮੋਦੀ ਨੇ ਸਮਾਗਮ ਸਥਾਨ ’ਤੇ ਇੱਕ ਸੰਦੇਸ਼ ਪੁਸਤਕ ਵਿੱਚ ਲਿਖਿਆ, ‘ਆਰਐਸਐਸ ਦੇ ਦੋ ਮਜ਼ਬੂਤ ਥੰਮ੍ਹਾਂ ਦੀ ਯਾਦਗਾਰ ਲੱਖਾਂ ਸਵੈਮ ਸੇਵਕਾਂ ਲਈ ਪ੍ਰੇਰਨਾਸਰੋਤ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਰਾਸ਼ਟਰ ਦੀ ਸੇਵਾ ਲਈ ਸਮਰਪਿਤ ਕੀਤਾ। ਮੈਂ ਸਮ੍ਰਿਤੀ ਮੰਦਰ ਦਾ ਦੌਰਾ ਕਰਕੇ ਬਹੁਤ ਖੁਸ਼ ਹਾਂ ਜੋ ਮਹਾਨ ਵਿਅਕਤੀਆਂ ਦੀਆਂ ਯਾਦਾਂ ਨੂੰ ਸੰਭਾਲਦਾ ਹੈ।’ ਦੱਸਣਯੋਗ ਹੈ ਕਿ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਇੱਥੇ ਆਏ ਹਨ।