ਮਾਰਚ ’ਚ ਜੀਐੱਸਟੀ ਮਾਲੀਆ ਵਧ ਕੇ 1.96 ਲੱਖ ਕਰੋੜ ਤੱਕ ਪੁੱਜਿਆ
ਨਵੀਂ ਦਿੱਲੀ: ਕੁੱਲ ਜੀਐੱਸਟੀ ਮਾਲੀਆ ਮਾਰਚ ਵਿੱਚ 9.9 ਫੀਸਦ ਵੱਧ ਕੇ 1.96 ਲੱਖ ਕਰੋੜ ਰੁਪਏ ਤੋਂ ਵੱਧ ਹੋ ਗਿਆ ਹੈ, ਜੋ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਮਾਲੀਆ ਹੈ। ਅੱਜ ਜਾਰੀ ਸਰਕਾਰੀ ਅੰਕੜਿਆਂ ਮੁਤਾਬਕ ਘਰੇਲੂ ਲੈਣ-ਦੇਣ ਨਾਲ ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਮਾਲੀਆ 8.8 ਫੀਸਦ ਵੱਧ ਕੇ 1.49 ਲੱਖ ਕਰੋੜ ਰੁਪਏ ਹੋ ਗਿਆ, ਜਦਕਿ ਬਰਾਮਦ ਵਸਤਾਂ ਤੋਂ ਮਾਲੀਆ 13.56 ਫੀਸਦ ਵੱਧ ਕੇ 46,919 ਕਰੋੜ ਰੁਪਏ ਰਿਹਾ। ਕੁੱਲ ਮਾਲੀਏ ’ਚ 38,145 ਕਰੋੜ ਰੁਪਏ ਦਾ ਕੇਂਦਰੀ ਜੀਐੱਸਟੀ, 49,891 ਕਰੋੜ ਰੁਪਏ ਦਾ ਰਾਜ ਜੀਐੱਸਟੀ ਤੇ 95,853 ਕਰੋੜ ਰੁਪਏ ਦਾ ਏਕੀਕ੍ਰਿਤ ਜੀਐੱਸਟੀ ਸ਼ਾਮਲ ਹੈ। ਮਾਰਚ ਦੌਰਾਨ ਉਪ ਟੈਕਸ ਮਾਲੀਆ 12,253 ਕਰੋੜ ਰੁਪਏ ਰਿਹਾ। ਮਾਰਚ ’ਚ ਕੁੱਲ ਰਿਫੰਡ 41 ਫੀਸਦ ਵੱਧ ਕੇ 19,615 ਕਰੋੜ ਰੁਪਏ ਹੋ ਗਿਆ ਹੈ। ਰਿਫੰਡਾਂ ਨੂੰ ਨਾਲ ਮਿਲਾਉਣ ਤੋਂ ਬਾਅਦ ਕੁੱਲ ਜੀਐੱਸਟੀ ਮਾਲੀਆ ਮਾਰਚ ਵਿੱਚ 1.76 ਲੱਖ ਕਰੋੜ ਰੁਪਏ ਤੋਂ ਵੱਧ ਰਿਹਾ ਜੋ ਸਾਲਾਨਾ ਆਧਾਰ ’ਤੇ 7.3 ਫੀਸਦ ਦਾ ਵਾਧਾ ਹੈ। ਅਪਰੈਲ 2024 ’ਚ ਜੀਐੱਸਟੀ ਮਾਲੀਆ 2.10 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ। ਡੈਲੌਇਟ ਇੰਡੀਆ ਦੇ ਭਾਈਵਾਲ ਐੱਮਐੱਸ ਮਨੀ ਨੇ ਕਿਹਾ ਕਿ ਮਾਰਚ ਵਿੱਚ ਕੁੱਲ ਜੀਐੱਸਟੀ ਮਾਲੀਏ ’ਚ 9.9 ਫੀਸਦ ਦਾ ਵਾਧਾ ਕਾਰੋਬਾਰੀਆਂ ਵੱਲੋਂ ਸਾਲ ਦੇ ਅਖੀਰ ’ਚ ਵਿਕਰੀ ਨੂੰ ਹੁਲਾਰਾ ਦੇਣ ਦੇ ਅਸਰ ਨੂੰ ਦਰਸਾਉਂਦਾ ਹੈ। -ਪੀਟੀਆਈ