ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ ਵਕਫ਼ ਸੋਧ ਬਿੱਲ
ਨਵੀਂ ਦਿੱਲੀ, 1 ਅਪਰੈਲ
ਵਿਵਾਦਤ ਵਕਫ਼ (ਸੋਧ) ਬਿੱਲ ਚਰਚਾ ਤੇ ਪਾਸ ਕਰਨ ਲਈ ਬੁੱਧਵਾਰ ਨੂੰ ਲੋਕ ਸਭਾ ਵਿੱਚ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਸਰਕਾਰ ਅਤੇ ਪ੍ਰਸਤਾਵਿਤ ਕਾਨੂੰਨ ਨੂੰ ਗ਼ੈਰ-ਸੰਵਿਧਾਨਕ ਕਰਾਰ ਦੇਣ ਲਈ ਇੱਕਜੁੱਟ ਵਿਰੋਧੀ ਧਿਰ ਵਿਚਾਲੇ ਹੰਗਾਮਾ ਹੋਣ ਦੇ ਆਸਾਰ ਹਨ। ਵਕਫ਼ ਬਿੱਲ ਵਿੱਚ ਵਕਫ਼ ਜਾਇਦਾਦਾਂ ਦੇ ਪ੍ਰਬੰਧਨ ਅਤੇ ਪ੍ਰਸ਼ਾਸਨ ਵਿੱਚ ਸੁਧਾਰ ਦੀ ਤਜਵੀਜ਼ ਹੈ।
ਘੱਟਗਿਣਤੀਆਂ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਅੱਜ ਕਿਹਾ ਕਿ ਸਪੀਕਰ ਓਮ ਬਿਰਲਾ ਦੀ ਅਗਵਾਈ ਹੇਠ ਲੋਕ ਸਭਾ ਦੀ ਬਿਜਨੈੱਸ ਐਡਵਾਈਜ਼ਰੀ ਕਮੇਟੀ (ਬੀਏਸੀ) ਦੀ ਮੀਟਿੰਗ ਵਿੱਚ ਇਸ ਬਿੱਲ ’ਤੇ ਅੱਠ ਘੰਟੇ ਚਰਚਾ ਲਈ ਸਹਿਮਤੀ ਬਣੀ, ਜਿਸ ਨੂੰ ਸਦਨ ਦੀ ਰਾਇ ਮਗਰੋਂ ਵਧਾਇਆ ਜਾ ਸਕਦਾ ਹੈ। ਮੀਟਿੰਗ ਦੌਰਾਨ ਬਿੱਲ ਨੂੰ ਲੈ ਕੇ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸੰਭਾਵੀ ਤਿੱਖੀ ਬਹਿਸ ਦੇ ਸੰਕੇਤ ਦਿਖਾਈ ਦਿੱਤੇ ਜਦੋਂ ਕਾਂਗਰਸ ਸਣੇ ਕਈ ਵਿਰੋਧੀ ‘ਇੰਡੀਆ’ ਗੱਠਜੋੜ ਦੇ ਮੈਂਬਰ ਸਰਕਾਰ ’ਤੇ ਉਨ੍ਹਾਂ ਦੀ ਆਵਾਜ਼ ਦਬਾਉਣ ਦਾ ਦੋਸ਼ ਲਾਉਂਦਿਆਂ ਮੀਟਿੰਗ ਵਿੱਚੋਂ ਬਾਹਰ ਚਲੇ ਗਏ। ਹਾਲਾਂਕਿ ਇਸ ਸਿਆਸੀ ਜਮੂਦ ਦਾ ਮੁੱਦੇ ’ਤੇ ਕੋਈ ਅਸਰ ਪੈਣ ਦੇ ਆਸਾਰ ਨਹੀਂ ਹਨ ਕਿਉਂਕਿ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਕੋਲ ਲੋਕ ਸਭਾ ’ਚ ਮੈਂਬਰਾਂ ਦੀ ਢੁੱਕਵੀਂ ਗਿਣਤੀ ਉਸ ਦੇ ਪੱਖ ਵਿੱਚ ਹੈ।
ਲੋਕ ਸਭਾ ’ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ। ਉਨ੍ਹਾਂ ਆਖਿਆ ਕਿ ਵਿਰੋਧੀ ਪਾਰਟੀਆਂ ਬਹਿਸ ਲਈ ਹੋਰ ਸਮਾਂ ਮੰਗ ਰਹੀਆਂ ਸਨ ਤੇ ਉਹ ਚਾਹੁੰਦੀਆਂ ਹਨ ਤੇ ਸਦਨ ਵਿੱਚ ਮਨੀਪੁਰ ਦੀ ਸਥਿਤੀ ਤੇ ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡਾਂ ’ਤੇ ਵਿਵਾਦ ਸਣੇ ਹੋਰ ਮੁੱਦਿਆਂ ’ਤੇ ਵੀ ਚਰਚਾ ਹੋਵੇ। ਕਿਰਨ ਰਿਜਿਜੂ ਨੇ ਕਿਹਾ ਕਿ ਕਈ ਪਾਰਟੀਆਂ ਚਾਰ ਤੋਂ ਛੇ ਘੰਟੇ ਬਹਿਸ ਚਾਹੁੰਦੀਆਂ ਹਨ, ਜਦਕਿ ਵਿਰੋਧੀ ਧਿਰਾਂ ਦੇ ਮੈਂਬਰ 12 ਘੰਟੇ ਚਰਚਾ ਦੀ ਮੰਗ ’ਤੇ ਅੜੇ ਰਹੇ। ਉਨ੍ਹਾਂ ਆਖਿਆ ਕਿ ਜੇਕਰ ਬੁੱਧਵਾਰ ਨੂੰ ਸਦਨ ਨੂੰ ਅਜਿਹਾ ਲੱਗਦਾ ਹੈ ਤਾਂ ਅੱਠ ਘੰਟੇ ਦੀ ਅਲਾਟ ਕੀਤੀ ਮਿਆਦ ਵਧਾਈ ਜਾ ਸਕਦੀ ਹੈ। ਦੱਸਣਯੋਗ ਹੈ ਕਿ ਸਦਨ ’ਚ ਮੌਜੂਦਾ 542 ਮੈਂਬਰਾਂ ਵਿੱਚੋਂ ਐੱਨਡੀਏ ਦੇ 293 ਸੰਸਦ ਮੈਂਬਰ ਹਨ ਅਤੇ ਭਾਜਪਾ ਕਈ ਵਾਰ ਆਜ਼ਾਦ ਮੈਂਬਰਾਂ ਦੀ ਹਮਾਇਤ ਜੁਟਾਉਣ ’ਚ ਕਾਮਯਾਬ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਤੇਲਗੂ ਦੇਸਮ ਪਾਰਟੀ (ਟੀਡੀਪੀ), ਜੇਡੀ(ਯੂੁ) ਤੇ ਚਿਰਾਗ ਪਾਸਵਾਨ ਦੀ ਅਗਵਾਈ ਵਾਲੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਵਰਗੀਆਂ ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੇ ਪਹਿਲਾਂ ਬਿੱਲ ਦੇ ਕੁਝ ਪਹਿਲੂਆਂ ’ਤੇ ਇਤਰਾਜ਼ ਕੀਤਾ ਸੀ ਪਰ ਸੰਸਦ ਦੀ ਸਾਂਝੀ ਕਮੇਟੀ ਵੱਲੋਂ ਉਨ੍ਹਾਂ ਦੇ ਕੁਝ ਸੁਝਾਅ ਮਨਜ਼ੂਰ ਕੀਤੇ ਜਾਣ ਮਗਰੋਂ ਉਹ ਬਿੱਲ ਦੀ ਹਮਾਇਤ ਕਰ ਸਕਦੇ ਹਨ। ਲੋਕ ਸਭਾ ਦੀ ਮਨਜ਼ੂਰੀ ਮਿਲਣ ਮਗਰੋਂ ਵਕਫ਼ (ਸੋਧ) ਬਿੱਲ ਉਪਰਲੇ ਸਦਨ ’ਚ ਲਿਆਂਦਾ ਜਾ ਸਕਦਾ ਹੈ। ਉੱਥੇ ਵੀ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਕੋਲ ਮੈਂਬਰਾਂ ਦੀ ਢੁੱਕਵੀਂ ਗਿਣਤੀ ਹੈ। -ਪੀਟੀਆਈ
‘ਇੰਡੀਆ’ ਗੱਠਜੋੜ ਵੱਲੋਂ ਸਾਂਝੀ ਰਣਨੀਤੀ ’ਤੇ ਚਰਚਾ
ਨਵੀਂ ਦਿੱਲੀ: ਵਿਰੋਧੀ ‘ਇੰਡੀਆ’ ਗੱਠਜੋੜ ਨੇ ਵਕਫ਼ (ਸੋਧ) ਬਿੱਲ ਜਿਸ ਨੂੰ ਲੋਕ ਸਭਾ ਵਿੱਚ ਚਰਚਾ ਤੇ ਪਾਸ ਕਰਨ ਲਈ ਪੇਸ਼ ਕੀਤਾ ਜਾਣਾ ਹੈ, ਦਾ ਵਿਰੋਧ ਕਰਨ ਸਬੰਧੀ ਆਪਣੀ ਰਣਨੀਤੀ ’ਤੇ ਚਰਚਾ ਕੀਤੀ। ਵਿਰੋਧੀ ਪਾਰਟੀਆਂ ਨੇ ਸੰਸਦੀ ਕੰਪਲੈਕਸ ’ਚ ਮੀਟਿੰਗ ਕਰਕੇ ਵਿਵਾਦਤ ਬਿੱਲ ’ਤੇ ਚਰਚਾ ਕੀਤੀ ਅਤੇ ਆਪਣੀ ਰਣਨੀਤੀ ਘੜੀ। ਬਿੱਲ ’ਤੇ ਦੋਵਾਂ ਧਿਰਾਂ ਵਿਚਾਲੇ ਹੰਗਾਮਾ ਹੋਣ ਦੇ ਆਸਾਰ ਹਨ। ਮੀਟਿੰਗ ’ਚ ਕਾਂਗਰਸੀ ਆਗੂ ਰਾਹੁਲ ਗਾਂਧੀ, ਮਲਿਕਾਰਜੁਨ ਖੜਗੇ ਤੇ ਕੇ.ਸੀ. ਵੇਣੂਗੋਪਾਲ, ਸਮਾਜਵਾਦੀ ਪਾਰਟੀ ਦੇ ਰਾਮ ਗੋਪਾਲ ਯਾਦਵ, ਐੱਨਸੀਪੀ ਆਗੂ ਸੁਪ੍ਰਿਆ ਸੂਲੇ, ਟੀਐੱਮਸੀ ਦੇ ਕਲਿਆਣ ਬੈਨਰਜੀ ਅਤੇ ‘ਆਪ’ ਦੇ ਸੰਜੈ ਸਿੰਘ ਤੋਂ ਇਲਾਵਾ ਡੀਐੇੱਮਕੇ ਦੇ ਟੀ.ਆਰ. ਬਾਲੂ, ਤਿਰੁਚੀ ਸ਼ਿਵਾ ਤੇ ਕੰਨੀਮੋੜੀ, ਆਰਜੇਡੀ ਦੇ ਮਨੋਜ ਕੁਮਾਰ ਝਾਅ, ਸੀਪੀਆਈ-ਐੱਮ ਦੇ ਜੌਹਨ ਬ੍ਰਿਟਾਸ, ਸੀਪੀਆਈ ਦੇ ਐੱਸ. ਕੁਮਾਰ ਪੀ, ਆਰਐੈੱਸਪੀ ਦੇ ਐੱਨ.ਕੇ. ਪ੍ਰੇਮਚੰਦਰਨ ਅਤੇ ਵਾਇਕੋ ਸ਼ਾਮਲ ਹੋਏ। -ਪੀਟੀਆਈ
ਅਜਮੇਰ ਦਰਗਾਹ ਵੱਲੋਂ ਵਕਫ਼ ਸੋਧ ਬਿੱਲ ਦੇ ਹਮਾਇਤੀਆਂ ਦੀ ਆਲੋਚਨਾ
ਜੈਪੁਰ: ਰਾਜਸਥਾਨ ਵਿੱਚ ਅਜਮੇਰ ਦਰਗਾਹ ਦੇ ਖਾਦਿਮਾਂ (ਸਾਂਭ ਸੰਭਾਲ ਕਰਨ ਵਾਲਿਆਂ) ਦੀ ਨੁਮਾਇੰਦਾ ਸੰਸਥਾ ਅੰਜੂਮਨ ਨੇ ਵਕਫ਼ (ਸੋਧ) ਬਿੱਲ ਦੀ ਹਮਾਇਤ ਕਰਨ ਵਾਲੇ ਮੈਂਬਰਾਂ ਦੀ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਮੁਸਲਮਾਨਾਂ ਦੇ ਹਿੱਤਾਂ ਖ਼਼ਿਲਾਫ਼ ਕੰਮ ਕਰਨ ਵਾਲੇ ਅਨਸਰ ਕਰਾਰ ਦਿੱਤਾ ਹੈ। ਸੰਸਥਾ ਨੇ ਇਹ ਟਿੱਪਣੀ ਖਾਦਿਮ ਸਲਮਾਨ ਚਿਸ਼ਤੀ ਦੇ ਇੱਕ ਆਰਟੀਕਲ, ਜਿਸ ’ਚ ਉਨ੍ਹਾਂ ਨੇ ਬਿੱਲ ਦੀ ਹਮਾਇਤ ਕੀਤੀ ਹੈ, ਪ੍ਰਕਾਸ਼ਿਤ ਹੋਣ ਮਗਰੋਂ ਕੀਤੀ ਹੈ। ਅੰਜੂਮਨ ਸੰਸਥਾ ਦੇ ਸਕੱਤਰ ਸਰਵਰ ਚਿਸ਼ਤੀ ਨੇ ਕਿਹਾ ਕਿ ਸਲਮਾਨ ਦਰਗਾਹ ’ਤੇ ਸੇਵਾ ਕਰਨ ਵਾਲੇ 5,000 ਖਾਦਿਮਾਂ ਵਿੱਚੋਂ ਇਕ ਹੈ। -ਪੀਟੀਆਈ
ਮਹਿੰਗਾਈ ਤੇ ਬੇਰੁਜ਼ਗਾਰੀ ਤੋਂ ਧਿਆਨ ਭਟਕਾ ਰਿਹੈ ਕੇਂਦਰ: ਆਪ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਅੱਜ ਤਜਵੀਜ਼ ਕੀਤੇ ਵਕਫ਼ ਬਿੱਲ ਨੂੰ ਲੈ ਕੇ ਭਾਜਪਾ ਦੀ ਆਲੋਚਨਾ ਕੀਤੀ ਤੇ ਦੋਸ਼ ਲਾਇਆ ਕਿ ਪਾਰਟੀ ਇਹ ਬਿੱਲ ਲਿਆ ਕੇ ਡਿੱਗਦੇ ਰੁਪਏ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਸੁਪਰੀਮ ਕੋਰਟ ਨੂੰ ਦਸ ਚੁੱਕੀ ਹੈ ਕਿ ਵਕਫ ਦੀਆਂ 99 ਫੀਸਦ ਜਾਇਦਾਦਾਂ ਡਿਜੀਟਾਈਜ਼ਡ ਹੋ ਚੁੱਕੀਆਂ ਹਨ ਤਾਂ ਉਹ ਬਿੱਲ ਕਿਉਂ ਲਿਆ ਰਹੀ ਹੈ। -ਪੀਟੀਆਈ\
ਬਿੱਲ ਦਾ ਮਕਸਦ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ਖੋਹਣਾ: ਓਵਾਇਸੀ
ਬਿੱਲ ਦੇ ਆਲੋਚਕ ਏਆਈਐੱਆਈਐੱਮ ਮੈਂਬਰ ਅਸਦ-ਉਦ-ਦੀਨ ਓਵਾਇਸੀ ਨੇ ਕਿਹਾ ਕਿ ਉਹ ਸਦਨ ’ਚ ਬਿੱਲ ’ਤੇ ਚਰਚਾ ਦੌਰਾਨ ਦੱਸਣਗੇ ਕਿ ਇਹ ਬਿੱਲ ਕਿਵੇਂ ‘‘ਗ਼ੈਰਸੰਵਿਧਾਨਕ’’ ਹੈ। ਉਨ੍ਹਾਂ ਦੋਸ਼ ਲਾਇਆ ਕਿ ਬਿੱਲ ਦਾ ਮਕਸਦ ਮੁਸਲਮਾਨਾਂ ਦੀ ਧਾਰਮਿਕ ਆਜ਼ਾਦੀ ’ਤੇ ਲਗਾਮ ਲਾਉਣਾ ਹੈ। ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੇ ਟੀਡੀਪੀ ਅਤੇ ਜੇਡੀ(ਯੂੁ) ਵਰਗੇ ਸਹਿਯੋਗੀਆਂ ਨੂੰ ਸਬਕ ਸਿਖਾਉਣਗੇ।
ਕਾਂਗਰਸ ਅਤੇ ਹੋਰ ਪਾਰਟੀਆਂ ਵੱਲੋਂ ਵ੍ਹਿਪ ਜਾਰੀ
ਨਵੀਂ ਦਿੱਲੀ: ਸਰਕਾਰ ਵੱਲੋਂ ਵਕਫ਼ ਬਿੱਲ ਲਿਆਂਦੇ ਜਾਣ ਦੇ ਮੱਦੇਨਜ਼ਰ ਅੱਜ ਕਾਂਗਰਸ, ਜਨਤਾ ਦਲ (ਯੂ), ਟੀਡੀਪੀ, ਸ਼ਿਵ ਸੈਨਾ ਤੇ ਐੱਲਜੇਪੀ (ਰਾਮਵਿਲਾਸ) ਨੇ ਅੱਜ ਆਪੋ-ਆਪਣੇ ਮੈਂਬਰਾਂ ਨੂੰ ਵ੍ਹਿਪ ਜਾਰੀ ਕਰਕੇ ਅਗਲੇ ਦਿਨ ਸਦਨ ’ਚ ਹਾਜ਼ਰੀ ਯਕੀਨੀ ਬਣਾਉਣ ਦਾ ਨਿਰਦੇਸ਼ ਦਿੱਤਾ ਹੈ। ਸੂਤਰਾਂ ਮੁਤਾਬਕ ਕਾਂਗਰਸ ਨੇ ਤਿੰਨ ਲਾਈਨਾਂ ਦਾ ਵ੍ਹਿਪ ਉਦੋੋਂ ਜਾਰੀ ਕੀਤਾ ਜਦੋਂ ਸਰਕਾਰ ਨੇ ਸਪੱਸ਼ਟ ਕੀਤਾ ਵਿਵਾਦਤ ਵਕਫ਼ (ਸੋਧ) ਬਿੱਲ ਬੁੱਧਵਾਰ ਨੂੰ ਚਰਚਾ ਤੇ ਪਾਸ ਕਰਨ ਲਈ ਲੋਕ ਸਭਾ ਵਿੱਚ ਲਿਆਂਦਾ ਜਾਵੇਗਾ। -ਪੀਟੀਆਈ