ਅਮਰੀਕਾ ਵੱਲੋਂ ਭਾਰਤ ਸਣੇ ਹੋਰ ਮੁਲਕਾਂ ’ਤੇ ਟੈਕਸਾਂ ਦਾ ਐਲਾਨ ਅੱਜ
ਨਿਊਯਾਰਕ/ਵਾਸ਼ਿੰਗਟਨ, 1 ਅਪਰੈਲ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਲਕੇ ਭਾਰਤ ਸਣੇ ਹੋਰ ਮੁਲਕਾਂ ’ਤੇ ਜਵਾਬੀ ਟੈਕਸ ਲਾਏ ਜਾਣ ਦਾ ਐਲਾਨ ਕੀਤਾ ਜਾਵੇਗਾ। ਪਿਛਲੇ ਮਹੀਨੇ ਦੇ ਸ਼ੁਰੂ ’ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਮੌਜੂਦਾ ਟੈਕਸ ‘ਆਰਜ਼ੀ’ ਅਤੇ ‘ਥੋੜ੍ਹੇ’ ਹਨ ਪਰ ਜਵਾਬੀ ਟੈਕਸ 2 ਅਪਰੈਲ ਤੋਂ ਲਾਏ ਜਾਣਗੇ। ਟਰੰਪ ਦਾ ਦਾਅਵਾ ਹੈ ਕਿ ਟੈਕਸ ਅਮਰੀਕਾ ਲਈ ਵੱਡਾ ਬਦਲਾਅ ਲਿਆਉਣਗੇ। ਜਵਾਬੀ ਟੈਕਸ ਲਾਏ ਜਾਣ ਦੇ ਐਲਾਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਭਾਰਤ ਆਪਣੇ ਟੈਕਸਾਂ ’ਚ ਕਾਫੀ ਹੱਦ ਤੱਕ ਕਟੌਤੀ ਕਰੇਗਾ। ਆਪਣੇ ਓਵਲ ਦਫ਼ਤਰ ’ਚ ਸੋਮਵਾਰ ਨੂੰ ਸਵਾਲਾਂ ਦਾ ਜਵਾਬ ਦਿੰਦਿਆਂ ਟਰੰਪ ਨੇ ਕਿਹਾ, ‘‘ਮੈਨੂੰ ਜਾਪਦਾ ਹੈ ਕਿ ਕਈ ਮੁਲਕ ਆਪਣੇ ਟੈਕਸਾਂ ’ਚ ਕਟੌਤੀ ਕਰਨਗੇ ਕਿਉਂਕਿ ਉਹ ਕਈ ਸਾਲਾਂ ਤੋਂ ਅਮਰੀਕਾ ’ਤੇ ਗਲਤ ਢੰਗ ਨਾਲ ਮੋਟੇ ਟੈਕਸ ਲਗਾ ਰਹੇ ਹਨ।
ਯੂਰਪੀ ਯੂਨੀਅਨ ਨੇ ਕਾਰਾਂ ’ਤੇ ਟੈਕਸ ਘਟਾ ਕੇ ਢਾਈ ਫ਼ੀਸਦ ਕਰ ਦਿੱਤਾ ਹੈ। ਇਸ ਦਾ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਹੈ। ਅਮਰੀਕਾ ਵੈਸੇ ਹੀ ਬਹੁਤ ਥੋੜ੍ਹਾ ਟੈਕਸ ਵਸੂਲਦਾ ਹੈ।’’ ਟਰੰਪ ਨੇ ਕਿਹਾ, ‘‘ਮੈਂ ਹੁਣੇ ਕੁਝ ਸਮਾਂ ਪਹਿਲਾਂ ਸੁਣਿਆ ਹੈ ਕਿ ਭਾਰਤ ਵੀ ਕਾਫੀ ਹੱਦ ਤੱਕ ਟੈਕਸਾਂ ’ਚ ਕਟੌਤੀ ਕਰ ਰਿਹਾ ਹੈ। ਮੇਰਾ ਕਹਿਣਾ ਹੈ ਕਿ ਇਹ ਬਹੁਤ ਪਹਿਲਾਂ ਕਿਉਂ ਨਹੀਂ ਹੋਇਆ ਜਦਕਿ ਹੁਣ ਕਈ ਮੁਲਕ ਆਪਣੇ ਟੈਕਸ ਘਟਾਉਣ ਜਾ ਰਹੇ ਹਨ।’’ ਟਰੰਪ ਦੇ ਬਿਆਨ ਤੋਂ ਕੁਝ ਘੰਟੇ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਕਿ ਭਾਰਤ ਵੱਲੋਂ ਅਮਰੀਕੀ ਖੇਤੀਬਾੜੀ ਵਸਤਾਂ ’ਤੇ 100 ਫ਼ੀਸਦੀ ਟੈਕਸ ਵਸੂਲਿਆ ਜਾਂਦਾ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲਿਨ ਲੀਵਿਟ ਨੇ ਕਿਹਾ ਕਿ ਵਾਧੂ ਟੈਕਸ ਵਸੂਲਣ ਕਾਰਨ ਅਮਰੀਕਾ ਵਲੋਂ ਇਨ੍ਹਾਂ ਦੇਸ਼ਾਂ ਵਿਚ ਬਰਾਮਦ ਕਰਨਾ ਲਗਭਗ ਅਸੰਭਵ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਜਵਾਬੀ ਟੈਕਸ ਲਗਾਉਣ ਦਾ 2 ਅਪਰੈਲ ਨੂੰ ਐਲਾਨ ਕਰਨਗੇ। ਲੀਵਿਟ ਨੇ ਚਾਰਟ ਦੇ ਹਵਾਲੇ ਨਾਲ ਕਿਹਾ, ‘‘ਯੂਰੋਪੀ ਯੂਨੀਅਨ ਅਮਰੀਕੀ ਡੇਅਰੀ ਉਤਪਾਦਾਂ ’ਤੇ 50 ਫ਼ੀਸਦੀ ਟੈਕਸ ਲਾਉਂਦੀ ਹੈ। ਅਮਰੀਕੀ ਚੌਲ ’ਤੇ ਜਪਾਨ 700 ਫ਼ੀਸਦੀ, ਅਮਰੀਕੀ ਖੇਤੀਬਾੜੀ ਵਸਤਾਂ ’ਤੇ ਭਾਰਤ 100 ਫ਼ੀਸਦੀ ਅਤੇ ਅਮਰੀਕੀ ਮੱਖਣ ਤੇ ਪਨੀਰ ਉਪਰ ਕੈਨੇਡਾ ਕਰੀਬ 300 ਫ਼ੀਸਦੀ ਟੈਕਸ ਵਸੂਲਦੇ ਹਨ।’’ ਉਨ੍ਹਾਂ ਕਿਹਾ ਕਿ ਇਹ ਹੁਣ ਜਵਾਬੀ ਟੈਕਸ ਲਗਾਉਣ ਦਾ ਸਮਾਂ ਹੈ ਅਤੇ ਰਾਸ਼ਟਰਪਤੀ ਅਮਰੀਕੀ ਲੋਕਾਂ ਦੇ ਹੱਕਾਂ ਲਈ ਇਤਿਹਾਸਕ ਕਦਮ ਚੁਕਣਗੇ। -ਪੀਟੀਆਈ
ਅਮਰੀਕੀ ਟੈਕਸਾਂ ਦੇ ਟਾਕਰੇ ਲਈ ਸਰਗਰਮ ਹੋਇਆ ਵਣਜ ਮੰਤਰਾਲਾ
ਨਵੀਂ ਦਿੱਲੀ: ਟਰੰਪ ਪ੍ਰਸ਼ਾਸਨ ਵੱਲੋਂ ਜਵਾਬੀ ਟੈਕਸ ਲਾਉਣ ਦੇ ਐਲਾਨ ਤੋਂ ਪਹਿਲਾਂ ਕੇਂਦਰੀ ਵਣਜ ਮੰਤਰਾਲਾ ਉਨ੍ਹਾਂ ਦੇ ਟਾਕਰੇ ਲਈ ਵੱਖ ਵੱਖ ਪਹਿਲੂਆਂ ’ਤੇ ਕੰਮ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਅਮਰੀਕੀ ਟੈਕਸਾਂ ਦਾ ਅਸਰ ਵੱਖ ਵੱਖ ਖੇਤਰਾਂ ’ਤੇ ਵੱਖੋ-ਵੱਖਰਾ ਹੋ ਸਕਦਾ ਹੈ। ਘਰੇਲੂ ਸਨਅਤਾਂ ਅਤੇ ਬਰਾਮਦਕਾਰਾਂ ਨੇ ਅਮਰੀਕਾ ਦੇ ਜਵਾਬੀ ਟੈਕਸ ਦੇ ਸੰਭਾਵੀ ਅਸਰ ’ਤੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਟੈਕਸਾਂ ਨਾਲ ਆਲਮੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਦੀ ਦੌੜ ’ਚੋਂ ਉਹ ਬਾਹਰ ਹੋ ਜਾਣਗੇ। ਅਮਰੀਕੀ ਵਪਾਰ ਪ੍ਰਤੀਨਿਧ ਦੀ ਕੌਮੀ ਵਪਾਰ ਅਨੁਮਾਨ ਰਿਪੋਰਟ-2025 ਮੁਤਾਬਕ ਭਾਰਤ ਖੇਤੀ ਵਸਤਾਂ, ਦਵਾਈਆਂ ਅਤੇ ਸ਼ਰਾਬ ਆਦਿ ਜਿਹੀਆਂ ਅਮਰੀਕੀ ਵਸਤਾਂ ’ਤੇ ਵਾਧੂ ਟੈਕਸ ਵਸੂਲਦਾ ਹੈ। ਉਸ ਵੱਲੋਂ ਗ਼ੈਰ-ਟੈਕਸ ਬੈਰੀਅਰ ਵੀ ਥੋਪੇ ਗਏ ਹਨ। ਭਾਰਤੀ ਸਨਅਤਾਂ ਅਤੇ ਸਰਕਾਰੀ ਅਧਿਕਾਰੀ ਟੈਕਸਾਂ ਦੀ ਦਰ ਬਾਰੇ ਦੁਚਿੱਤੀ ’ਚ ਹਨ। ਇਕ ਹੋਰ ਸੂਤਰ ਨੇ ਕਿਹਾ ਕਿ ਇਹ ਪਤਾ ਨਹੀਂ ਕਿ ਟੈਕਸ ਵਸਤਾਂ, ਖੇਤਰ ਜਾਂ ਦੇਸ਼ ਪੱਧਰ ’ਤੇ ਕਿਵੇਂ ਲਾਏ ਜਾਣਗੇ। ਮੌਜੂਦਾ ਸਮੇਂ ’ਚ ਅਮਰੀਕੀ ਵਸਤਾਂ ’ਤੇ ਭਾਰਤ ’ਚ 7.7 ਫ਼ੀਸਦ ਦਾ ਵਾਧੂ ਔਸਤਨ ਟੈਕਸ ਲਗਦਾ ਹੈ ਜਦਕਿ ਅਮਰੀਕਾ ਨੂੰ ਹੋਣ ਵਾਲੇ ਭਾਰਤੀ ਬਰਾਮਦ ’ਤੇ ਸਿਰਫ਼ 2.8 ਫ਼ੀਸਦੀ ਟੈਕਸ ਲਗਦਾ ਹੈ। ਭਾਰਤੀ ਖੇਤੀ ਉਤਪਾਦਾਂ ਦੀ ਬਰਾਮਦ ’ਤੇ ਅਮਰੀਕਾ ’ਚ ਮੌਜੂਦਾ ਸਮੇਂ ’ਚ 5.3 ਫ਼ੀਸਦ ਡਿਊਟੀ ਲਗਦੀ ਹੈ ਜਦਕਿ ਅਮਰੀਕੀ ਖੇਤੀਬਾੜੀ ਵਸਤਾਂ ’ਤੇ ਭਾਰਤ ’ਚ ਕਿਤੇ ਵਧ 37.7 ਫ਼ੀਸਦ ਟੈਕਸ ਵਸੂਲਿਆ ਜਾਂਦਾ ਹੈ। ਖੋਜ ਸੰਸਥਾ ਜੀਟੀਆਰਆਈ ਦੇ ਬਾਨੀ ਅਜੇ ਸ੍ਰੀਵਾਸਤਵ ਨੇ ਕਿਹਾ ਕਿ ਟੈਕਸ ਜਿੰਨਾ ਵਧ ਹੋਵੇਗਾ, ਉਹ ਸੈਕਟਰ ਵਧੇਰੇ ਪ੍ਰਭਾਵਿਤ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੇ ਛੇ ਉਤਪਾਦਾਂ ਅਤੇ 24 ਸਨਅਤਾਂ ਹਨ ਜਿਨ੍ਹਾਂ ’ਚੋਂ ਹਰੇਕ ਨੂੰ ਵੱਖੋ ਵੱਖਰੇ ਟੈਕਸਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -ਪੀਟੀਆਈ
ਅਮਰੀਕਾ ਦੇ ਜਵਾਬੀ ਟੈਕਸ ਤੋਂ ਪਹਿਲਾਂ ਸ਼ੇਅਰ ਬਾਜ਼ਾਰ ਡਿੱਗਿਆ
ਮੁੰਬਈ, 1 ਅਪਰੈਲ
ਅਮਰੀਕਾ ਵੱਲੋਂ ਜਵਾਬੀ ਟੈਕਸ ਲਾਏ ਜਾਣ ਤੋਂ ਇੱਕ ਦਿਨ ਪਹਿਲਾਂ ਅੱਜ ਸ਼ੇਅਰ ਬਾਜ਼ਾਰ ’ਚ ਨਵੇਂ ਵਿੱਤੀ ਸਾਲ ਦੇ ਪਹਿਲੇ ਦਿਨ ਵੱਡੀ ਗਿਰਾਵਟ ਦਰਜ ਕੀਤੀ ਗਈ ਅਤੇ ਬੰਬੇ ਸਟਾਕ ਐਕਸਚੇਂਜ ਦਾ ਸੈਂਸੈਕਸ 1,390 ਅੰਕ ਦੇ ਨੁਕਸਾਨ ਨਾਲ ਬੰਦ ਹੋਇਆ। ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ’ਚ ਵੀ 354 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਅਮਰੀਕਾ ਵੱਲੋਂ ਦੋ ਅਪਰੈਲ ਨੂੰ ਜਵਾਬੀ ਟੈਕਸ ਲਾਏ ਜਾਣ ਤੋਂ ਪਹਿਲਾਂ ਜਾਰੀ ਬੇਯਕੀਨੀ ਦਰਮਿਆਨ ਸੂਚਨਾ ਤਕਨੀਕ (ਆਈਟੀ) ਅਤੇ ਨਿੱਜੀ ਬੈਂਕ ਸ਼ੇਅਰਾਂ ਦੀ ਵੇਚ-ਵੱਟ ਨਾਲ ਬਾਜ਼ਾਰ ਨੂੰ ਨੁਕਸਾਨ ਹੋਇਆ ਹੈ। ਬੰਬੇ ਸਟਾਕ ਐਕਸਚੇਂਜ ਦਾ ਸੂਚਕਅੰਕ 1,390.40 ਅੰਕ ਦੇ ਨੁਕਸਾਨ ਨਾਲ 76,024.51 ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਸੂਚਕਅੰਕ ਇੱਕ ਸਮੇਂ 1,502.74 ਅੰਕ ਤੱਕ ਹੇਠਾਂ ਚਲਾ ਗਿਆ ਸੀ। ਸੈਂਸੈਕਸ ਦੇ ਤੀਹ ’ਚੋਂ 28 ਸ਼ੇਅਰ ਨੁਕਸਾਨ ’ਚ ਰਹੇ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 353.65 ਅੰਕ ਜਾਂ 1.50 ਫੀਸਦ ਦੀ ਗਿਰਾਵਟ ਨਾਲ 23.165.70 ਅੰਕ ’ਤੇ ਬੰਦ ਹੋਇਆ। ਇਹ ਇੱਕ ਮਹੀਨੇ ਵਿੱਚ ਇੱਕ ਦਿਨ ਅੰਦਰ ਆਈ ਸਭ ਤੋਂ ਵੱਡੀ ਗਿਰਾਵਟ ਹੈ। -ਪੀਟੀਆਈ