Mata Vaishno Devi Mandir: ਜੰਮੂ-ਕਸ਼ਮੀਰ: ਚੈਤਰ ਨਵਰਾਤਰੀ ਦੇ ਪਹਿਲੇ ਦਿਨ ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ
ਕਟੜਾ (ਜੰਮੂ ਅਤੇ ਕਸ਼ਮੀਰ), 30 ਮਾਰਚ
Chaitra Navratri: ਇੱਥੋਂ ਦੇ ਮਾਤਾ ਵੈਸ਼ਨੋ ਦੇਵੀ ਮੰਦਰ ਵਿੱਚ ਅੱਜ ਸਵੇਰੇ ਚੈਤਰ ਨਵਰਾਤਰੀ ਦੇ ਪਹਿਲੇ ਦਿਨ ਵੱਡੀ ਗਿਣਤੀ ਸ਼ਰਧਾਲੂ ਮੱਥਾ ਟੇਕਣ ਆਏ। ਨੌਂ ਦਿਨਾਂ ਦੇ ਤਿਉਹਾਰ ਦੌਰਾਨ ਹਰ ਇਕ ਦਿਨ ਮਾਂ ਦੁਰਗਾ ਦੇ ਇੱਕ ਵੱਖਰੇ ਰੂਪ ਨੂੰ ਸਮਰਪਿਤ ਹੁੰਦਾ ਹੈ। ਪਹਿਲੇ ਦਿਨ ਸ਼ਰਧਾਲੂ ਮਾਂ ਸ਼ੈਲਪੁੱਤਰੀ ਦੀ ਪੂਜਾ ਕਰਦੇ ਹਨ। ਇਸ ਮੌਕੇ ਸੈਂਕੜੇ ਸ਼ਰਧਾਲੂ ਮੰਦਰ ਵਿੱਚ ਪ੍ਰਾਰਥਨਾ ਕਰਨ ਲਈ ਲਾਈਨਾਂ ਵਿੱਚ ਖੜ੍ਹੇ ਦਿਖਾਈ ਦਿੱਤੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਕੇਂਦਰੀ ਮੰਤਰੀਆਂ ਨੇ ਨਵਰਾਤਰੀ ਤਿਉਹਾਰ ਦੇ ਮੌਕੇ ’ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਹਿੰਦੂ ਨਵ ਵਰਸ਼ (ਨਵ ਸਮਵਤਸਰ) ਮੌਕੇ ਵੀ ਸ਼ੁਭਕਾਮਨਾਵਾਂ ਦਿੱਤੀਆਂ।
ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਪੋਸਟ ਕਰਦਿਆਂ ਲਿਖਿਆ, ‘ਦੇਸ਼ ਵਾਸੀਆਂ ਨੂੰ ਨਵਰਾਤਰੀ ਦੀਆਂ ਸ਼ੁਭਕਾਮਨਾਵਾਂ। ਸ਼ਕਤੀ-ਸਾਧਨਾ ਦਾ ਇਹ ਪਵਿੱਤਰ ਤਿਉਹਾਰ ਸਾਰਿਆਂ ਦੇ ਜੀਵਨ ਨੂੰ ਹਿੰਮਤ, ਸੰਜਮ ਅਤੇ ਸ਼ਕਤੀ ਨਾਲ ਭਰ ਦੇਵੇ, ਜੈ ਮਾਤਾ ਦੀ।’ ਇਸ ਨੂੰ ਸ਼ਕਤੀ ਅਤੇ ਸਾਧਨਾ ਦਾ ਤਿਉਹਾਰ ਦੱਸਦੇ ਹੋਏ ਪ੍ਰਧਾਨ ਮੰਤਰੀ ਨੇ ਮਾਂ ਦੁਰਗਾ ਨੂੰ ਸਮਰਪਿਤ ਪ੍ਰਸਿੱਧ ਸ਼ਾਸਤਰੀ ਗਾਇਕ ਪੰਡਤ ਜਸਰਾਜ ਦਾ ਇੱਕ ਭਜਨ ਸਾਂਝਾ ਕੀਤਾ।
ਉਨ੍ਹਾਂ ਕਿਹਾ, ‘ਨਵਰਾਤਰੀ ਦੀ ਸ਼ੁਰੂਆਤ ਦੇਵੀ ਮਾਂ ਦੇ ਉਪਾਸਕਾਂ ਵਿੱਚ ਸ਼ਰਧਾ ਦਾ ਇੱਕ ਨਵਾਂ ਜੋਸ਼ ਭਰਦੀ ਹੈ। ਦੇਵੀ ਮਾਂ ਦੀ ਪੂਜਾ ਨੂੰ ਸਮਰਪਿਤ ਪੰਡਤ ਜਸਰਾਜ ਦਾ ਇਹ ਭਜਨ ਸਾਰਿਆਂ ਨੂੰ ਮੋਹਿਤ ਕਰਨ ਵਾਲਾ ਹੈ।’