JK FASHION SHOW CONTROVERSY: ਸਰਕਾਰ ਕਦੇ ਵੀ ਫੈਸ਼ਨ ਸ਼ੋਅ ਦੀ ਇਜਾਜ਼ਤ ਨਹੀਂ ਦਿੰਦੀ: ਉਮਰ ਅਬਦੁੱਲਾ
ਮੁੱਖ ਮੰਤਰੀ ਨੇ ਵਿਧਾਨ ਸਭਾ ਨੂੰ ਦੱਸਿਆ, ‘‘ਅਸੀਂ ਪਹਿਲਾਂ ਹੀ ਇਸ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ ਪਰ ਮੁੱਢਲੇ ਤੱਥਾਂ ਤੋਂ ਪਤਾ ਚੱਲਿਆ ਹੈ ਕਿ ਇਹ ਇੱਕ ਨਿੱਜੀ ਪਾਰਟੀ ਵੱਲੋਂ ਇੱਕ ਨਿੱਜੀ ਹੋਟਲ ਵਿੱਚ ਕਰਵਾਇਆ ਗਿਆ ਚਾਰ ਰੋਜ਼ਾ ਨਿੱਜੀ ਪ੍ਰੋਗਰਾਮ ਸੀ। ਫੈਸ਼ਨ ਸ਼ੋਅ 7 ਦਸੰਬਰ ਨੂੰ ਕਰਵਾਇਆ ਗਿਆ ਸੀ ਅਤੇ ਕੁਝ ਗੱਲਾਂ ਸਾਹਮਣੇ ਆਈਆਂ ਹਨ, ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਜੋ ਗਲਤ ਨਹੀਂ ਹਨ।’’
ਕਸ਼ਮੀਰ ਦੇ ਮੀਰਵਾਇਜ਼ ਉਮਰ ਫਾਰੂਕ ਨੇ ਐਤਵਾਰ ਨੂੰ ਕਿਹਾ ਸੀ ਕਿ ਸੈਰ-ਸਪਾਟਾ ਪ੍ਰਮੋਸ਼ਨ ਦੇ ਨਾਮ ’ਤੇ ਅਸ਼ਲੀਲਤਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਐਕਸ ’ਤੇ ਪੋਸਟ ਵਿੱਚ ਕਿਹਾ ,‘‘ਸੂਫੀ, ਸੰਤ ਸੱਭਿਆਚਾਰ ਅਤੇ ਆਪਣੇ ਲੋਕਾਂ ਦੇ ਡੂੰਘੇ ਧਾਰਮਿਕ ਦ੍ਰਿਸ਼ਟੀਕੋਣ ਲਈ ਜਾਣੀ ਜਾਂਦੀ ਘਾਟੀ ਵਿੱਚ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ?’’
ਇਸ ਪੋਸਟ ’ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਮੇਰਾ ਦਫ਼ਤਰ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਮੈਂ ਅਗਲੇ 24 ਘੰਟਿਆਂ ਦੇ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਰਿਪੋਰਟ ਦੇ ਆਧਾਰ ’ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।’’
ਉਮਰ ਅਬਦੁੱਲਾ ਨੇ ਕਿਹਾ, ‘‘ਕੁਝ ਲੋਕ ਕਹਿ ਰਹੇ ਹਨ ਕਿ ਅਜਿਹਾ ਸ਼ੋਅ ਰਮਜ਼ਾਨ ਦੇ ਮਹੀਨੇ ਵਿੱਚ ਨਹੀਂ ਹੋਣਾ ਚਾਹੀਦਾ ਸੀ। ਮੈਂ ਜੋ ਦੇਖਿਆ ਹੈ, ਉਸ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਇਹ ਸਾਲ ਦੇ ਕਿਸੇ ਵੀ ਸਮੇਂ ਨਹੀਂ ਹੋਣਾ ਚਾਹੀਦਾ ਸੀ।’’
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਇਸ ਪ੍ਰੋਗਰਾਮ ਨੂੰ ਕਰਵਾਉਣ ਵਿੱਚ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਉਨ੍ਹਾਂ ਕਿਹਾ, ‘‘ਇਹ ਇੱਕ ਨਿੱਜੀ ਪਾਰਟੀ ਸੀ, ਇੱਕ ਨਿੱਜੀ ਹੋਟਲ ਵਿੱਚ ਕੀਤੀ ਗਈ ਸੀ ਅਤੇ ਨਿੱਜੀ ਤੌਰ ’ਤੇ ਸੱਦਾ ਪੱਤਰ ਵੰਡੇ ਗਏ ਸਨ। ਸਰਕਾਰ ਤੋਂ ਕੋਈ ਇਜਾਜ਼ਤ ਨਹੀਂ ਲਈ ਗਈ ਸੀ, ਸਰਕਾਰ ਤੋਂ ਕੋਈ ਪੈਸਾ ਨਹੀਂ ਲਿਆ ਗਿਆ ਸੀ, ਕੋਈ ਸਰਕਾਰੀ ਬੁਨਿਆਦੀ ਢਾਂਚਾ ਨਹੀਂ ਵਰਤਿਆ ਗਿਆ ਸੀ ਅਤੇ ਨਾ ਹੀ ਕੋਈ ਸਰਕਾਰੀ ਅਧਿਕਾਰੀ ਇਸ ਸਮਾਗਮ ਵਿੱਚ ਮੌਜੂਦ ਸੀ।’’
ਮੁੱਖ ਮੰਤਰੀ ਨੇ ਕਿਹਾ, ‘‘ਜੇਕਰ ਸਰਕਾਰ ਤੋਂ ਇਜਾਜ਼ਤ ਮੰਗੀ ਜਾਂਦੀ ਤਾਂ ਉਹ ਅਜਿਹੇ ਸਮਾਗਮ ਦੀ ਕਦੇ ਇਜਾਜ਼ਤ ਨਹੀਂ ਦਿੰਦੀ। ਜੇਕਰ ਕਾਨੂੰਨ ਦੀ ਉਲੰਘਣਾ ਹੋਈ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।’’ -ਪੀਟੀਆਈ
ਕਠੂਆ ਕਤਲੇਆਮ ਨੂੰ ਸਿਆਸੀ ਰੰਗਤ ਦੇਣ ਦੇ ਦੋਸ਼ ਲਾਏ
Attempts being made to give political colour to Kathua killings: J-K CM Abdullah
ਕਠੂਆ ਵਿੱਚ ਨਾਗਰਿਕਾਂ ਦੀ ਭੇਤ-ਭਰੀ ਹੱਤਿਆ ’ਤੇ ਸੂਬਾ ਵਿਧਾਨ ਸਭਾ ਵਿੱਚ ਚਿੰਤਾ ਪ੍ਰਗਟਾਉਂਦਿਆਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਦਾਅਵਾ ਕੀਤਾ ਕਿ ਮਾਮਲੇ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲੀਸ ’ਤੇ ਸਵਾਲ ਉਠਾਇਆ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਪੀੜਤ ਪਰਿਵਾਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਪਰ ਉਪ ਮੁੱਖ ਮੰਤਰੀ ਨੂੰ ਅਜਿਹਾ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਵਿਧਾਨ ਸਭਾ ਵਿੱਚ ਅੱਜ ਸੱਤਾਧਾਰੀ ਅਤੇ ਵਿਰੋਧੀ ਧਿਰ ਵਿਚਾਲੇ ਕਠੂਆ ਵਿੱਚ ਨਾਗਰਿਕ ਹੱਤਿਆਵਾਂ ਸਣੇ ਕਈ ਮੁੱਦਿਆਂ ’ਤੇ ਤਿੱਖੀ ਬਹਿਸ ਹੋਈ। ਮੁੱਖ ਮੰਤਰੀ ਨੇ ਕਿਹਾ, ‘‘(ਕਠੂਆ ਘਟਨਾਵਾਂ ਨੂੰ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ)। ਮੈਂ ਹੈਰਾਨ ਹਾਂ ਕਿ ਇੱਕ ਵਿਰੋਧੀ ਧਿਰ ਦੇ ਨੇਤਾ ਨੂੰ (ਪੀੜਤ ਪਰਿਵਾਰਾਂ ਨੂੰ ਮਿਲਣ ਦੀ) ਇਜਾਜ਼ਤ ਦਿੱਤੀ ਗਈ ਪਰ ਉਪ ਮੁੱਖ ਮੰਤਰੀ (ਸੁਰਿੰਦਰ ਚੌਧਰੀ) ਨੂੰ ਰੋਕ ਦਿੱਤਾ ਗਿਆ। ਮੈਂ ਐਤਵਾਰ ਸਵੇਰੇ ਉਪ ਮੁੱਖ ਮੰਤਰੀ ਨਾਲ ਗੱਲ ਕੀਤੀ ਕਿਉਂਕਿ ਉਨ੍ਹਾਂ ਨੇ ਕਠੂਆ ਜਾਣ ਦੀ ਯੋਜਨਾ ਬਣਾਈ ਸੀ ਅਤੇ ਪ੍ਰਸ਼ਾਸਨ ਨੂੰ ਆਪਣੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਸੀ। ਪਰ ਐਤਵਾਰ ਨੂੰ ਉਨ੍ਹਾਂ ਦੇ ਘਰ ਅੱਗੇ ਹੋਰ ਪੁਲੀਸ ਤਾਇਨਾਤ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਵੇਲੇ ਉਨ੍ਹਾਂ ਦਾ ਇਹ ਦੌਰਾ ਢੁੱਕਵਾਂ ਨਹੀਂ। ਉਨ੍ਹਾਂ ਨੇ ਮੇਰੇ ਨਾਲ ਫ਼ੋਨ ’ਤੇ ਗੱਲ ਕੀਤੀ ਅਤੇ ਪੁੱਛਿਆ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।’’
ਉਮਰ ਅਬਦੁੱਲਾ ਨੇ ਦੱਸਿਆ, ‘‘ਮੈਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਗੈਰ-ਜ਼ਿੰਮੇਵਾਰ ਲੋਕ ਨਹੀਂ ਹਾਂ ਅਤੇ ਜੇਕਰ ਪ੍ਰਸ਼ਾਸਨ ਨੂੰ ਇਹ ਖਦਸ਼ਾ ਹੈ ਕਿ ਸਾਡੀ ਫੇਰੀ ਨਾਲ ਸਥਿਤੀ ਵਿਗੜ ਸਕਦੀ ਹੈ ਤਾਂ ਉੱਥੇ ਨਾ ਜਾਣਾ ਹੀ ਬਿਹਤਰ ਹੈ।’’ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਸੁਰਿੰਦਰ ਚੌਧਰੀ ਨੂੰ ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਨਾਲ ਗੱਲ ਕਰਨ ਲਈ ਕਿਹਾ ਪਰ ਉਹ ਕੇਂਦਰੀ ਗ੍ਰਹਿ ਸਕੱਤਰ ਦੇ ਦੌਰੇ ਵਿੱਚ ਰੁੱਝੇ ਹੋਏ ਸਨ। ਫਿਰ ਉਨ੍ਹਾਂ ਨੇ ਕਠੂਆ ਦੇ ਸੀਨੀਅਰ ਸੁਪਰਡੈਂਟ ਆਫ ਪੁਲੀਸ ਨਾਲ ਗੱਲ ਕੀਤੀ, ਜਿਨ੍ਹਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਥਿਤੀ ਤਣਾਅਪੂਰਨ ਹੈ ਅਤੇ ਉਨ੍ਹਾਂ ਨੂੰ ਕੁਝ ਦਿਨ ਉਡੀਕ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ, ‘‘ਹਾਲਾਂਕਿ, ਮੈਂ ਇਹ ਸਮਝਣ ਵਿੱਚ ਨਾਕਾਮ ਰਿਹਾ ਹਾਂ ਕਿ ਜੇਕਰ ਸਥਿਤੀ ਅਜਿਹੀ ਸੀ ਕਿ ਉਪ ਮੁੱਖ ਮੰਤਰੀ ਉੱਥੇ ਨਹੀਂ ਜਾ ਸਕਦੇ ਸਨ ਤਾਂ ਵਿਰੋਧੀ ਧਿਰ ਦੇ ਨੇਤਾ ਨੂੰ ਕਿਵੇਂ ਇਜਾਜ਼ਤ ਦਿੱਤੀ ਗਈ।’’
ਬਾਅਦ ਵਿੱਚ ਭਾਜਪਾ ਨੇਤਾ ਸੁਨੀਲ ਸ਼ਰਮਾ ਨੇ ਕਿਹਾ ਕਿ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਗ੍ਰਹਿ ਮੰਤਰੀ ਤਰਫ਼ੋਂ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਇਲਾਕੇ ਦਾ ਦੌਰਾ ਕੀਤਾ ਸੀ।