ਜੰਮੂ-ਕਸ਼ਮੀਰ: ਸ਼ਾਹ ਵੱਲੋਂ ਸੁਰੱਖਿਆ ਹਾਲਾਤ ਦਾ ਜਾਇਜ਼ਾ
ਸ੍ਰੀਨਗਰ, 8 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਨੇ ਅੱਜ ਇੱਥੇ ਜੰਮੂ-ਕਸ਼ਮੀਰ ਵਿੱਚ ਰਹੇ ਵਿਕਾਸ ਪ੍ਰਾਜੈਕਟਾਂ ਅਤੇ ਸੁਰੱਖਿਆ ਸਥਿਤੀ ਦੀ ਸਮੀਖਿਆ ਲਈ ਦੋ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ। ਇਸ ਦੌਰਾਨ ਉਨ੍ਹਾਂ ਸੁਰੱਖਿਆ ਏਜੰਸੀਆਂ ਦੀ ਸ਼ਲਾਘਾ ਵੀ ਕੀਤੀ। ਰਾਜ ਭਵਨ ਵਿੱਚ ਹੋਈ ਮੀਟਿੰਗ ਵਿੱਚ ਵਿਕਾਸ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ ਗਈ। ਇਸ ਵਿੱਚ ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਸਮੇਤ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਹਾਜ਼ਰ ਸਨ। ਦੋ ਘੰਟੇ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਉਨ੍ਹਾਂ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਹੋਰ ਮੀਟਿੰਗ ਕੀਤੀ, ਜੋ ਢਾਈ ਘੰਟੇ ਚੱਲੀ।
ਅਧਿਕਾਰੀਆਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਪੁਲੀਸ ਅਤੇ ਫੌਜ ਸਮੇਤ ਹੋਰ ਸੁਰੱਖਿਆ ਬਲਾਂ ਦੇ ਉੱਚ ਅਧਿਕਾਰੀ ਸ਼ਾਮਲ ਸਨ ਪਰ ਮੁੱਖ ਮੰਤਰੀ ਅਬਦੁੱਲਾ ਨੇ ਇਸ ਮੀਟਿੰਗ ਵਿੱਚ ਸ਼ਮੂਲੀਅਤ ਨਹੀਂ ਕੀਤੀ। ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਏਜੰਸੀਆਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚੌਕਸੀ ਵਧਾਉਣ ਲਈ ਕਿਹਾ। -ਪੀਟੀਆਈ
ਤਿੰਨ ਹੋਰ ਗਰੁੱਪ ਹੁਰੀਅਤ ਤੋਂ ਵੱਖ ਹੋਏ: ਸ਼ਾਹ
ਸ੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ‘ਜੰਮੂ-ਕਸ਼ਮੀਰ ਇਸਲਾਮਿਕ ਪੋਲੀਟੀਕਲ ਪਾਰਟੀ’, ‘ਜੰਮੂ-ਕਸ਼ਮੀਰ ਮੁਸਲਿਮ ਡੈਮੋਕਰੈਟਿਕ ਲੀਗ’ ਅਤੇ ‘ਕਸ਼ਮੀਰ ਫਰੀਡਮ ਫਰੰਟ’ ਨੇ ਵੱਖਵਾਦੀ ਗਰੁੱਪ ਹੁਰੀਅਤ ਕਾਨਫਰੰਸ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਹੁਣ ਤੱਕ ਜੰਮੂ-ਕਸ਼ਮੀਰ ਵਿੱਚ 11 ਅਜਿਹੇ ਸੰਗਠਨ ਵੱਖਵਾਦ ਤੋਂ ਕਿਨਾਰਾ ਕਰ ਚੁੱਕੇ ਹਨ। ਸ਼ਾਹ ਨੇ ਕਿਹਾ ਕਿ ਇਹ ਕਦਮ ਸੰਵਿਧਾਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ। ਸ਼ਾਹ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਯੁਕਤ ਅਤੇ ਸ਼ਕਤੀਸ਼ਾਲੀ ਭਾਰਤ ਦਾ ਦ੍ਰਿਸ਼ਟੀਕੋਣ ਅੱਜ ਹੋਰ ਮਜ਼ਬੂਤ ਹੋ ਗਿਆ ਹੈ। ਹੁਣ ਤੱਕ 11 ਸੰਗਠਨਾਂ ਨੇ ਵੱਖਵਾਦ ਨੂੰ ਤਿਆਗ ਕੇ ਇਸ ਦ੍ਰਿਸ਼ਟੀਕੋਣ ਪ੍ਰਤੀ ਅਟੁੱਟ ਸਮਰਥਨ ਦਿਖਾਇਆ ਹੈ। -ਪੀਟੀਆਈ