IPL ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ 8 ਵਿਕਟਾਂ ਨਾਲ ਹਰਾਇਆ
ਗੁਹਾਟੀ, 26 ਮਾਰਚ
Kolkata Knight Riders defeat Rajasthan Royals ਅਨੁਸ਼ਾਸਿਤ ਗੇਂਦਬਾਜ਼ੀ ਤੇ ਕੁਇੰਟਨ ਡੀਕਾਕ ਦੀ ਨਾਬਾਦ 91 ਦੌੜਾਂ ਦੀ ਪਾਰੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ ਨੇ ਅੱਜ ਇਥੇ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੁਕਾਬਲੇ ਵਿਚ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਰਾਜਸਥਾਨ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 151 ਦੌੜਾਂ ਬਣਾਈਆਂ। ਕੋਲਕਾਤਾ ਦੀ ਟੀਮ ਨੇ 17.3 ਓਵਰਾਂ ਵਿਚ 153/2 ਦੇ ਸਕੋਰ ਨਾਲ ਮੈਚ ਜਿੱਤ ਲਿਆ। ਡੀਕਾਕ ਨੇ 91 ਦੌੜਾਂ ਦੀ ਨਾਬਾਦ ਪਾਰੀ ਵਿਚ 8 ਚੌਕੇ ਤੇ 6 ਛੱਕੇ ਜੜੇ। ਹੋਰਨਾਂ ਬੱਲੇਬਾਜ਼ਾਂ ਵਿਚ Angkrish Raghuvanshi ਨੇ ਨਾਬਾਦ 22 ਤੇ ਅਜਿੰਨਿਕਾ ਰਹਾਣੇ ਨੇ 18 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਲਈ ਵਾਨਿੰਦੂ ਹਸਰੰਗਾ ਨੇ ਇਕ ਵਿਕਟ ਲਈ।

ਇਸ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਦੀ ਸਪਿੰਨਰਾਂ ਦੀ ਜੋੜੀ ਵਰੁਣ ਚੱਕਰਵਰਤੀ ਤੇ ਮੋਈਨ ਅਲੀ ਦੀ ਸ਼ਾਨਦਾਰ ਤੇ ਅਨੁਸ਼ਾਸਿਤ ਗੇਂਦਬਾਜ਼ੀ ਦੀ ਬਦੌਲਤ ਕੋਲਕਾਤਾ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਦੇ ਮੈਚ ਦੌਰਾਨ ਰਾਜਸਥਾਨ ਰੌਇਲਜ਼ ਦੀ ਟੀਮ ਨੂੰ 151/9 ਦੇ ਸਕੋਰ ’ਤੇ ਰੋਕਣ ਵਿਚ ਸਫ਼ਲ ਰਹੀ।
ਚੱਕਰਵਰਤੀ ਨੇ ਚਾਰ ਓਵਰਾਂ ਵਿਚ 17 ਦੌੜਾਂ ਬਦਲੇ 2 ਵਿਕਟ ਲਏ ਜਦੋਂਕਿ ਮੋਈਨ ਅਲੀ ਚਾਰ ਓਵਰਾਂ ਵਿਚ 23 ਦੌੜਾਂ ਬਦਲੇ 2 ਵਿਕਟ ਲੈਣ ਵਿਚ ਸਫ਼ਲ ਰਿਹਾ। ਤੇਜ਼ ਗੇਂਦਬਾਜ਼ ਵੈਭਵ ਅਰੋੜਾ 4 ਓਵਰਾਂ ਵਿਚ 33 ਦੌੜਾਂ ਨਾਲ ਥੋੜ੍ਹਾ ਮਹਿੰਗਾ ਸਾਬਤ ਹੋਇਆ, ਪਰ ਉਸ ਨੇ ਰੌਇਲਜ਼ ਦੇ ਕਪਤਾਨ ਸੰਜੂ ਸੈਮਸਨ (11 ਗੇਂਦਾਂ ’ਤੇ 13 ਦੌੜਾਂ) ਤੇ ਸ਼ੁਭਮ ਦੂਬੇ (9) ਦੀਆਂ ਅਹਿਮ ਵਿਕਟਾਂ ਲਈਆਂ। ਹਰਸ਼ਿਤ ਰਾਣਾ ਨੇ 36 ਦੌੜਾਂ ਦੇ ਕੇ ਦੋ ਵਿਕਟ ਲਏ।
ਰਾਜਸਥਾਨ ਦੀ ਟੀਮ ਲਈ ਧਰੁਵ ਜੁਰੇਲ ਨੇ 33, ਯਸ਼ੱਸਵੀ ਜੈਸਵਾਲ ਨੇ 29, ਸਥਾਨਕ ਖਿਡਾਰੀ ਰਿਆਨ ਪਰਾਗ ਨੇ 25 ਦੌੜਾਂ ਬਣਾਈਆਂ। ਜੋਫ਼ਰਾ ਆਰਚਰ ਨੇ ਅਖੀਰ ਵਿਚ 7 ਗੇਂਦਾਂ ’ਤੇ 16 ਦੌੜਾਂ ਬਣਾ ਕੇ ਟੀਮ ਦੇ ਸਕੋਰ ਨੂੰ 150 ਤੋਂ ਪਾਰ ਪਹੁੰਚਾਇਆ। -ਪੀਟੀਆਈ