ਪਾਸਟਰ ਵੱਲੋਂ ਬੀਬੀਆਂ ਨਾਲ ਵਧੀਕੀ ਦਾ ਮਾਮਲਾ ਅਕਾਲ ਤਖ਼ਤ ਪੁੱਜਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 29 ਮਾਰਚ
ਪਾਸਟਰ ਬਜਿੰਦਰ ਸਿੰਘ ਵੱਲੋਂ ਔਰਤਾਂ ਨਾਲ ਕੀਤੀ ਕਥਿਤ ਵਧੀਕੀ ਦਾ ਮਾਮਲਾ ਅਕਾਲ ਤਖ਼ਤ ਪੁੱਜ ਗਿਆ ਹੈ। ਅੱਜ ਇਸ ਸਬੰਧੀ ਦੋ ਔਰਤਾਂ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਨਾਲ ਹੋਈ ਵਧੀਕੀ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਜਥੇਦਾਰ ਨੇ ਕਿਹਾ ਕਿ ਸਮੁੱਚਾ ਸਿੱਖ ਭਾਈਚਾਰਾ ਤੇ ਪੰਜਾਬ ਇਨਸਾਫ਼ ਦਿਵਾਉਣ ਲਈ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਬੀਬੀਆਂ ਨੇ ਦੋਸ਼ ਲਾਇਆ ਕਿ ਪਾਸਟਰ ਬਜਿੰਦਰ ਵੱਲੋਂ ਉਨ੍ਹਾਂ ਨਾਲ ਅਤਿਆਚਾਰ ਤੇ ਜਿਨਸੀ ਸ਼ੋਸ਼ਣ ਕੀਤਾ ਗਿਆ, ਜਿਸ ਸਬੰਧੀ ਪੁਲੀਸ ਵੱਲੋਂ ਕੇਸ ਵੀ ਦਰਜ ਕੀਤੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਪਾਸਟਰ ਦੇ ਕਰਿੰਦਿਆਂ ਵੱਲੋਂ ਦੋਵਾਂ ਨੂੰ ਡਰਾਇਆ-ਧਮਕਾਇਆ ਜਾ ਰਿਹਾ ਹੈ ਅਤੇ ਪੁਲੀਸ ਵੱਲੋਂ ਵੀ ਉਸ ਖ਼ਿਲਾਫ਼ ਸਖ਼ਤ ਕਾਰਵਾਈ ਨਹੀਂ ਕੀਤੀ ਗਈ, ਇਸ ਕਰਕੇ ਅੱਜ ਉਹ ਅਕਾਲ ਤਖ਼ਤ ਪੁੱਜੀਆਂ ਹਨ।
ਜਥੇਦਾਰ ਨੇ ਕਿਹਾ ਕਿ ਭਾਵੇਂ ਪੁਲੀਸ ਵੱਲੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ ਪਰ ਉਸ ਵਿਰੁੱਧ ਕਾਰਵਾਈ ਵਿੱਚ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਉਹ ਮੁਲਜ਼ਮ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰੇ ਅਤੇ ਪੀੜਤ ਬੀਬੀਆਂ ਦੀ ਸੁਰੱਖਿਆ ਯਕੀਨੀ ਬਣਾਵੇ। ਜਥੇਦਾਰ ਨੇ ਕਿਹਾ ਕਿ ਪੰਜਾਬ ਅੰਦਰ ਉਭਰ ਰਹੇ ਮਨੁੱਖਤਾ ਵਿਰੋਧੀ, ਸਿੱਖ ਵਿਰੋਧੀ ਤੇ ਪਖੰਡਵਾਦ ਦੇ ਡੇਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਇਨ੍ਹਾਂ ਨੂੰ ਤੁਰੰਤ ਬੰਦ ਕਰਨਾ ਚਾਹੀਦਾ ਹੈ।
ਭਾਈਚਾਰਕ ਸਾਂਝ ਕਾਇਮ ਰੱਖਣ ਦੀ ਅਪੀਲ
ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰ ਧਰਮ ਦੇ ਲੋਕ ਆਪੋ-ਆਪਣੇ ਧਰਮ ਵਿੱਚ ਪੱਕੇ ਰਹਿਣ ਅਤੇ ਸਮਾਜ ਅੰਦਰ ਭਾਈਚਾਰਕ ਸਾਂਝ ਕਾਇਮ ਰਹਿਣੀ ਵੀ ਅਤਿ ਜ਼ਰੂਰੀ ਹੈ। ਉਨ੍ਹਾਂ ਈਸਾਈ ਭਾਈਚਾਰੇ ਦੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਦੀ ਪਛਾਣ ਕਰਨ ਅਤੇ ਇਨ੍ਹਾਂ ਵਿਰੁੱਧ ਖੁਦ ਅਵਾਜ਼ ਉਠਾਉਣ। ਉਨ੍ਹਾਂ ਨੇ ਪੀੜਤ ਬੀਬੀਆਂ ਨੂੰ ਗੁਰੂ ਸਾਹਿਬ ’ਤੇ ਭਰੋਸਾ ਰੱਖਣ ਦਾ ਹੌਸਲਾ ਦਿੱਤਾ ਅਤੇ ਉਨ੍ਹਾਂ ਵੱਲੋਂ ਪਾਸਟਰ ਖ਼ਿਲਾਫ਼ ਆਵਾਜ਼ ਉਠਾਉਣ ਲਈ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ।