Appointment of CEC, ECs ਮੁੱਖ ਚੋਣ ਕਮਿਸ਼ਨਰ ਤੇ ਚੋਣ ਕਮਿਸ਼ਨਰਾਂ ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸੁਣਵਾਈ ਹੁਣ 16 ਅਪਰੈਲ ਨੂੰ
ਨਵੀਂ ਦਿੱਲੀ, 19 ਮਾਰਚ
Appointment of CEC, ECs ਸੁਪਰੀਮ ਕੋਰਟ 2023 ਦੇ ਇਕ ਕਾਨੂੰਨ ਤਹਿਤ ਮੁੱਖ ਚੋਣ ਕਮਿਸ਼ਨਰ (CEC) ਤੇ ਚੋਣ ਕਮਿਸ਼ਨਰਾਂ (EC's) ਦੀ ਨਿਯੁਕਤੀ ਨੂੰ ਚੁਣੌਤੀ ਦਿੰਦੀਆਂ ਪਟੀਸ਼ਨਾਂ ’ਤੇ 16 ਅਪਰੈਲ ਨੂੰ ਸੁਣਵਾਈ ਕਰੇਗੀ। ਕਾਬਿਲੇਗੌਰ ਹੈ ਕਿ ਇਸ ਮਾਮਲੇ ਉੱਤੇ ਪਹਿਲਾਂ ਅੱਜ ਸੁਣਵਾਈ ਹੋਣੀ ਸੀ। ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਫੌਰੀ ਸੁਣਵਾਈ ਦੀ ਮੰਗ ਕੀਤੀ ਸੀ।
ਐੱਨਜੀਓ Association for Democratic Reforms ਵੱਲੋਂ ਪੇਸ਼ ਭੂਸ਼ਣ ਨੇ ਕੋਰਟ ਨੂੰ ਦੱਸਿਆ ਕਿ ਇਹ ਮਾਮਲਾ ਸੁਣਵਾਈ ਲਈ 38ਵੇਂ ਨੰਬਰ ’ਤੇ ਸੂਚੀਬੰਦ ਹੈ ਤੇ ਅੱਜ ਇਸ ’ਤੇ ਸੁਣਵਾਈ ਸੰਭਵ ਨਹੀਂ ਜਾਪਦੀ। ਇਸ ਮਗਰੋਂ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਐੱਨ.ਕੋਟਿਸ਼ਵਰ ਸਿੰਘ ਦੇ ਬੈਂਚ ਨੇ ਅਗਲੀ ਸੁਣਵਾਈ ਦੀ ਤਰੀਕ 16 ਅਪਰੈਲ ਨਿਰਧਾਰਿਤ ਕਰ ਦਿੱਤੀ।
ਭੂਸ਼ਣ ਨੇ ਫੌਰੀ ਸੁਣਵਾਈ ਦੀ ਮੰਗ ਕਰਦਿਆਂ ਦਲੀਲ ਦਿੱਤੀ ਸੀ ਕਿ ਇਹ ਜਮਹੂਰੀਅਤ ਦੀ ਜੜ੍ਹਾਂ ਨਾਲ ਜੁੜਿਆ ਮਸਲਾ ਹੈ ਤੇ ਸੰਵਿਧਾਨਕ ਬੈਂਚ ਵੱਲੋਂ 2023 ਵਿਚ ਸੁਣਾਏ ਫੈਸਲੇ ਅਧੀਨ ਆਉਂਦਾ ਹੈ। ਜਸਟਿਸ ਕਾਂਤ ਨੇ ਕਿਹਾ ਕਿ ਕੋਰਟ ਇਨ੍ਹਾਂ ਸਾਰੀਆਂ ਦਲੀਲਾਂ ਨੂੰ ਸਮਝਦੀ ਹੈ, ਪਰ ਰੋਜ਼ਾਨਾ ਕਈ ਅਹਿਮ ਮੁੱਦੇ ਸੁਣਵਾਈ ਲਈ ਸੂਚੀਬੱਧ ਹੋ ਰਹੇ ਹਨ। ਬੈਂਚ ਨੇ ਕਿਹਾ, ‘‘ਅਸੀਂ 16 ਅਪਰੈਲ ਦੀ ਤਰੀਕ ਨਿਰਧਾਰਿਤ ਕਰਦੇ ਹਾਂ, ਤਾਂ ਕਿ ਇਸ ਮਸਲੇ ਉੱਤੇ ਅੰਤਿਮ ਸੁਣਵਾਈ ਹੋ ਸਕੇ।’’ -ਪੀਟੀਆਈ