ਆਰਟਿਲਰੀ ਗੰਨ ਸਿਸਟਮ ਦੀ ਖਰੀਦ ਲਈ 7000 ਕਰੋੜ ਰੁਪਏ ਦੇ ਸੌਦੇ ਨੂੰ ਮਨਜ਼ੂਰੀ
ਅਜੈ ਬੈਨਰਜੀ
ਨਵੀਂ ਦਿੱਲੀ, 20 ਮਾਰਚ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸੁਰੱਖਿਆ ਮਾਮਲਿਆਂ ਬਾਰੇ ਮੰਤਰੀ ਮੰਡਲ ਦੀ ਕਮੇਟੀ (ਸੀਸੀਐੱਸ) ਨੇ ਭਾਰਤੀ ਥਲ ਸੈਨਾ ਲਈ ਸੱਤ ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ‘ਐਡਵਾਂਡਸ ਟੋਅਡ ਆਰਟਿਲਰੀ ਗੰਨ ਸਿਸਟਮ’ (ਏਟੀਏਜੀਐੱਸ) ਖਰੀਦਣ ਲਈ ਇੱਕ ਵੱਡੇ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਸ ਤਰ੍ਹਾਂ ਦੀ ਤੋਪ ਦੇ ਸਵਦੇਸ਼ੀ ਨਿਰਮਾਣ ਦੀ ਦਿਸ਼ਾ ’ਚ ਵੱਡਾ ਕਦਮ ਹੈ।
ਏਟੀਏਜੀਐੱਸ ਪਹਿਲੀ ਸਵਦੇਸ਼ੀ ਤੌਰ ’ਤੇ ਡਿਜ਼ਾਈਨ, ਵਿਕਾਸਿਤ ਤੇ ਨਿਰਮਿਤ 155 ਐੱਮਐੱਮ ਤੋਪ ਪ੍ਰਣਾਲੀ ਹੈ ਅਤੇ ਇਸ ਦੀ ਖਰੀਦ ਨਾਲ ਭਾਰਤੀ ਸੈਨਾ ਦੀ ਜੰਗੀ ਸਮਰੱਥਾ ’ਚ ਵਾਧਾ ਹੋਵੇਗਾ। ਇਸ ਤੋਪ ਪ੍ਰਣਾਲੀ ’ਚ 52 ਕੈਲੀਬਰ ਲੰਮੀ ਬੈਰਲ ਹੁੰਦੀ ਹੈ ਜੋ 45 ਕਿਲੋਮੀਟਰ ਤੱਕ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਸੂਤਰਾਂ ਨੇ ਦੱਸਿਆ ਕਿ ਸੀਸੀਐੱਸ ਨੇ ਬੀਤੇ ਦਿਨ ਏਟੀਏਜੀਐੱਸ ਦੀ ਖਰੀਦ ਸਬੰਧੀ ਮਤੇ ਨੂੰ ਮਨਜ਼ੂਰੀ ਦਿੱਤੀ ਸੀ। ਇਸ ਸੌਦੇ ਤਹਿਤ ਕੁੱਲ 307 ਤੋਪਾਂ ਤੇ ਤੋਪਾਂ ਲਿਜਾਣ ਵਾਲੇ 327 ਵਾਹਨ ਖਰੀਦੇ ਜਾਣਗੇ। ਸੂਤਰਾਂ ਨੇ ਦੱਸਿਆ ਕਿ ਭਾਰਤ ਦੀ ਪੱਛਮੀ (ਪਾਕਿਸਤਾਨ) ਅਤੇ ਉੱਤਰੀ (ਚੀਨ) ਸਰਹੱਦਾਂ ’ਤੇ ਇਹ ਤੋਪ ਪ੍ਰਣਾਲੀਆਂ ਤਾਇਨਾਤ ਹੋਣ ਨਾਲ ਹਥਿਆਰਬੰਦ ਬਲਾਂ ਨੂੰ ਅਹਿਮ ਰਣਨੀਤਕ ਸਮਰੱਥਾ ਹਾਸਲ ਹੋਵੇਗੀ ਜਿਸ ਨਾਲ ਜੰਗੀ ਮੁਹਿੰਮਾਂ ਦੀਆਂ ਤਿਆਰੀਆਂ ਤੇ ਮਾਰੂ ਸਮਰੱਥਾ ’ਚ ਵਾਧਾ ਯਕੀਨੀ ਬਣੇਗਾ। ‘ਮੇਕ ਇਨ ਇੰਡੀਆ’ ਪਹਿਲ ਤਹਿਤ ਏਟੀਏਜੀਐੱਸ ਨੂੰ ਡੀਆਰਡੀਓ ਤੇ ਭਾਰਤੀ ਨਿੱਜੀ ਉਯਯੋਗ ਭਾਈਵਾਲਾਂ ਵਿਚਾਲੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਸ ਦੇ 65 ਫੀਸਦ ਤੋਂ ਵੱਧ ਉਪਕਰਨ ਘਰੇਲੂ ਪੱਧਰ ’ਤੇ ਹੀ ਪ੍ਰਾਪਤ ਕੀਤੇ ਗਏ ਹਨ। -ਪੀਟੀਆਈ