PAWAR-RAUT MEETING: ਸ਼ਰਦ ਪਵਾਰ ਵੱਲੋਂ ਭਤੀਜੇ ਅਜੀਤ ਪਵਾਰ ਨਾਲ ਮੁਲਾਕਾਤ
ਮੁੰਬਈ, 22 ਮਾਰਚ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨੇ ਅੱਜ ਪੁਣੇ ਦੇ ਵਸੰਤਦਾਦਾ ਸ਼ੂਗਰ ਇੰਸਟੀਚਿਊਟ (ਵੀਐੱਸਆਈ) ਵਿੱਚ ਆਪਣੇ ਭਤੀਜੇ ਅਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨਾਲ ਮੁਲਾਕਾਤ ਕੀਤੀ। ਦੁੂਜੇ ਪਾਸੇ ਇਸ ਮੁਲਾਕਾਤ ਨੂੰ ਲੈ ਕੇ ਸ਼ਰਦ ਪਾਵਾਰ ਦੇ ਸਹਿਯੋਗੀ ਅਤੇ ਸ਼ਿਵ ਸੈਨਾ (ਯੂਬੀਟੀ) ਆਗੂ ਸੰਜੈ ਰਾਊਤ ਨੇ ਨਿਸ਼ਾਨਾ ਸੇਧਿਆ ਹੈ। ਰਾਊਤ ਨੇ ਆਖਿਆ ਕਿ ਸ਼ਿਵ ਸੈਨਾ (ਯੂਬੀਟੀ) ਆਗੂ ਉਨ੍ਹਾਂ ਨਾਲ ਕੋਈ ਰਾਬਤਾ ਨਹੀਂ ਰੱਖਦੇ ਜੋ ਪਾਰਟੀ ਛੱਡ ਕੇ ਚਲੇ ਗਏ ਹਨ। ਉਨ੍ਹਾਂ ਦੀ ਪਾਰਟੀ ਐੱਨਸੀਪੀ (ਐੱਸਪੀ) ਅਤੇ ਕਾਂਗਰਸ ਨਾਲ ਵਿਰੋਧੀ ਗੱਠਜੋੜ ਮਹਾ ਵਿਕਾਸ ਅਘਾੜੀ (ਐੱਮਵੀਏ) ਦਾ ਹਿੱਸਾ ਹੈ।
ਇਸ ਤੋਂ ਪਹਿਲਾਂ ਅੱਜ ਸ਼ਰਦ ਪਵਾਰ, ਉਨ੍ਹਾਂ ਦੀ ਪਾਰਟੀ ਦੇ ਸੂਬਾ ਪ੍ਰਧਾਨ ਜੈਅੰਤ ਪਾਟਿਲ ਅਤੇ ਵਿਰੋਧੀ ਐੱਨਸੀਪੀ ਦੇ ਆਗੂ ਅਜੀਤ ਪਵਾਰ ਤੇ ਦਿਲੀਪ ਵਾਲਸੇ ਪਾਟਿਲ ਖੋਜ ਸੰਸਥਾ ਵਸੰਤਦਾਦਾ ਸ਼ੂਗਰ ਇੰਸਟੀਚਿਊਟ ਦੀ ਗਵਰਨਿੰਗ ਕੌਂਸਲ ਦੀ ਮੀਟਿੰਗ ਵਿੱਚ ਸ਼ਾਮਲ ਹੋਏ।
ਸੰਜੈ ਰਾਊਤ ਨੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਵਿਰੋਧੀ ਸ਼ਿਵ ਸੈਨਾ ਦੇ ਆਗੂਆਂ ਦਾ ਜ਼ਿਕਰ ਕਰਦਿਆਂ ਆਖਿਆ, ‘‘ਉਨ੍ਹਾਂ ਦਰਮਿਆਨ ਸਭ ਕੁਝ ਠੀਕ ਚੱਲ ਰਿਹਾ ਹੈ... ਅਸੀਂ ਸ਼ਿਵ ਸੈਨਾ ਛੱਡਣ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦੇ। ਜਿਸ ਤਰ੍ਹਾਂ ਉਨ੍ਹਾਂ ਨੇ ਮਹਾਰਾਸ਼ਟਰ ਨੂੰ ਧੋਖਾ ਦਿੱਤਾ ਅਤੇ ਉਸ ਦੀ ਪਿੱਠ ਵਿੱਚ ਛੁਰਾ ਮਾਰਿਆ... ਅਸੀਂ ਉਨ੍ਹਾਂ ਦੇ ਨੇੜੇ ਵੀ ਨਹੀਂ ਜਾਵਾਂਗੇ।’’ ਰਾਊਤ ਨੇ ਪਿਛਲੇ ਮਹੀਨੇ ਸ਼ਰਦ ਪਵਾਰ ਵੱਲੋਂ 2022 ’ਚ ਸ਼ਿਵ ਸੈਨਾ ਨੂੰ ਵੰਡਣ ਵਾਲੇ ਸ਼ਿੰਦੇ ਨੂੰ ਸਨਮਾਨਿਤ ਕਰਨ ਤੇ ਉਸ ਦੀ ਸ਼ਲਾਘਾ ਕਰਨ ’ਤੇ ਵੀ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ ਲੋਕਾਂ ਖ਼ਿਲਾਫ਼ ਲੜਦੇ ਰਹਾਂਗੇ ਜੋ ਸਾਡੀ ਪਾਰਟੀ ’ਚ ਫੁੱਟ ਪਾਉਂਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਸਬਕ ਸਿਖਾਵਾਂਗੇ।’’
ਦੂਜੇ ਪਾਸੇ ਅਜੀਤ ਪਵਾਰ ਨੇ ਕਿਹਾ, ‘‘ਅਸੀਂ ਸਾਰੇ ਵੀਐੱਸਆਈ ਦੇ ਮੈਂਬਰ ਹਾਂ ਅਤੇ ਅਸੀਂ ਮਸਨੂਈ ਬੌਧਿਕਤਾ ਦੇ ਵਰਤੋਂ ਜਿਹੇ ਚੀਨੀ ਖੇਤਰ ਨਾਲ ਸਬੰਧਤ ਮੁੱਦਿਆਂ ’ਤੇ ਚਰਚਾ ਲਈ ਮੁਲਾਕਾਤ ਕੀਤੀ ਸੀ।’’ ਇਸ ਦੌਰਾਨ ਐੱਨਸੀਪੀ (ਐੱਸਪੀ) ਆਗੂ ਅਮੋਲ ਮਟਾਲੇ ਨੇ ਕਿਹਾ ਕਿ ਜੈਅੰਤ ਪਾਟਿਲ ਤੇ ਅਜੀਤ ਪਵਾਰ ਵਿਚਾਲੇ ਮੁਲਕਾਤ ਅੱਖੋਂ ਓਹਲੇ ਨਹੀਂ ਹੈ। ਉਨ੍ਹਾਂ ਨੇ ਰਾਊਤ ’ਤੇ ਵਿਅੰਗ ਕੱਸਦਿਆਂ ਕਿਹਾ, ‘‘ਦੂਜਿਆਂ ਦੀ ਆਲੋਚਨਾ ਕਰਨ ਦੀ ਬਜਾਇ ਕਿਰਪਾ ਕਰਕੇ ਦੇਖੋ ਕਿ ਤੁਹਾਡੇ ਘਰ ਵਿੱਚ ਕੀ ਚੱਲ ਰਿਹਾ ਹੈ।’’ -ਪੀਟੀਆਈ