Kunal Kamra: ਮੈਂ ਹਜੂਮ ਤੋਂ ਨਹੀਂ ਡਰਦਾ...ਨਾ ਮੁਆਫ਼ੀ ਮੰਗਾਂਗਾ ਤੇ ਨਾ ਮੰਜੇ ਹੇਠ ਲੁਕਾਂਗਾ: ਕੁਨਾਲ ਕਾਮਰਾ
ਨਵੀਂ ਦਿੱਲੀ, 24 ਮਾਰਚ
Kunal Kamra: ਸਟੈਂਡ ਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਕਿਹਾ ਕਿ ਉਹ ਇਕ ਸ਼ੋਅ ਦੌਰਾਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਬਾਰੇ ਕੀਤੀ ਗਈ ਆਪਣੀ ਵਿਵਾਦਤ ਟਿੱਪਣੀ ਲਈ ਮੁਆਫ਼ੀ ਨਹੀਂ ਮੰਗੇਗਾ। ਕਾਮਰਾ (36) ਨੇ ਐਕਸ ’ਤੇ ਇਕ ਬਿਆਨ ਵਿਚ ਕਿਹਾ, ‘‘ਮੈਂ ਮੁਆਫ਼ੀ ਨਹੀਂ ਮੰਗਾਂਗਾ। ਮੈਂ ਉਹੀ ਗੱਲ ਕਹੀ ਹੈ ਜੋ ਪਹਿਲਾਂ ਅਜੀਤ ਪਵਾਰ (ਉਪ ਮੁੱਖ ਮੰਤਰੀ) ਨੇ ਏਕਨਾਥ ਸ਼ਿੰਦੇ (ਉਪ ਮੁੱਖ ਮੰਤਰੀ) ਬਾਰੇ ਕਹੀ ਸੀ। ਮੈਂ ਹਜੂਮ ਤੋਂ ਨਹੀਂ ਡਰਦਾ ਤੇ ਮੈਂ ਆਪਣੇ ਮੰਜੇ ਹੇਠ ਲੁਕ ਕੇ ਇਸ ਘਟਨਾ ਦੇ ਸ਼ਾਂਤ ਹੋਣ ਦੀ ਉਡੀਕ ਨਹੀਂ ਕਰਾਂਗਾ।’’
ਕਾਬਿਲੇਗੌਰ ਹੈ ਕਿ ਕਾਮਰਾ ਦੇ ਸਟੈਂਡ-ਅਪ ਸ਼ੋਅ ਨੇ ਮਹਾਰਾਸ਼ਟਰ ਵਿਚ ਵੱਡਾ ਸਿਆਸੀ ਤੂਫ਼ਾਨ ਖੜ੍ਹਾ ਕਰ ਦਿੱਤਾ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਜਿੱਥੇ ਕਿਹਾ ਕਿ ਕਾਮਰਾ ਨੂੰ ਆਪਣੀਆਂ ਟਿੱਪਣੀਆਂ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ ਉਥੇ ਵਿਰੋਧੀ ਧਿਰ ਦੇ ਆਗੂ ਕਾਮੇਡੀਅਨ ਦੇ ਬਚਾਅ ਵਿਚ ਅੱਗੇ ਆਏ ਹਨ।
ਕਾਬਿਲੇਗੌਰ ਹੈ ਕਿ ਐਤਵਾਰ ਦੀ ਰਾਤ ਨੂੰ ਸ਼ਿਵ ਸੈਨਾ ਦੇ ਮੈਂਬਰਾਂ ਨੇ ਖਾਰ ਸਥਿਤ ਹੈਬੀਟੈਟ ਕਾਮੇਡੀ ਕਲੱਬ ਤੇ ਉਸ ਹੋਟਲ ਵਿਚ ਭੰਨਤੋੜ ਕੀਤੀ ਜਿਸ ਦੇ ਅਹਾਤੇ ਵਿਚ ਇਹ ਕਲੱਬ ਹੈ। ਇਸੇ ਕਲੱਬ ਵਿਚ ਕਾਮਰਾ ਦੇ ਸ਼ੋਅ ਦੀ ਸ਼ੂਟਿੰਗ ਕੀਤੀ ਗਈ ਸੀ। ਕਾਮਰਾ ਨੇ ਸ਼ੋਅ ਦੌਰਾਨ ਉਪ ਮੁੱਖ ਮੰਤਰੀ ਸ਼ਿੰਦੇ ਉੱਤੇ ‘ਗੱਦਾਰ’ ਸ਼ਬਦ ਜ਼ਰੀਏ ਤਨਜ਼ ਕੱਸਿਆ ਸੀ। -ਪੀਟੀਆਈ