ਵਿਆਹ ਤੋਂ 15 ਦਿਨਾਂ ਬਾਅਦ ਪਤਨੀ ਨੇ ਪਤੀ ਦੀ ਸੁਪਾਰੀ ਦਿੱਤੀ; ਦੋ ਲੱਖ ’ਚ ਕਰਵਾਇਆ ਕਤਲ
ਲਖਨਊ/ਔਰਈਆ, 25 ਮਾਰਚ
ਵਿਆਹ ਤੋਂ ਸਿਰਫ਼ 15 ਦਿਨ ਬਾਅਦ ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿਚ ਇਕ 25 ਸਾਲਾ ਵਿਅਕਤੀ ਦੀ ਉਸਦੀ ਪਤਨੀ ਅਤੇ ਪ੍ਰੇਮੀ ਵੱਲੋਂ ਸੁਪਾਰੀ ਦਿੱਤੀ ਗਈ।ਜਿਸ ਦੇ ਚਲਦਿਆਂ ਪੈਸਿਆਂ ਦੇ ਬਦਲੇ ਕਾਤਲ ਨੇ ਕਥਿਤ ਤੌਰ 'ਤੇ ਯਾਦਵ ਦੀ ਹੱਤਿਆ ਕਰ ਦਿੱਤੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਹਾਰ ਦੇ ਐੱਸਐੱਚਓ ਪੰਕਜ ਮਿਸ਼ਰਾ ਨੇ ਦੱਸਿਆ ਕਿ ਪੁਲੀਸ ਨੂੰ 19 ਮਾਰਚ ਨੂੰ ਇਕ ਖੇਤ ਵਿੱਚ ਜ਼ਖਮੀ ਪਏ ਇਕ ਵਿਅਕਤੀ ਬਾਰੇ ਜਾਣਕਾਰੀ ਮਿਲੀ ਸੀ। ਉਸਨੂੰ ਬਿਧੁਨਾ ਦੇ ਕਮਿਊਨਿਟੀ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਸੀ।
ਪੀੜਤ ਦਿਲੀਪ ਯਾਦਵ ਨੂੰ ਇਲਾਜ ਲਈ ਵੱਖ-ਵੱਖ ਹਸਪਾਤਾਂ ਵਿਚ ਰੈਫਰ ਕੀਤਾ ਗਿਆ। ਹਾਲਾਂਕਿ 21 ਮਾਰਚ ਦੀ ਰਾਤ ਨੂੰ ਉਸਦੀ ਮੌਤ ਹੋ ਗਈ। ਪੁਲੀਸ ਨੇ ਕਿਹਾ ਕਿ ਮੁਲਜ਼ਮ 22 ਸਾਲਾ ਪ੍ਰਗਤੀ ਯਾਦਵ, ਉਸਦੇ ਪ੍ਰੇਮੀ ਅਨੁਰਾਗ ਉਰਫ਼ ਮਨੋਜ, ਅਤੇ ਕੰਟਰੈਕਟ ਕਿਲਰ ਰਾਮਜੀ ਚੌਧਰੀ ਦੀ ਪਛਾਣ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ’ਤੇ ਕੀਤੀ ਗਈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਸੁਪਰਡੈਂਟ (ਔਰਈਆ) ਅਭਿਜੀਤ ਆਰ ਸ਼ੰਕਰ ਨੇ ਕਿਹਾ ਕਿ ਪ੍ਰਗਤੀ ਯਾਦਵ ਅਤੇ ਅਨੁਰਾਗ ਨੇ ਦਿਲੀਪ ਯਾਦਵ ਨੂੰ ਖਤਮ ਕਰਨ ਦੀ ਸਾਜ਼ਿਸ਼ ਰਚੀ ਸੀ। ਉਨ੍ਹਾਂ ਨੇ ਚੌਧਰੀ ਨੂੰ ਮਾਰਨ ਲਈ 2 ਲੱਖ ਰੁਪਏ ਦਿੱਤੇ ਸਨ। -ਪੀਟੀਆਈ