FIR lodged against Arvind Kejriwal: ਅਰਵਿੰਦ ਕੇਜਰੀਵਾਲ ਵਿਰੁੱਧ ਜਨਤਕ ਪੈਸੇ ਦੀ ਦੁਰਵਰਤੋਂ ਦੇ ਦੋਸ਼ਾਂ ਹੇਠ ਐਫਆਈਆਰ ਦਰਜ
ਨਵੀਂ ਦਿੱਲੀ, 28 ਮਾਰਚ
ਦਿੱਲੀ ਪੁਲੀਸ ਨੇ ਸ਼ੁੱਕਰਵਾਰ ਨੂੰ ਇੱਥੇ ਇਕ ਅਦਾਲਤ ਨੂੰ ਸੂਚਿਤ ਕੀਤਾ ਕਿ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰਾਂ ਵਿਰੁੱਧ 2019 ਵਿੱਚ ਕੌਮੀ ਰਾਜਧਾਨੀ ਵਿਚ ਵੱਡੇ ਹੋਰਡਿੰਗ ਲਾ ਕੇ ਜਨਤਕ ਪੈਸੇ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਪੁਲੀਸ ਨੇ ਇਹ ਜਾਣਕਾਰੀ ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਨੇਹਾ ਮਿੱਤਲ ਦੇ ਸਾਹਮਣੇ ਦਾਇਰ ਆਪਣੀ ਪਾਲਣਾ ਰਿਪੋਰਟ ਵਿੱਚ ਦਿੱਤੀ।
ਇਸ ਸਬੰਧੀ ਕੋਰਟ ਨੇ 11 ਮਾਰਚ ਨੂੰ ਪੁਲੀਸ ਨੂੰ ਜਾਇਦਾਦ ਦੇ ਨੁਕਸਾਨ ਰੋਕਥਾਮ ਐਕਟ ਦੀ ਉਲੰਘਣਾ ਦੀ ਸ਼ਿਕਾਇਤ ’ਤੇ ਐੱਫਆਈਆਰ ਦਰਜ ਕਰਨ ਦਾ ਨਿਰਦੇਸ਼ ਦਿੱਤਾ ਸੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਲਈ ਸਮਾਂ ਮੰਗਣ ਤੋਂ ਬਾਅਦ ਅਦਾਲਤ ਨੇ ਅਗਲੀ ਸੁਣਵਾਈ ਲਈ ਮਾਮਲੇ ਨੂੰ 18 ਅਪ੍ਰੈਲ ਲਈ ਸੂਚੀਬੱਧ ਕੀਤਾ ਹੈ। ਕੇਜਰੀਵਾਲ ਤੋਂ ਇਲਾਵਾ ਅਦਾਲਤ ਨੇ ਸਾਬਕਾ ਵਿਧਾਇਕ ਗੁਲਾਬ ਸਿੰਘ ਅਤੇ ਉਸ ਸਮੇਂ ਦਵਾਰਕਾ ਕੌਂਸਲਰ ਨੀਤੀਕਾ ਸ਼ਰਮਾ ਵਿਰੁੱਧ ਵੱਡੇ ਆਕਾਰ ਦੇ ਬੈਨਰ ਲਗਾਉਣ ਲਈ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ ਸੀ। 2019 ਵਿੱਚ ਦਾਇਰ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਕੇਜਰੀਵਾਲ, ਉਸ ਸਮੇਂ ਮਟਿਆਲਾ ਦੇ ਵਿਧਾਇਕ ਗੁਲਾਬ ਸਿੰਘ (ਆਪ) ਅਤੇ ਫਿਰ ਦਵਾਰਕਾ ਏ ਵਾਰਡ ਕੌਂਸਲਰ ਨੀਤੀਕਾ ਸ਼ਰਮਾ ਨੇ ਇਲਾਕੇ ਦੇ ਵੱਖ-ਵੱਖ ਥਾਵਾਂ 'ਤੇ ਵੱਡੇ ਆਕਾਰ ਦੇ ਹੋਰਡਿੰਗ ਲਗਾ ਕੇ ਜਾਣਬੁੱਝ ਕੇ ਜਨਤਕ ਪੈਸੇ ਦੀ ਦੁਰਵਰਤੋਂ ਕੀਤੀ।