Eid Ul-Fitr: ਪੰਜਾਬ ’ਚ ਧੂਮ ਧਾਮ ਨਾਲ ਮਨਾਇਆ ਈਦ ਉਲ-ਫ਼ਿਤਰ ਦਾ ਤਿਉਹਾਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਲੇਰਕੋਟਲਾ ਵਿਖੇ ਈਦਗਾਹ ਵਿੱਚ ਪਹੁੰਚ ਕੇ ਦਿੱਤੀ ਵਧਾਈ
ਆਤਿਸ਼ ਗੁਪਤਾ
ਚੰਡੀਗੜ੍ਹ, 31 ਮਾਰਚ
ਪੰਜਾਬ ਭਰ ਵਿੱਚ ਅੱਜ ਈਦ-ਉੱਲ-ਫ਼ਿਤਰ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਹੈ। ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਵੱਖ-ਵੱਖ ਮਸਜਿਦਾਂ ਅਤੇ ਈਦਗਾਹਾਂ ਵਿੱਚ ਪਹੁੰਚ ਕੇ ਨਮਾਜ਼ ਪੜ੍ਹਨ ਦੀ ਰਸਮ ਅਦਾ ਕੀਤੀ ਗਈ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਲੇਰਕੋਟਲਾ ਵਿਖੇ ਈਦਗਾਹ 'ਚ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਸ੍ਰੀ ਮਾਨ ਨੇ ਕਿਹਾ ਕਿ ਸਾਡੀਆਂ ਈਦਾਂ, ਦੀਵਾਲੀਆਂ, ਗੁਰਪੁਰਬ, ਸੰਗਰਾਂਦ, ਤਿਉਹਾਰ ਤੇ ਧਰਮ ਸਭ ਸਾਂਝੇ ਨੇ। ਸਾਡੀ ਆਪਸੀ ਭਾਈਚਾਰਕ ਸਾਂਝ ਹਮੇਸ਼ਾ ਕਾਇਮ ਸੀ, ਕਾਇਮ ਹੈ ਅਤੇ ਕਾਇਮ ਰਹੇਗੀ।

ਇਸ ਮੌਕੇ ਲੋਕ ਸਭਾ ਹਲਕਾ ਸੰਗਰੂਰ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਰਹੇ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਹੀਰਾ ਮਸਜਿਦ ਪਠਾਨਕੋਟ ਵਿੱਚ ਪਹੁੰਚ ਕੇ ਪੰਜਾਬ ਵਾਸੀਆਂ ਨੂੰ ਈਦ ਉਲ-ਫ਼ਿਤਰ ਦੇ ਪਵਿੱਤਰ ਤਿਉਹਾਰ ਦੀ ਮੁਬਾਰਕਬਾਦ ਦਿੱਤੀ।
ਲਹਿਰਾਗਾਗਾ ’ਚ ਈਦ ਉਲ ਫਿਤਰ ਦੀ ਨਮਾਜ਼ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਪੜ੍ਹੀ ਗਈ
ਰਮੇਸ ਭਾਰਦਵਾਜ
ਲਹਿਰਾਗਾਗਾ: ਅੱਜ ਇਲਾਕੇ ਦੇ ਸਮੂਹ ਮੁਸਲਮਾਨ ਵਿਸ਼ੇਸ਼ ਈਦ ਦੀ ਨਮਾਜ਼ ਲਈ ਈਦਗਾਹ ਲਹਿਰਾਗਾਗਾ ਵਿਖੇ ਇਕੱਠੇ ਹੋਏ। ਮਾਹੌਲ ਖੁਸ਼ੀ ਅਤੇ ਭਾਈਚਾਰੇ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਮੁਸਲਿਮ ਭਾਈਚਾਰੇ ਦੇ ਪ੍ਰਧਾਨ ਬੀਰਬਲ ਖਾਂ ਨੇ ਸਮੁੱਚੇ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ, "ਈਦ ਉਲ ਫਿਤਰ ਸਾਡੇ ਲਈ ਆਪਣੇ ਅਜ਼ੀਜ਼ਾਂ ਨਾਲ ਇਕੱਠੇ ਹੋਣ ਅਤੇ ਪ੍ਰਾਪਤ ਹੋਈਆਂ ਅਸੀਸਾਂ ਲਈ ਸ਼ੁਕਰਗੁਜ਼ਾਰੀ ਪ੍ਰਗਟ ਕਰਨ ਦਾ ਸਮਾਂ ਹੈ।’’
ਇਸ ਮੌਕੇ ਇਮਾਮ ਸਾਹਿਬ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, "ਈਦ ਉਲ ਫਿਤਰ ਦਾ ਤਿਉਹਾਰ ਮੁਸਲਮਾਨਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਰਮਜ਼ਾਨ ਮਹੀਨੇ ਦੇ ਅਖੀਰ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਮੁਸਲਮਾਨਾਂ ਨੂੰ ਈਦ ਦੀ ਨਮਾਜ਼ ਦੇ ਨਾਲ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਤਿਆਗਣੀਆਂ ਚਾਹੀਦੀਆਂ ਹਨ। ਸਾਨੂੰ ਆਪਸੀ ਭਾਈਚਾਰਾ ਕਾਇਮ ਰੱਖਦਿਆਂ ਗਰੀਬਾਂ ਦੀ ਮੱਦਦ, ਬੜੇ ਛੋਟੇ ਦੀ ਕਦਰ ਕਰਨੀ ਚਾਹੀਦੀ ਹੈ।"
ਇਸ ਮੌਕੇ ਵੱਖਰੇ ਹੀ ਜਸ਼ਨ ਸਨ। ਜਸ਼ਨਾਂ ਦੇ ਹਿੱਸੇ ਵਜੋਂ, ਬਹੁਤ ਸਾਰੇ ਮੁਸਲਮਾਨ ਦਾਨੀ ਗਤੀਵਿਧੀਆਂ ਵਿੱਚ ਵੀ ਸ਼ਾਮਲ ਹੋਏ, ਜਿਵੇਂ ਕਿ ਲੋੜਵੰਦਾਂ ਨੂੰ ਫਿਤਰੇ ਦੇ ਤੌਰ ’ਤੇ ਜ਼ਰੂਰੀ ਵਸਤਾਂ, ਭੋਜਨ ਜਾਂ ਜ਼ਰੂਰਤਾਂ ਲਈ ਪੈਸੇ ਦਿੱਤੇ। ਇਸ ਮੌਕੇ ਚਾਹ ਬ੍ਰੈੱਡ ਦਾ ਲੰਗਰ ਵੀ ਵਰਤਾਇਆ ਗਿਆ। ਮੁਸਲਿਮ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਬੀਰਬਲ ਖਾਂ, ਮੀਤ ਪ੍ਰਧਾਨ ਐਡਵੋਕੇਟ ਕਰਮਦੀਨ ਖਾਂ, ਗੁਲਾਬ ਸ਼ਾਹ, ਇਮਤਿਆਜ਼ ਅਲੀ, ਬਾਰੂ ਖਾਂ, ਕਰਮਦੀਨ ਖਾਂ, ਸੋਹਣਾ ਖਾਂ, ਨੇਕ ਖਾਂ, ਬੰਤ ਖਾਂ, ਵਕੀਲ ਖਾਂ, ਜੱਗੀ ਸ਼ਾਹ, ਗੁਰੂਘਰ ਪ੍ਰਬੰਧਕ ਕਮੇਟੀ, ਮੰਡੀ ਵਾਲਾ ਗੁਰਦੁਆਰਾ ਦੇ ਪ੍ਰਧਾਨ ਰਜਿੰਦਰ ਸਿੰਘ ਨੇ ਸ਼ਿਰਕਤ ਕੀਤੀ।