ਵਕਫ਼ ਬਿੱਲ: ਪਾਰਟੀ ਦੇ ਸਟੈਂਡ ਤੋਂ ਨਾਰਾਜ਼ ਜੇਡੀਯੂ ਨੇਤਾ ਨੇ ਦਿੱਤਾ ਅਸਤੀਫ਼ਾ
ਜਨਤਾ ਦਲ (ਯੂਨਾਈਟਿਡ) ਦੇ ਸੀਨੀਅਰ ਨੇਤਾ ਮੁਹੰਮਦ ਕਾਸਿਮ ਅੰਸਾਰੀ ਨੇ ਵਕਫ਼ (ਸੋਧ) ਬਿੱਲ ਦਾ ਸਮਰਥਨ ਕਰਨ ’ਤੇ ਪਾਰਟੀ ਦੀ ਆਲੋਚਨਾ ਕਰਦਿਆਂ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜੇਡੀ (ਯੂ) ਪ੍ਰਧਾਨ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਲਿਖੇ ਪੱਤਰ ਵਿੱਚ ਅੰਸਾਰੀ ਨੇ ਡੂੰਘੀ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਪਾਰਟੀ ਦੇ ਰੁਖ਼ ਨੇ ਉਨ੍ਹਾਂ ਲੱਖਾਂ ਭਾਰਤੀ ਮੁਸਲਮਾਨਾਂ ਦਾ ਭਰੋਸਾ ਤੋੜਿਆ ਹੈ, ਜੋ ਮੰਨਦੇ ਸੀ ਕਿ ਜੇਡੀ(ਯੂ) ਧਰਮ-ਨਿਰਪੱਖ ਸਿਧਾਤਾਂ ’ਤੇ ਕਾਇਮ ਰਹੇਗੀ।
ਪੱਤਰ ਵਿੱਚ ਅੰਸਾਰੀ ਨੇ ਕਿਹਾ, ‘‘ਸਾਡੇ ਵਰਗੇ ਲੱਖਾਂ ਭਾਰਤੀ ਮੁਸਲਮਾਨਾਂ ਨੂੰ ਧਰਮ ਨਿਰਪੱਖ ਵਿਚਾਰਧਾਰਾ ਦੇ ਇੱਕ ਸੱਚੇ ਝੰਡਾਬਰਦਾਰ ਵਜੋਂ ਤੁਹਾਡੇ (ਨਿਤੀਸ਼) ’ਤੇ ਅਟੁੱਟ ਵਿਸ਼ਵਾਸ ਸੀ। ਹਾਲਾਂਕਿ, ਹੁਣ ਇਹ ਭਰੋਸਾ ਟੁੱਟ ਗਿਆ ਹੈ। ਵਕਫ਼ ਸੋਧ ਬਿੱਲ ’ਤੇ ਜਨਤਾ ਦਲ (ਯੂ) ਵੱਲੋਂ ਲਏ ਗਏ ਸਟੈਂਡ ਨੇ ਲੱਖਾਂ ਸ਼ਰਧਾਲੂ ਭਾਰਤੀ ਮੁਸਲਮਾਨਾਂ ਅਤੇ ਕਾਰਕੁਨਾਂ ਨੂੰ ਡੂੰਘਾ ਝਟਕਾ ਦਿੱਤਾ ਹੈ।’’
ਉਨ੍ਹਾਂ ਕਿਹਾ, ‘‘ਅਸੀਂ ਲੱਲਨ ਸਿੰਘ ਵੱਲੋਂ ਲੋਕ ਸਭਾ ਵਿੱਚ ਦਿੱਤੇ ਗਏ ਭਾਸ਼ਨ ਅਤੇ ਇਸ ਬਿੱਲ ਦੇ ਸਮਰਥਨ ਨੂੰ ਲੈ ਕੇ ਬੇਹੱਦ ਨਿਰਾਸ਼ ਹਾਂ।’’ -ਪੀਟੀਆਈ