ਮੁਸਲਮਾਨ ਮੁੱਖ ਮੰਤਰੀ ਵੱਲੋਂ ਫ਼ਿਰਕੇ ਲਈ ਆਵਾਜ਼ ਨਾ ਉਠਾਉਣਾ ਸ਼ਰਮਨਾਕ: ਮਹਿਬੂਬਾ
ਸ੍ਰੀਨਗਰ, 7 ਅਪਰੈਲ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫਤੀ ਨੇ ਅੱਜ ਦੋਸ਼ ਲਗਾਇਆ ਕਿ ਸੂਬੇ ਵਿਚਲੀ ਨੈਸ਼ਨਲ ਕਾਨਫਰੰਸ ਦੀ ਸਰਕਾਰ, ਭਾਜਪਾ ਦੇ ਮੁਸਲਿਮ ਵਿਰੋਧੀ ਏਜੰਡੇ ਅੱਗੇ ਝੁਕ ਰਹੀ ਹੈ। ਮਹਿਬੂਬਾ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਵਕਫ਼ ਸੋਧ ਐਕਟ ’ਤੇ ਸਦਨ ਦੀ ਕਾਰਵਾਈ ਰੋਕਣ ਸਬੰਧੀ ਮਤਾ ਖਾਰਜ ਹੋਣ ਤੋਂ ਬਾਅਦ ਇਹ ਗੱਲ ਕਹੀ। ਮੁੱਖ ਮੰਤਰੀ ਉਮਰ ਅਬਦੁੱਲਾ ’ਤੇ ਨਿਸ਼ਾਨਾ ਸੇਧਦਿਆਂ ਮਹਿਬੂਬਾ ਨੇ ਕਿਹਾ ਕਿ ਦੇਸ਼ ਦੇ ਮੁਸਲਮਾਨਾਂ ਨੂੰ ਆਸ ਸੀ ਕਿ ਮੁਸਲਿਮ ਬਹੁ-ਗਿਣਤੀ ਵਾਲੇ ਸੂਬੇ ਵਿੱਚ ਇਕ ਮੁਸਲਮਾਨ ਮੁੱਖ ਮੰਤਰੀ ਆਪਣੀ ਆਵਾਜ਼ ਉਠਾਏਗਾ ਜਾਂ ਘੱਟੋ-ਘੱਟ ਇਹ ਕਹੇਗਾ ਕਿ ਉਹ ਜੰਮੂ ਕਸ਼ਮੀਰ ਵਿੱਚ ਇਸ ਕਾਨੂੰਨ ਨੂੰ ਲਾਗੂ ਨਹੀਂ ਕਰਨਗੇ।’’ ਉਨ੍ਹਾਂ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘‘ਇਹ ਬੇਹੱਦ ਨਿਰਾਸ਼ਾਜਨਕ ਹੈ ਕਿ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਸਪੀਕਰ ਨੇ ਵਕਫ਼ ਬਿੱਲ ਬਾਰੇ ਪ੍ਰਸਤਾਵ ਨੂੰ ਖਾਰਜ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਨੈਸ਼ਨਲ ਕਾਨਫਰੰਸ ਨੂੰ ਤਾਮਿਲਨਾਡੂ ਸਰਕਾਰ ਤੋਂ ਸਿੱਖਣਾ ਚਾਹੀਦਾ ਹੈ ਜਿਸ ਨੇ ਵਕਫ਼ ਬਿੱਲ ਦਾ ਦ੍ਰਿੜ੍ਹਤਾ ਨਾਲ ਵਿਰੋਧ ਕੀਤਾ ਹੈ। -ਪੀਟੀਆਈ