ਤੇਲ ਪਾਉਣ ਤੋਂ ਮਨ੍ਹਾਂ ਕਰਨ ’ਤੇ ਪੈਟਰੋਲ ਪੰਪ ਦੇ ਕਰਿੰਦਿਆਂ ’ਤੇ ਗੋਲੀਆਂ ਚਲਾਈਆਂ; ਇੱਕ ਦੀ ਮੌਤ; ਦੋ ਜ਼ਖ਼ਮੀ
ਲਖਨਪਾਲ ਸਿੰਘ
ਮਜੀਠਾ, 13 ਅਪਰੈਲ
ਇੱਥੋਂ ਥੋੜ੍ਹੀ ਦੂਰ ਪਿੰਡ ਕਲੇਰ ਮਾਂਗਟ ਪੈਟਰੋਲ ਪੰਪ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਨਾਲ ਇੱਕ ਦੀ ਮੌਤ ਤੇ ਦੋ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਮਜੀਠਾ ਕੱਥੂਨੰਗਲ ਰੋਡ ’ਤੇ ਪਿੰਡ ਕਲੇਰ ਮਾਂਗਟ ਸਥਿਤ ਪੈਟਰੋਲ ਪੰਪ ’ਤੇ ਕਰੀਬ 8 ਵਜੇ ਕੁੱਝ ਅਣਪਛਾਤੇ ਨਕਾਬਪੋਸ਼ ਹਥਿਆਰਬੰਦ ਵਿਅਕਤੀਆਂ ਵਲੋਂ ਪੰਪ ਦੇ ਕਰਿੰਦਿਆਂ ਨੂੰ ਆਪਣੇ ਵਾਹਨ ਵਿੱਚ ਤੇਲ ਪਾਉਣ ਲਈ ਕਿਹਾ ਗਿਆ ਤਾਂ ਕਰਿੰਦਿਆਂ ਵਲੋਂ ਪੰਪ ਬੰਦ ਹੋਣ ਤੇ ਤੇਲ ਪਾਉਣ ਤੋਂ ਇਨਕਾਰੀ ਕਰਨ ’ਤੇ ਹਮਲਾਵਰਾਂ ਵਲੋਂ ਤਿੰਨਾਂ ਕਰਿੰਦਿਆਂ ’ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਜਿਸ ਦੌਰਾਨ ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਦੀ ਜ਼ੇਰੇ ਇਲਾਜ ਮੌਤ ਹੋ ਗਈ। ਦੂਜੇ ਦੋਵੇਂ ਕਰਿੰਦੇ ਵੀ ਮਾਮੂਲੀ ਜ਼ਖਮੀ ਹੋ ਗਏ। ਮ੍ਰਿਤਕ ਦੀ ਪਹਿਚਾਣ ਗੌਤਮ ਵਾਸੀ ਯੂਪੀ ਵਜੋਂ ਹੋਈ ਹੈ ਤੇ ਅਮਿਤ ਤੇ ਅਰਪਣ ਦੋਵੇਂ ਵਾਸੀ ਹਿਮਾਚਲ ਖਤਰੇ ਤੋਂ ਬਾਹਰ ਸਨ। ਪੁਲੀਸ ਥਾਣਾ ਮਜੀਠਾ ਦੇ ਐਸਐਚਓ ਪ੍ਰਭਜੀਤ ਸਿੰਘ ਤੇ ਪੁਲੀਸ ਪਾਰਟੀ ਮੌਕੇ ’ਤੇ ਪਹੁੰਚ ਗਏ ਤੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ। ਪੰਪ ਦੇ ਮਾਲਕ ਜਤਿੰਦਰ ਸਿੰਘ ਲਾਟੀ ਨੰਬਰਦਾਰ ਨੇ ਦੱਸਿਆ ਕਿ ਪੰਪ ’ਤੇ ਹਮਲਾਵਰਾਂ ਵਲੋਂ ਲੁੱਟ ਖੋਹ ਨਹੀਂ ਕੀਤੀ ਗਈ, ਪੰਪ ਕਰਮਚਾਰੀਆਂ ਵਲੋਂ ਤੇਲ ਪਾਉਣ ਤੋਂ ਇਨਕਾਰ ਕਰਨ ’ਤੇ ਹਮਲਾਵਰਾਂ ਵਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।