Dilip Ghosh Wedding: ਵਿਆਹ ਬੰਧਨ ’ਚ ਬੱਝਣਗੇ ਬੰਗਾਲ ਭਾਜਪਾ ਦੇ 60 ਸਾਲਾ ਸਾਬਕਾ ਪ੍ਰਧਾਨ ਦਿਲੀਪ ਘੋਸ਼
ਕੋਲਕਾਤਾ, 18 ਅਪਰੈਲ
ਪੱਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਸ਼ੁੱਕਰਵਾਰ ਸ਼ਾਮ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। ਘੋਸ਼ (60 ਸਾਲ) ਪਾਰਟੀ ਵਿਚਲੀ ਆਪਣੀ ਸਹਿਯੋਗੀ ਰਿੰਕੂ ਮਜੂਮਦਾਰ ਨਾਲ ਵਿਆਹ ਕਰਾਉਣਗੇ, ਜਿਨ੍ਹਾਂ ਨੂੰ ਉਹ 2021 ਤੋਂ ਜਾਣਦੇ ਹਨ।
ਉਨ੍ਹਾਂ ਦੇ ਨਜ਼ਦੀਕੀ ਲੋਕਾਂ ਦਾ ਕਹਿਣਾ ਹੈ, ‘‘ਇਹ ਜੋੜਾ ਸਵੇਰ ਦੀ ਸੈਰ ਦੌਰਾਨ ਮਿਲਿਆ ਸੀ ਅਤੇ ਸਮੇਂ ਦੇ ਨਾਲ ਰਿਸ਼ਤਾ ਵਧਦਾ ਗਿਆ।’’ ਘੋਸ਼, ਜੋ ਆਪਣੀਆਂ ਅਜੀਬ ਟਿੱਪਣੀਆਂ ਲਈ ਜਾਣੇ ਜਾਂਦੇ ਹਨ, ਆਪਣੀ ਜਵਾਨੀ ਤੋਂ ਹੀ ਰਾਸ਼ਟਰੀ ਸੋਇਮਸੇਵਕ ਸੰਘ (ਆਰਐਸਐਸ - RSS) ਦੇ ਮੈਂਬਰ ਰਹੇ ਹਨ ਅਤੇ 2015 ਵਿੱਚ ਭਾਜਪਾ ਵਿੱਚ ਸਰਗਰਮ ਹੋਣ ਤੋਂ ਪਹਿਲਾਂ ਦੇਸ਼ ਭਰ ਵਿੱਚ ਵੱਖ-ਵੱਖ ਭੂਮਿਕਾਵਾਂ ਵਿੱਚ ਆਰਐਸਐਸ ’ਚ ਕੰਮ ਕਰਦੇ ਰਹੇ ਹਨ।
ਸੂਬਾਈ ਪ੍ਰਧਾਨ ਦੇ ਤੌਰ 'ਤੇ ਉਨ੍ਹਾਂ ਨੂੰ ਪੱਛਮੀ ਬੰਗਾਲ ਵਿੱਚ ਭਾਜਪਾ ਨੂੰ ਸੀਪੀਆਈ(ਐਮ) ਦੀ ਥਾਂ ਮੁੱਖ ਵਿਰੋਧੀ ਪਾਰਟੀ ਵਜੋਂ ਸਥਾਪਤ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ। ਘੋਸ਼ ਨੇ ਇੱਕ ਨਿਊਜ਼ ਚੈਨਲ ਨੂੰ ਦੱਸਿਆ, "ਮੇਰੀ ਮਾਂ ਚਾਹੁੰਦੀ ਸੀ ਕਿ ਮੈਂ ਵਿਆਹ ਕਰਾਵਾਂ, ਇਸ ਲਈ ਉਨ੍ਹਾਂ ਦੀ ਇੱਛਾ ਦਾ ਸਨਮਾਨ ਕਰਨ ਲਈ, ਮੈਂ ਵਿਆਹ ਕਰਵਾ ਰਿਹਾ ਹਾਂ। ਮੈਂ ਪਹਿਲਾਂ ਵਾਂਗ ਸਰਗਰਮ ਰਾਜਨੀਤੀ ਵਿੱਚ ਰਹਾਂਗਾ। ਮੇਰੀ ਨਿੱਜੀ ਜ਼ਿੰਦਗੀ ਦਾ ਮੇਰੇ ਸਿਆਸੀ ਕੰਮ 'ਤੇ ਕੋਈ ਅਸਰ ਨਹੀਂ ਪਵੇਗਾ।"
ਇਹ ਜੋੜਾ ਨਿਊਟਾਊਨ ਵਿੱਚ ਇੱਕ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ, ਜਿਸ ਵਿੱਚ ਨਜ਼ਦੀਕੀ ਰਿਸ਼ਤੇਦਾਰ ਮੌਜੂਦ ਹੋਣਗੇ। ਪਾਰਟੀ ਦੇ ਮੌਜੂਦਾ ਸੂਬਾਈ ਪ੍ਰਧਾਨ ਸੁਕਾਂਤ ਮਜੂਮਦਾਰ ਸਮੇਤ ਸੀਨੀਅਰ ਭਾਜਪਾ ਨੇਤਾ ਸਵੇਰੇ ਨਿਊ ਟਾਊਨ ਵਿੱਚ ਘੋਸ਼ ਦੇ ਘਰ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਗਏ।
ਘੋਸ਼ ਹੁਣ ਤੱਕ ਅਣਵਿਆਹੇ ਸਨ, ਜਦੋਂਕਿ ਮਜੂਮਦਾਰ ਦਾ ਇਹ ਦੂਜਾ ਵਿਆਹ ਹੈ। ਪਹਿਲੇ ਵਿਆਹ ਤੋਂ ਉਨ੍ਹਾਂ ਦਾ ਇੱਕ ਪੁੱਤਰ ਹੈ। ਪੀਟੀਆਈ