ਪਾਕਿ ਰੇਂਜਰਾਂ ਵੱਲੋਂ ਫੜੇ ਬੀਐੱਸਐੱਫ ਜਵਾਨ ਦੀ ਪਤਨੀ ਨਾਲ ਮਮਤਾ ਨੇ ਫੋਨ ’ਤੇ ਗੱਲ ਕੀਤੀ
ਕੋਲਕਾਤਾ, 12 ਮਈ
ਪਾਕਿਸਤਾਨੀ ਰੇਂਜਰਾਂ ਵੱਲੋਂ ਹਿਰਾਸਤ ਵਿੱਚ ਲਏ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਿਪਾਹੀ ਪੂਰਨਮ ਕੁਮਾਰ ਸਾਹੂ ਦੀ ਪਤਨੀ ਨੇ ਕਿਹਾ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਉਸ ਨਾਲ ਫੋਨ ’ਤੇ ਗੱਲਬਾਤ ਕੀਤੀ ਅਤੇ ਉਸ ਦੇ ਪਤੀ ਦੀ ਰਿਹਾਈ ਲਈ ਹਰੇਕ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਦਿੱਤਾ ਹੈ। ਬੀਐੱਸਐੱਫ ਜਵਾਨ ਦੀ ਪਤਨੀ ਰਜਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਤਵਾਰ ਸ਼ਾਮ ਨੂੰ ਉਸ ਨੂੰ ਫੋਨ ਕੀਤਾ। ਇਸ ਤੋਂ ਪਹਿਲਾਂ ਰਜਨੀ ਨੇ ਉਸ ਦੇ ਪਤੀ ਦੀ ਰਿਹਾਈ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਲਈ ਮੁੱਖ ਮੰਤਰੀ ਨੂੰ ਦਖ਼ਲ ਦੇਣ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਸੀ। ਪੰਜਾਬ ਦੇ ਫਿਰੋਜ਼ਪੁਰ ਸੈਕਟਰ ਵਿੱਚ ਤਾਇਨਾਤ ਸਾਹੂ (40) 23 ਅਪਰੈਲ ਨੂੰ ਬੇਧਿਆਨੀ ਵਿੱਚ ਕੌਮਾਂਤਰੀ ਸਰਹੱਦ ਪਾਰ ਕਰ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ’ਚ ਲੈ ਲਿਆ ਸੀ। ਰਜਨੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੁੱਖ ਮੰਤਰੀ ਨੇ ਮੇਰੀ ਸਿਹਤ ਬਾਰੇ ਵੀ ਪੁੱਛਿਆ ਅਤੇ ਮੈਨੂੰ ਭਰੋਸਾ ਦਿੱਤਾ ਕਿ ਜ਼ਰੂਰਤ ਪੈਣ ’ਤੇ ਉਹ ਮੇਰੇ ਸਹੁਰੇ ਪਰਿਵਾਰ ਦੇ ਬਜ਼ੁਰਗਾਂ ਵਾਸਤੇ ਇਲਾਜ ਸਬੰਧੀ ਸਹਾਇਤਾ ਯਕੀਨੀ ਬਣਾਉਣਗੇ। -ਪੀਟੀਆਈ
ਖੇੜਾ ਵੱਲੋਂ ਬੀਐੱਸਐੱਫ ਜਵਾਨ ਦੀ ਰਿਹਾਈ ਦੀ ਅਪੀਲ
ਉੱਧਰ, ਕਾਂਗਰਸੀ ਆਗੂ ਪਵਨ ਖੇੜਾ ਨੇ ਸੋਸ਼ਲ ਮੀਡੀਆ ’ਤੇ ਪੁੱਛਿਆ ਕਿ ਬੀਐੱਸਐੱਫ ਜਵਾਨ ਪੂਰਨਮ ਸਾਹੂ ਨੂੰ ਪਾਕਿਸਤਾਨੀ ਕੈਦ ਤੋਂ ਕਦੋਂ ਰਿਹਾਅ ਕੀਤਾ ਜਾਵੇਗਾ। ਉਨ੍ਹਾਂ ਟਵੀਟ ਕੀਤਾ, ‘‘ਸਾਡੇ ਬੀਐੱਸਐੱਫ ਦੇ ਜਵਾਨ ਪੂਰਨਮ ਸਾਹੂ ਨੂੰ ਪਾਕਿਸਤਾਨੀ ਕੈਦ ਤੋਂ ਕਦੋਂ ਰਿਹਾਅ ਕੀਤਾ ਜਾਵੇਗਾ?’’ ਉਨ੍ਹਾਂ ਧਿਆਨ ਖਿੱਚਣ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਵੀ ਟੈਗ ਕੀਤਾ ਹੈ।