ਬੀਐੱਸਐੱਫ ਦੇ ਸ਼ਹੀਦ ਸਬ-ਇੰਸਪੈਕਟਰ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ
ਪਟਨਾ, 12 ਮਈ
ਜੰਮੂ ਕਸ਼ਮੀਰ ਵਿੱਚ ਆਰਐੱਸ ਪੁਰਾ ਸੈਕਟਰ ਵਿੱਚ ਪਾਕਿਸਤਾਨ ਵੱਲੋਂ ਕੀਤੀ ਗਈ ਭਾਰੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਦੀ ਮ੍ਰਿਤਕ ਦੇਹ ਅੱਜ ਪਟਨਾ ਲਿਆਂਦੀ ਗਈ। ਇਸ ਦੌਰਾਨ ਸ਼ਹੀਦ ਦਾ ਪੁੱਤਰ ਇਮਰਾਨ ਰਜ਼ਾ ਹਵਾਈ ਅੱਡੇ ’ਤੇ ਚੁੱਪ ਖੜ੍ਹਾ ਰਿਹਾ। ਸਬ-ਇੰਸਪੈਕਟਰ ਮੁਹੰਮਦ ਇਮਤਿਆਜ਼ ਜੰਮੂ ਕਸ਼ਮੀਰ ਦੇ ਆਰਐੱਸ ਪੁਰਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਤਾਇਨਾਤ ਸੀ। ਪੂਰੇ ਸਰਕਾਰੀ ਸਨਮਾਨਾਂ ਨਾਲ ਅੱਜ ਉਨ੍ਹਾਂ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ।
ਇਮਰਾਨ ਰਜ਼ਾ ਨੇ ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਮੈਨੂੰ ਆਪਣੇ ਪਿਤਾ ’ਤੇ ਮਾਣ ਹੈ ਅਤੇ ਮੈਂ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਦੇਸ਼ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ।’’ ਉਸ ਨੇ ਕਿਹਾ, ‘‘ਮੇਰੇ ਪਿਤਾ ਕਾਫੀ ਮਜ਼ਬੂਤ ਵਿਅਕਤੀ ਸਨ। ਮੈਂ ਉਨ੍ਹਾਂ ਨਾਲ ਆਖ਼ਰੀ ਵਾਰ 10 ਮਈ ਨੂੰ ਸਵੇਰੇ 5.30 ਵਜੇ ਗੱਲ ਕੀਤੀ ਸੀ। ਉਨ੍ਹਾਂ ਦੇ ਸੱਜੇ ਪੈਰ ਵਿੱਚ ਸੱਟ ਲੱਗੀ ਸੀ। ਜ਼ਖ਼ਮੀ ਹੋਣ ਤੋਂ ਬਾਅਦ ਸਬ-ਇੰਸਪੈਕਟਰ ਇਮਤਿਆਜ਼ ਉਸੇ ਸ਼ਾਮ ਸ਼ਹੀਦ ਹੋ ਗਏ।
ਸੁਰੱਖਿਆ ਮੁਲਾਜ਼ਮਾਂ ਵੱਲੋਂ ਗਾਰਡ ਆਫ਼ ਆਨਰ ਅਤੇ ਹਵਾਈ ਅੱਡੇ ’ਤੇ ਸ਼ਰਧਾਂਜਲੀ ਭੇਟ ਕੀਤੇ ਜਾਣ ਤੋਂ ਬਾਅਦ ਇਮਤਿਆਜ਼ ਦੀ ਮ੍ਰਿਤਕ ਦੇਹ ਸਾਰਨ ਜ਼ਿਲ੍ਹੇ ਵਿੱਚ ਪੈਂਦੇ ਨਾਰਾਇਣਪੁਰ ਪਿੰਡ ’ਚ ਸਥਿਤ ਉਨ੍ਹਾਂ ਦੇ ਘਰ ਲਿਆਂਦੀ ਗਈ। ਇਮਤਿਆਜ਼ ਦੀ ਮ੍ਰਿਤਕ ਦੇਹ ਲੈਣ ਵਾਸਤੇ ਬਿਹਾਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ, ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਦਿਲੀਪ ਜੈਸਵਾਲ, ਕਈ ਮੰਤਰੀ ਅਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਹਵਾਈ ਅੱਡੇ ’ਤੇ ਮੌਜੂਦ ਸਨ। ਇਮਰਾਨ ਨੇ ਭਾਰਤ ਵਿੱਚ ਅਤਿਵਾਦੀ ਹਮਲਿਆਂ ਲਈ ਪਾਕਿਸਤਾਨ ਨੂੰ ਉਚਿਤ ਸਬਕ ਸਿਖਾਉਣ ਦੀ ਮੰਗ ਕੀਤੀ। ਉਸ ਨੇ ਕਿਹਾ, ‘‘ਪਾਕਿਸਤਾਨ ਨੂੰ ਉਚਿਤ ਸਬਕ ਸਿਖਾਉਣਾ ਚਾਹੀਦਾ ਹੈ। ਸਾਡੀ ਸਰਕਾਰ ਨੂੰ ਅਜਿਹਾ ਕਰਾਰਾ ਜਵਾਬ ਦੇਣਾ ਚਾਹੀਦਾ ਹੈ ਕਿ ਕਿਸੇ ਪੁੱਤਰ ਨੂੰ ਆਪਣੇ ਪਿਤਾ ਨੂੰ ਗੁਆਉਣਾ ਨਾ ਪਵੇ।’’ -ਪੀਟੀਆਈ
ਇਮਤਿਆਜ਼ ਵਰਗੇ ਬਹਾਦਰ ਲੋਕਾਂ ਕਰ ਕੇ ਅਸੀਂ ਸੁਰੱਖਿਅਤ ਹਾਂ: ਯਾਦਵ
ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਤੇਜਸਵੀ ਯਾਦਵ ਨੇ ਕਿਹਾ, ‘‘ਜੰਮੂ ਕਸ਼ਮੀਰ ਦੇ ਆਰਐੱਸ ਪੁਰਾ ਸੈਕਟਰ ਵਿੱਚ ਕੌਮਾਂਤਰੀ ਸਰਹੱਦ ’ਤੇ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦਿੰਦੇ ਹੋਏ ਇਮਤਿਆਜ਼ ਸ਼ਹੀਦ ਹੋ ਗਏ। ਉਨ੍ਹਾਂ ਵਰਗੇ ਬਹਾਦਰ ਲੋਕਾਂ ਕਰ ਕੇ ਹੀ ਅੱਜ ਅਸੀਂ ਸੁਰੱਖਿਅਤ ਹਾਂ। ਦੇਸ਼ ਉਨ੍ਹਾਂ ਦੇ ਬਲੀਦਾਨ ਨੂੰ ਹਮੇਸ਼ਾ ਯਾਦ ਰੱਖੇਗਾ।’’ ਸੂਬੇ ਦੇ ਪੇਂਡੂ ਵਿਕਾਸ ਮੰਤਰੀ ਸ਼੍ਰਵਣ ਕੁਮਾਰ ਨੇ ਕਿਹਾ, ‘‘ਮੁਹੰਮਦ ਇਮਤਿਆਜ਼ ਦਾ ਬਲੀਦਾਨ ਵਿਅਰਥ ਨਹੀਂ ਗਿਆ...ਸਾਡੇ ਬਹਾਦਰ ਸੈਨਿਕਾਂ ਨੇ ਉਨ੍ਹਾਂ ਦੇ ਬਲੀਦਾਨ ਦਾ ਬਦਲਾ ਲਿਆ।’’