ਮਨੋਜ ਸਿਨਹਾ ਵੱਲੋਂ ਜ਼ਾਕਿਰ ਹੁਸੈਨ ਦੇ ਪਰਿਵਾਰ ਨਾਲ ਮੁਲਾਕਾਤ
ਜੰਮੂ, 12 ਮਈ
ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਪਾਕਿਸਤਾਨੀ ਗੋਲੀਬਾਰੀ ’ਚ ਮਾਰੇ ਗਏ ਆਮ ਨਾਗਰਿਕ ਜ਼ਾਕਿਰ ਹੁਸੈਨ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਹੁਸੈਨ ਦੀ ਮੌਤ ਸੱਤ ਮਈ ਨੂੰ ਜੰਮੂ ਦੇ ਬੰਟਲਾਬ ਖੇਤਰ ਦੇ ਖੈਰੀ ਕੇਰਨ ਪਿੰਡ ’ਚ ਪਾਕਿਸਤਾਨ ਵੱਲੋਂ ਕੀਤੀ ਗੋਲਾਬਾਰੀ ’ਚ ਹੋਈ ਸੀ। ਇਸ ਹਮਲੇ ’ਚ ਬੱਚੀ ਸਮੇਤ ਦੋ ਹੋਰ ਵਿਅਕਤੀ ਜ਼ਖ਼ਮੀ ਹੋ ਗਏ ਸਨ।
ਭਾਜਪਾ ਆਗੂ ਤੇ ਸਾਬਕਾ ਮੰਤਰੀ ਸ਼ਿਆਮ ਲਾਲ ਸ਼ਰਮਾ ਨਾਲ ਉਪ ਰਾਜਪਾਲ ਮਨੋਜ ਸਿਨਹਾ ਖੈਰੀ ਕੇਰਨ ਪਿੰਡ ਪੁੱਜੇ ਤੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ। ਸਿਨਹਾ ਨੇ ਸੋਸ਼ਲ ਮੀਡੀਆ ਮੰਚ ਐੱਕਸ ’ਤੇ ਲਿਖਿਆ, ‘ਮੈਂ ਦੁਖੀ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਜ਼ਾਹਿਰ ਕੀਤੀ ਤੇ ਉਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਮੁਹੱਈਆ ਕਰਨ ਦਾ ਭਰੋਸਾ ਦਿੱਤਾ।’ ਪਰਿਵਾਰ ਨੇ ਮੰਗ ਕੀਤੀ ਕਿ ਜ਼ਾਕਿਰ ਹੁਸੈਨ ਦਾ ਨਾਂ 1947 ਤੋਂ ਹੁਣ ਤੱਕ ਦੇ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ। ਜ਼ਾਕਿਰ ਦੇ ਪਰਿਵਾਰਕ ਮੈਂਬਰ ਨੇ ਪੱਤਰਕਾਰਾਂ ਨੂੰ ਕਿਹਾ, ‘ਅਸੀਂ ਚਾਹੁੰਦੇ ਹਾਂ ਕਿ ਉਸ ਦਾ ਨਾਂ ਸ਼ਹੀਦਾਂ ’ਚ ਦਰਜ ਕੀਤਾ ਜਾਵੇ ਅਤੇ ਪਰਿਵਾਰ ਨੂੰ ਰੁਜ਼ਗਾਰ ਲਈ ਪੈਟਰੋਲ ਪੰਪ ਅਲਾਟ ਕੀਤਾ ਜਾਵੇ।’ ਉਨ੍ਹਾਂ ਇਹ ਵੀ ਕਿਹਾ ਕਿ ਐਲਾਨਿਆ ਗਿਆ 10 ਲੱਖ ਰੁਪਏ ਦਾ ਮੁਆਵਜ਼ਾ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਢੁੱਕਵਾਂ ਨਹੀਂ ਹੈ ਤੇ ਮੁਆਵਜ਼ਾ ਰਾਸ਼ੀ ਵਧਾਈ ਜਾਵੇ। -ਪੀਟੀਆਈ