‘ਪਹਿਲਾਂ ਕਿਸੇ ਰਾਜ ਸਭਾ ਚੇਅਰਮੈਨ ਨੇ ਇੰਝ ਸਿਆਸੀ ਟਿੱਪਣੀਆਂ ਨਹੀਂ ਕੀਤੀਆਂ’: ਸਿੱਬਲ ਦਾ ਧਨਖੜ ’ਤੇ ਨਿਸ਼ਾਨਾ
ਨਵੀਂ ਦਿੱਲੀ, 18 ਅਪਰੈਲ
ਰਾਸ਼ਟਰਪਤੀ ਵੱਲੋਂ ਫ਼ੈਸਲੇ ਲਏ ਜਾਣ ਸਬੰਧੀ ਸਮਾਂ ਸੀਮਾ ਤੈਅ ਕਰਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ ਉਤੇ ਸਵਾਲ ਉਠਾਉਣ ਲਈ ਰਾਜ ਸਭਾ ਮੈਂਬਰ ਕਪਿਲ ਸਿੱਬਲ (Rajya Sabha member Kapil Sibal) ਨੇ ਸ਼ੁੱਕਰਵਾਰ ਨੂੰ ਉਪ ਰਾਸ਼ਟਰਪਤੀ ਜਗਦੀਪ ਧਨਖੜ (Vice President Jagdeep Dhankhar) ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ "ਗੈਰ-ਸੰਵਿਧਾਨਕ" ਹੈ ਅਤੇ ਉਨ੍ਹਾਂ ਨੇ ਕਦੇ ਵੀ ਪਹਿਲਾਂ ਕਿਸੇ ਰਾਜ ਸਭਾ ਚੇਅਰਮੈਨ ਨੂੰ ਇਸ ਕਿਸਮ ਦੀ ‘ਸਿਆਸੀ ਬਿਆਨਬਾਜ਼ੀ’ ਕਰਦਿਆਂ ਨਹੀਂ ਦੇਖਿਆ।
ਧਨਖੜ ਵੱਲੋਂ ਦੇਸ਼ ਦੇ ਅਦਾਲਤੀ ਨਿਜ਼ਾਮ ਵਿਰੁੱਧ ਸਖ਼ਤ ਸ਼ਬਦਾਂ ਦੀ ਵਰਤੋਂ ਕਰਨ ਤੋਂ ਇੱਕ ਦਿਨ ਬਾਅਦ ਸਿੱਬਲ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਚੇਅਰਮੈਨ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਵਿਚਕਾਰ ਬਰਾਬਰ ਫ਼ਾਸਲਾ ਬਣਾ ਕੇ ਰੱਖਦੇ ਹਨ ਅਤੇ "ਪਾਰਟੀ ਦੇ ਬੁਲਾਰੇ" ਨਹੀਂ ਹੋ ਸਕਦੇ। ਉਨ੍ਹਾਂ ਕਿਹਾ, "ਹਰ ਕੋਈ ਜਾਣਦਾ ਹੈ ਕਿ ਲੋਕ ਸਭਾ ਸਪੀਕਰ ਦੀ ਕੁਰਸੀ ਵਿਚਕਾਰ ਹੁੰਦੀ ਹੈ। ਉਹ ਸਦਨ ਦਾ ਸਪੀਕਰ ਹੁੰਦਾ ਹੈ, ਕਿਸੇ ਇੱਕ ਪਾਰਟੀ ਦਾ ਸਪੀਕਰ ਨਹੀਂ। ਉਹ ਵੀ ਵੋਟ ਨਹੀਂ ਪਾਉਂਦੇ, ਉਹ ਸਿਰਫ਼ ਉਦੋਂ ਹੀ ਵੋਟ ਪਾਉਂਦੇ ਹਨ ਜਦੋਂ ਬਰਾਬਰੀ ਹੁੰਦੀ ਹੈ। ਇਹੀ ਹਾਲਤ ਉਪਰਲੇ ਸਦਨ ਵਿਚ ਹੈ। ਤੁਸੀਂ ਵਿਰੋਧੀ ਧਿਰ ਅਤੇ ਸੱਤਾਧਾਰੀ ਪਾਰਟੀ ਵਿਚਕਾਰ ਬਰਾਬਰ ਫ਼ਾਸਲੇ 'ਤੇ ਹੁੰਦੇ ਹੋ।"
ਕਪਿਲ ਸਿੱਬਲ ਜੋ ਇਕ ਸੀਨੀਅਰ ਵਕੀਲ ਵੀ ਹਨ, ਨੇ ਇੱਥੇ ਇੱਕ ਪ੍ਰੈਸ ਕਾਨਫਰੰਸ ਵਿੱਚ ਇਹ ਗੱਲ ਕਹੀ। ਸਿੱਬਲ ਨੇ ਜ਼ੋਰ ਦੇ ਕੇ ਕਿਹਾ, "ਤੁਸੀਂ ਜੋ ਵੀ ਕਹਿੰਦੇ ਹੋ ਉਹ ਬਰਾਬਰ ਦੂਰੀ 'ਤੇ ਹੋਣਾ ਚਾਹੀਦਾ ਹੈ। ਕੋਈ ਵੀ ਸਪੀਕਰ ਕਿਸੇ ਪਾਰਟੀ ਦਾ ਬੁਲਾਰਾ ਨਹੀਂ ਹੋ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਉਹ (ਧਨਖੜ) ਹੈ, ਪਰ ਸਿਧਾਂਤਕ ਤੌਰ 'ਤੇ ਕੋਈ ਵੀ ਸਪੀਕਰ ਕਿਸੇ ਵੀ ਪਾਰਟੀ ਦਾ ਬੁਲਾਰਾ ਨਹੀਂ ਹੋ ਸਕਦਾ। ਜੇ ਅਜਿਹਾ ਦਿਖਾਈ ਦਿੰਦਾ ਹੈ ਤਾਂ ਕੁਰਸੀ ਦੀ ਸ਼ਾਨ ਘਟ ਜਾਂਦੀ ਹੈ।" -ਪੀਟੀਆਈ