ਭਾਰਤ ਦੇ ਹੱਕ ਦਾ ਪਾਣੀ ਭਾਰਤ ਵਿਚ ਹੀ ਵਰਤਿਆ ਜਾਵੇਗਾ: ਮੋਦੀ
ਨਵੀਂ ਦਿੱਲੀ, 6 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦਾ ਪਾਣੀ ਹੁਣ ਦੇਸ਼ ਤੋਂ ਬਾਹਰ ਨਹੀਂ ਜਾਵੇਗਾ ਤੇ ਇਸ ਨੂੰ ਦੇਸ਼ ਦੇ ਹਿੱਤ ਲਈ ਵਰਤਿਆ ਜਾਵੇਗਾ। ਸ੍ਰੀ ਮੋਦੀ ਦੀਆਂ ਇਹ ਟਿੱਪਣੀਆਂ ਸਿੱਧੇ ਤੌਰ ’ਤੇ ਪਾਕਿਸਤਾਨ ਵੱਲ ਸੇਧਤ ਸਨ। ਪਹਿਲਗਾਮ ਹਮਲੇ ਤੋਂ ਬਾਅਦ ਮੋਦੀ ਸਰਕਾਰ ਨੇ ਸਿੰਧੂ ਜਲ ਸਮਝੌਤਾ ਮੁਲਤਵੀ ਕਰ ਦਿੱਤਾ ਸੀ।
ਇਥੇ ਇਕ ਨਿੱਜੀ ਟੀਵੀ ਚੈਨਲ ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਪਹਿਲੇ ਭਾਰਤ ਦੇ ਹੱਕ ਦਾ ਪਾਣੀ ਵੀ ਬਾਹਰ ਜਾ ਰਿਹਾ ਸੀ। ਹੁਣ ਭਾਰਤ ਦਾ ਪਾਣੀ ਭਾਰਤ ਦੇ ਹੱਕ ਵਿਚ ਵਹੇਗਾ। ਭਾਰਤ ਦੇ ਹੱਕ ਵਿਚ ਰੁਕੇਗਾ। ਤੇ ਭਾਰਤ ਦੇ ਹੀ ਕੰਮ ਆਏਗਾ।’’ ਸ੍ਰੀ ਮੋਦੀ ਨੇ ਹਾਲਾਂਕਿ ਇਸ ਦੌਰਾਨ ਨਾ ਤਾਂ ਪਾਕਿਸਤਾਨ ਦਾ ਸਿੱਧੇ ਤੌਰ ’ਤੇ ਹਵਾਲਾ ਦਿੱਤਾ ਤੇ ਨਾ ਹੀ ਦੋਵਾਂ ਮੁਲਕਾਂ ਦਰਮਿਆਨ ਪਹਿਲਗਾਮ ਹਮਲੇ ਮਗਰੋਂ ਵਧਦੀ ਤਲਖੀ ਨੂੰ ਲੈ ਕੇ ਕੋਈ ਟਿੱਪਣੀ ਕੀਤੀ।
ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਬਾਰੇ ਬੋਲਦਿਆਂ ਮੋਦੀ ਨੇ ਕਿਹਾ ਕਿ ਇਹ ਇੱਕ ਇਤਿਹਾਸਕ ਦਿਨ ਹੈ ਅਤੇ ਦੋ ਵੱਡੀਆਂ ਅਤੇ ਖੁੱਲ੍ਹੀਆਂ ਮੰਡੀਆਂ ਵਾਲੇ ਅਰਥਚਾਰਿਆਂ ਦਰਮਿਆਨ ਇਹ ਸਮਝੌਤਾ ਦੋਵਾਂ ਦੇਸ਼ਾਂ ਦੇ ਵਿਕਾਸ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰੇਗਾ। ਉਨ੍ਹਾਂ ਕਿਹਾ, ‘‘ਇਹ ਭਾਰਤ ਵਿੱਚ ਆਰਥਿਕ ਸਰਗਰਮੀਆਂ ਨੂੰ ਹੁਲਾਰਾ ਦੇਵੇਗਾ ਅਤੇ ਭਾਰਤੀ ਕਾਰੋਬਾਰਾਂ ਅਤੇ ਐੱਮਐੱਸਐੰਮਈ ਲਈ ਨਵੇਂ ਰਸਤੇ ਅਤੇ ਮੌਕੇ ਖੋਲ੍ਹੇਗਾ।’’ -ਪੀਟੀਆਈ