Blackout Mock Drill ਚੰਡੀਗੜ੍ਹ ਵਿਚ ਬੁੱਧਵਾਰ ਨੂੰ 10 ਮਿੰਟ ਲਈ ਹੋਵੇਗੀ ਬਲੈਕਆਊਟ ਡ੍ਰਿਲ
ਚੰਡੀਗੜ੍ਹ, 6 ਮਈ
ਚੰਡੀਗੜ੍ਹ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਬੁੱਧਵਾਰ ਸ਼ਾਮ ਨੂੰ 10 ਮਿੰਟ ਲਈ ਬਲੈਕਆਊਟ ਡ੍ਰਿਲ ਕਰੇਗਾ, ਜਿਸ ਵਿੱਚ ਲੋਕਾਂ ਨੂੰ ਰਿਹਰਸਲ ਦੌਰਾਨ ਆਪਣੇ ਘਰਾਂ ਤੇ ਦਫ਼ਤਰਾਂ ਵਿੱਚ ਬਿਜਲੀ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ। ਇਹ ਫੈਸਲਾ ਕੇਂਦਰੀ ਗ੍ਰਹਿ ਮੰਤਰਾਲੇ (MHA) ਵੱਲੋਂ ਜਾਰੀ ਹਦਾਇਤਾਂ ਮੁਤਾਬਕ ਲਿਆ ਗਿਆ ਹੈ।
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਿਸ਼ਾਨ ਕੁਮਾਰ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਲੈਕਆਊਟ ਰਿਹਰਸਲ ਬੁੱਧਵਾਰ ਸ਼ਾਮ 7.30 ਵਜੇ ਤੋਂ 7.40 ਵਜੇ ਤੱਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਮ 7.30 ਵਜੇ ਸਾਇਰਨ ਵਜਾਇਆ ਜਾਵੇਗਾ ਅਤੇ ਇਹ 10 ਮਿੰਟ ਤੱਕ ਜਾਰੀ ਰਹੇਗਾ।
ਯਾਦਵ ਨੇ ਕਿਹਾ, ‘‘ਮੈਂ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਘਰਾਂ ਦੀਆਂ ਲਾਈਟਾਂ 10 ਮਿੰਟ ਲਈ ਬੰਦ ਕਰਨ। ਅਤੇ ਜੇ ਸੰਭਵ ਹੋਵੇ, ਤਾਂ ਉਨ੍ਹਾਂ ਨੂੰ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ ਤਾਂ ਜੋ ਬਲੈਕਆਊਟ ਦੀ ਤਿਆਰੀ ਕੀਤੀ ਜਾ ਸਕੇ।’’
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੇ ਇਸ ਸਬੰਧ ਵਿੱਚ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਅਤੇ ਮਾਰਕੀਟ ਐਸੋਸੀਏਸ਼ਨਾਂ ਨਾਲ ਵੀ ਗੱਲ ਕੀਤੀ ਹੈ। ਉਨ੍ਹਾਂ ਕਿਹਾ, ‘‘ਜੇਕਰ ਲੋਕ ਕਿਸੇ ਕੰਮ ਲਈ ਆਪਣੇ ਘਰਾਂ ਤੋਂ ਬਾਹਰ ਹਨ, ਤਾਂ ਉਹ ਬਲੈਕਆਊਟ ਦੀ ਰਿਹਰਸਲ ਮੌਕੇ ਆਪਣੀਆਂ ਕਾਰਾਂ ਸਾਈਡ ’ਤੇ ਪਾਰਕ ਕਰਕੇ ਵਾਹਨਾਂ ਦੀਆਂ ਹੈੱਡਲਾਈਟਾਂ ਬੰਦ ਕਰਨ।’’ ਉਨ੍ਹਾਂ ਕਿਹਾ ਕਿ ਬਾਜ਼ਾਰਾਂ ਅਤੇ ਸ਼ਾਪਿੰਗ ਮਾਲਾਂ ਦੇ ਦੁਕਾਨਦਾਰਾਂ ਨੂੰ ਵੀ ਆਪਣੀਆਂ ਲਾਈਟਾਂ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ।
ਯਾਦਵ ਨੇ ਕਿਹਾ, ‘‘ਇਹ ਇੱਕ ਤਿਆਰੀ ਮਸ਼ਕ ਹੈ ਅਤੇ ਸਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਸਾਈਰਨ ਸ਼ਾਮ 7.40 ਵਜੇ ਬੰਦ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਕਾਰੋਬਾਰ ਆਮ ਵਾਂਗ ਹੋਵੇਗਾ।’’ ਇੱਕ ਸਵਾਲ ਦੇ ਜਵਾਬ ਵਿੱਚ ਯਾਦਵ ਨੇ ਕਿਹਾ ਕਿ ਬਲੈਕਆਉਟ ਰਿਹਰਸਲ ਦੌਰਾਨ ਹਸਪਤਾਲਾਂ, ਕਲੀਨਿਕਾਂ ਅਤੇ ਮੈਡੀਕਲ ਸੰਸਥਾਵਾਂ ਵਿੱਚ ਬਿਜਲੀ ਬੰਦ ਨਹੀਂ ਹੋਵੇਗੀ। ਉਨ੍ਹਾਂ ਲੋਕਾਂ ਨੂੰ ਪੈਟਰੋਲ, ਡੀਜ਼ਲ ਅਤੇ ਰਾਸ਼ਨ ਸਮੇਤ ਕੋਈ ਵੀ ਜ਼ਰੂਰੀ ਸਮਾਨ ਜਮ੍ਹਾਂ ਨਾ ਕਰਨ ਦੀ ਅਪੀਲ ਵੀ ਕੀਤੀ। ਇੱਕ ਹੋਰ ਸਵਾਲ ਦੇ ਜਵਾਬ ਵਿੱਚ, ਉਨ੍ਹਾਂ ਕਿਹਾ ਕਿ ਬਲੈਕਆਉਟ ਡ੍ਰਿਲ ਸਵੈ-ਇੱਛਤ ਹੈ ਅਤੇ ਜੇਕਰ ਕੋਈ ਕਮੀਆਂ ਹਨ, ਤਾਂ ਉਨ੍ਹਾਂ ਦੀ ਜਾਂਚ ਕਰਕੇ ਠੀਕ ਕੀਤਾ ਜਾਵੇਗਾ। -ਪੀਟੀਆਈ