ਕੇਂਦਰ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰ ਰਿਹੈ: ਸਿੱਬਲ
ਨਵੀਂ ਦਿੱਲੀ, 13 ਅਪਰੈਲ
ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਕਾਂਗਰਸ ਨੂੰ ਕਮਜ਼ੋਰ ਕਰਨ ਲਈ ਜਾਂਚ ਏਜੰਸੀਆਂ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਤੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਅਚੱਲ ਸੰਪਤੀਆਂ ਨੂੰ ਕਬਜ਼ੇ ਵਿੱਚ ਲੈਣ ਸਬੰਧ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਨੋਟਿਸ ਜਾਰੀ ਕਰਨ ਨੂੰ ‘ਲੋਕਤੰਤਰ ’ਤੇ ਹਮਲਾ’ ਕਰਾਰ ਦਿੱਤਾ। ਇੱਥੇ ਇੱਕ ਪ੍ਰੈੱਸ ਕਾਨਫਰੰਸ ਮੌਕੇ ਸ੍ਰੀ ਸਿੱਬਲ ਨੇ ਕਿਹਾ,‘ਅਸੀਂ ਕਹਿਣ ਨੂੰ ਤਾਂ ਲੋਕਤੰਤਰ ਦੀ ਜਨਨੀ ਹਾਂ, ਪਰ ਅਸਲ ’ਚ ਅਸੀਂ ਤਾਨਾਸ਼ਾਹੀ ਦੇ ਪਿਤਾਮਾ ਹਾਂ। ਉਹ (ਭਾਜਪਾ) ਹਿੰਦੂ-ਮੁਸਲਮਾਨ ਦੇ ਏਜੰਡੇ ’ਤੇ ਆਪਣੀ ਰਾਜਨੀਤੀ ਕਰਨਾ ਚਾਹੁੰਦੇ ਹਨ ਤੇ ਵਿਰੋਧੀ ਧਿਰ ਨੂੰ ਖ਼ਤਮ ਕਰਨਾ ਚਾਹੁੰਦੇ ਹਨ।’ ਸ੍ਰੀ ਸਿੱਬਲ ਨੇ ਇਹ ਟਿੱਪਣੀ ਈਡੀ ਵੱਲੋਂ ਬੀਤੇ ਦਿਨੀਂ ਜਾਰੀ ਕੀਤੇ ਨੋਟਿਸ ਮਗਰੋਂ ਕੀਤੀ ਹੈ, ਜਿਸ ’ਚ ਏਜੰਸੀ ਨੇ ਕਿਹਾ ਸੀ ਉਸ ਨੇ 661 ਕਰੋੜ ਰੁਪਏ ਦੀਆਂ ਉਨ੍ਹਾਂ ਅਚੱਲ ਸੰਪਤੀਆਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਨੋਟਿਸ ਜਾਰੀ ਕੀਤਾ ਹੈ, ਜਿਸਨੂੰ ਕਾਂਗਰਸ ਦੇ ਕੰਟਰੋਲ ਵਾਲੇ ਨੈਸ਼ਨਲ ਹੈਰਾਲਡ ਅਖ਼ਬਾਰ ਤੇ ਐਸੋਸੀਏਟਡ ਜਰਨਲਜ਼ ਲਿਮਟਿਡ (ਏਜੇਐੱਲ) ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਜੋੜਿਆ ਗਿਆ ਸੀ। ਨੋਟਿਸ ਵਿੱਚ ਮੁੱਖ ਤੌਰ ’ਤੇ ਈਡੀ ਨੇ ਕਬਜ਼ੇ ਵਿੱਚ ਲਈਆਂ ਜਾਣ ਵਾਲੀਆਂ ਸੰਪਤੀਆਂ ਨੂੰ ਖਾਲੀ ਕਰਨ ਲਈ ਕਿਹਾ ਹੈ। ਇਸ ਮੁੱਦੇ ’ਤੇ ਸ੍ਰੀ ਸਿੱਬਲ ਨੇ ਕਿਹਾ,‘ਕਬਜ਼ੇ ਦੇ ਨੋਟਿਸ ਦਾ ਉਦੇਸ਼ ਅਖ਼ਬਾਰ ਦੀਆਂ ਉਨ੍ਹਾਂ ਸੰਪਤੀਆਂ ਨੂੰ ਕਬਜ਼ੇ ਵਿੱਚ ਲੈਣਾ ਹੈ। -ਪੀਟੀਆਈ