Pahalgam Terror Attack: ਐਲਜੀ ਸਿਨਹਾ ਨੇ ਫੌਜ ਮੁਖੀ ਨਾਲ ਮੀਟਿੰਗ ’ਚ ਸੁਰੱਖਿਆ ਉਪਾਵਾਂ ਦਾ ਲਿਆ ਜਾਇਜ਼ਾ
ਫ਼ੌਜ ਨੂੰ ਅੱਤਵਾਦੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਅਪੀਲ
ਟ੍ਰਿਬਿਊਨ ਨਿਊਜ਼ ਸਰਵਿਸ
ਸ੍ਰੀਨਗਰ, 25 ਅਪਰੈਲ
ਭਾਰਤੀ ਫੌਜ ਦੇ ਮੁਖੀ ਜਨਰਲ ਉਪੇਂਦਰ ਦਿਵੇਦੀ (Army Chief General Upendra Dwivedi) ਨੇ ਸ਼ੁੱਕਰਵਾਰ ਨੂੰ ਇਥੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ (Jammu and Kashmir Lieutenant Governor Manoj Sinha ) ਨਾਲ ਮੁਲਾਕਾਤ ਕੀਤੀ। ਇਸ ਮੌਕੇ LG ਨੇ ਫੌਜ ਮੁਖੀ ਨੂੰ ਨਾ ਸਿਰਫ਼ ਪਹਿਲਗਾਮ ਅੱਤਵਾਦੀ ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਕਟਹਿਰੇ ਵਿੱਚ ਲਿਆਉਣ ਲਈ ਕਿਹਾ, ਸਗੋਂ ਅੱਤਵਾਦ ਦੇ ਬੁਨਿਆਦੀ ਢਾਂਚੇ ਨੂੰ ਦਰੜਨ ਦੀਆਂ ਕੋਸ਼ਿਸ਼ਾਂ ਤੇਜ਼ ਕਰਨ ’ਤੇ ਵੀ ਜ਼ੋਰ ਦਿੱਤਾ ਹੈ।
ਚਰਚਾ ਦੌਰਾਨ, ਐਲਜੀ ਨੇ ਕਿਹਾ ਕਿ ਰਾਸ਼ਟਰ ਨੂੰ ਸਾਡੀ ਫੌਜ, ਪੁਲੀਸ ਅਤੇ ਸੀਏਪੀਐਫਜ਼ ਦੀ ਦਲੇਰੀ ਅਤੇ ਬਹਾਦਰੀ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਉਨ੍ਹਾਂ ਨੂੰ ਪਹਿਲਗਾਮ ਅੱਤਵਾਦੀ ਹੱਤਿਆ ਦੇ ਦੋਸ਼ੀਆਂ, ਸਮਰਥਕਾਂ ਅਤੇ ਓਵਰਗ੍ਰਾਊਂਡ ਵਰਕਰਾਂ (OWGs) ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਕਰੀਬੀ ਤਾਲਮੇਲ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਇਸ ਪੂਰੀ ਲੜੀ ਨੂੰ ਨਿਰੰਤਰ ਢੰਗ ਨਾਲ ਅੱਗੇ ਵੀ ਵਧਾਉਂਦੇ ਜਾਣਾ ਚਾਹੀਦਾਹੈ।
ਉਪ-ਰਾਜਪਾਲ ਨੇ ਉੱਚ ਫੌਜੀ ਅਧਿਕਾਰੀਆਂ ਨੂੰ ਕਿਹਾ, "ਪਹਿਲਗਾਮ ਅੱਤਵਾਦੀ ਹਮਲੇ ਦੇ ਹਰ ਦੋਸ਼ੀ ਅਤੇ ਸਮਰਥਕ, ਭਾਵੇਂ ਉਸਦਾ ਸਥਾਨ ਜਾਂ ਸਬੰਧ ਕੁਝ ਵੀ ਹੋਵੇ ਦਾ ਖ਼ਾਤਮਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੂੰ ਸਾਡੇ ਨਾਗਰਿਕਾਂ ਵਿਰੁੱਧ ਕਾਇਰਤਾਪੂਰਨ ਅਤੇ ਘਿਨਾਉਣੇ ਕਾਰੇ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।"