ਰਾਹੁਲ ਗਾਂਧੀ ਨੇ ‘ਚੀਨ ਵੱਲੋਂ ਭਾਰਤੀ ਜ਼ਮੀਨ ’ਤੇ ਕਬਜ਼ਾ’ ਕਰਨ ਸਬੰਧੀ ਸਰਕਾਰ ਦੀ ਨਿੰਦਾ ਕੀਤੀ
ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਦਾਅਵਾ ਕੀਤਾ ਕਿ ਚੀਨ ਨੇ 4,000 ਵਰਗ ਕਿਲੋਮੀਟਰ ਭਾਰਤੀ ਖੇਤਰ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਵੱਲੋਂ ਭਾਰਤ ’ਤੇ ਲਾਇਆ ਜਵਾਬੀ (Reciprocal) ਟੈਕਸ ਭਾਰਤੀ ਅਰਥ-ਵਿਵਸਥਾ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਰਾਹੁਲ ਗਾਂਧੀ ਨੇ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਤੋਂ ਜਵਾਬ ਮੰਗਿਆ।
ਭਾਜਪਾ ਨੇ ਲੋਕ ਸਭਾ ਵਿੱਚ ਸਿਫ਼ਰ ਕਾਲ ਦੌਰਾਨ ਰਾਹੁਲ ਗਾਂਧੀ ਦੀਆਂ ਟਿੱਪਣੀਆਂ ’ਤੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਭਾਜਪਾ ਦੇ ਸ਼ਾਸਨ ਦੌਰਾਨ ਚੀਨ ਨੂੰ ‘ਇੱਕ ਇੰਚ ਜ਼ਮੀਨ ਵੀ ਨਹੀਂ ਦਿੱਤੀ ਗਈ’ ਅਤੇ ਇਹ ਕਾਂਗਰਸ ਦੇ ਸ਼ਾਸਨ ਦੌਰਾਨ ਹੋਇਆ ਸੀ ਕਿ ਚੀਨ ਨੇ ਭਾਰਤੀ ਖੇਤਰ ’ਤੇ ਕਬਜ਼ਾ ਕੀਤਾ ਸੀ।
ਸਿਫ਼ਰ ਕਾਲ ਦੌਰਾਨ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਭਾਰਤ ਅਤੇ ਚੀਨ ਦੇ ਕੂਟਨੀਤਕ ਸਬੰਧਾਂ ਦੀ 75ਵੀਂ ਵਰ੍ਹੇਗੰਢ ਦੇ ਜਸ਼ਨ ’ਤੇ ਸਰਕਾਰ ਦੀ ਨਿੰਦਾ ਕੀਤੀ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘‘ਚੀਨ ਸਾਡੇ ਇਲਾਕੇ ਦੇ 4,000 ਵਰਗ ਕਿਲੋਮੀਟਰ ’ਤੇ ਬੈਠਾ ਹੈ। ਕੁਝ ਸਮਾਂ ਪਹਿਲਾਂ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਸਾਡਾ ਵਿਦੇਸ਼ ਸਕੱਤਰ (ਵਿਕਰਮ ਮਿਸਰੀ) ਚੀਨੀ ਰਾਜਦੂਤ ਨਾਲ ਕੇਕ ਕੱਟ ਰਿਹਾ ਸੀ। ਸਵਾਲ ਇਹ ਹੈ ਕਿ ਚੀਨ ਨੇ ਜੋ 4,000 ਵਰਗ ਕਿਲੋਮੀਟਰ ਦਾ ਖੇਤਰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਉਸ ਦਾ ਅਸਲ ਵਿੱਚ ਕੀ ਹੋ ਰਿਹਾ ਹੈ?’’
ਗਲਵਾਨ ਘਟਨਾ ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 2020 ਵਿੱਚ 20 ਜਵਾਨ ਸ਼ਹੀਦ ਹੋਏ ਸਨ। ਉਨ੍ਹਾਂ ਕਿਹਾ, ‘‘ਕੇਕ ਕੱਟ ਕੇ ਉਨ੍ਹਾਂ ਦੀ ਸ਼ਹਾਦਤ ’ਤੇ ਜਸ਼ਨ ਮਨਾਇਆ ਜਾ ਰਿਹਾ ਹੈ। ਅਸੀਂ ਹਾਲਾਤ ਆਮ ਹੋਣ ਦੇ ਖ਼ਿਲਾਫ਼ ਨਹੀਂ ਹਾਂ ਪਰ ਇਸ ਤੋਂ ਪਹਿਲਾਂ ਸਥਿਤੀ ਜਿਉਂ ਦੀ ਤਿਉਂ ਰਹਿਣੀ ਚਾਹੀਦੀ ਹੈ। ਸਾਨੂੰ ਆਪਣੀ ਜ਼ਮੀਨ ਵਾਪਸ ਮਿਲਣੀ ਚਾਹੀਦੀ ਹੈ। ਇਹ ਵੀ ਮੇਰੇ ਧਿਆਨ ਵਿੱਚ ਆਇਆ ਹੈ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਚੀਨੀਆਂ ਨੂੰ ਲਿਖਿਆ ਹੈ।’’
ਰਾਹੁਲ ਗਾਂਧੀ ਨੇ ਕਿਹਾ, ‘‘ਸਾਨੂੰ ਇਹ ਆਪਣੇ ਲੋਕਾਂ ਤੋਂ ਨਹੀਂ ਪਤਾ ਲੱਗ ਰਿਹਾ ਸਗੋਂ ਇਹ ਚੀਨੀ ਰਾਜਦੂਤ ਹੈ ਜੋ ਭਾਰਤ ਦੇ ਲੋਕਾਂ ਨੂੰ ਦੱਸ ਰਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਲਿਖਿਆ ਹੈ।’’
ਉਨ੍ਹਾਂ ਕਿਹਾ ਕਿ ਵਿਦੇਸ਼ ਨੀਤੀ ਬਾਹਰੀ ਦੇਸ਼ਾਂ ਦੇ ਪ੍ਰਬੰਧਨ ਬਾਰੇ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਇੱਕ ਪਾਸੇ, ‘ਤੁਸੀਂ ਚੀਨ ਨੂੰ ਸਾਡੀ 4,000 ਵਰਗ ਕਿਲੋਮੀਟਰ ਜ਼ਮੀਨ ਦਿੱਤੀ ਹੈ’, ਅਤੇ ਦੂਜੇ ਪਾਸੇ ਸਾਡੇ ਸਹਿਯੋਗੀ ਅਮਰੀਕਾ ਨੇ ਅਚਾਨਕ ਸਾਡੇ ’ਤੇ ਜਵਾਬੀ ਟੈਕਸ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਰਾਹੁਲ ਗਾਂਧੀ ਨੇ ਕਿਹਾ ਕਿ ਅਮਰੀਕਾ ਵੱਲੋਂ ਲਾਏ ਗਏ ਜਵਾਬੀ ਟੈਕਸ ਭਾਰਤੀ ਅਰਥਵਿਵਸਥਾ ਨੂੰ ‘ਪੂਰੀ ਤਰ੍ਹਾਂ ਤਬਾਹ’ ਕਰਨ ਜਾ ਰਹੇ ਹਨ, ਖਾਸ ਕਰਕੇ ਆਟੋ ਉਦਯੋਗ, ਫਾਰਮਾਸਿਊਟੀਕਲ ਅਤੇ ਖੇਤੀਬਾੜੀ ਵਰਗੇ ਖੇਤਰਾਂ ਨੂੰ ਢਾਹ ਲਾਉਣਗੇ।
ਕਾਂਗਰਸ ਨੇਤਾ ਨੇ ਕਿਹਾ, ‘‘ਕਿਸੇ ਨੇ ਇੱਕ ਵਾਰ ਇੰਦਰਾ ਗਾਂਧੀ ਜੀ ਨੂੰ ਪੁੱਛਿਆ ਸੀ- ‘ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਤੁਸੀਂ ਖੱਬੇ ਜਾਂ ਸੱਜੇ ਝੁਕਦੇ ਹੋ’ ਅਤੇ ਇੰਦਰਾ ਗਾਂਧੀ ਜੀ ਨੇ ਜਵਾਬ ਦਿੱਤਾ ਸੀ ‘ਮੈਂ ਖੱਬੇ ਜਾਂ ਸੱਜੇ ਨਹੀਂ ਝੁਕਦੀ, ਮੈਂ ਸਿੱਧੀ ਖੜ੍ਹੀ ਹਾਂ। ਮੈਂ ਭਾਰਤੀ ਹਾਂ ਅਤੇ ਮੈਂ ਸਿੱਧੀ ਖੜ੍ਹੀ ਹਾਂ’।’’
ਰਾਹੁਲ ਗਾਂਧੀ ਨੇ ਕਿਹਾ, ‘‘ਭਾਜਪਾ ਅਤੇ ਆਰਐੱਸਐੱਸ ਦਾ ਵੱਖਰਾ ਫਲਸਫ਼ਾ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਕਿ ਉਹ ਖੱਬੇ ਜਾਂ ਸੱਜੇ ਝੁਕਦੇ ਹਨ, ਤਾਂ ਉਹ ਕਹਿੰਦੇ ਹਨ ‘ਨਹੀਂ, ਨਹੀਂ, ਨਹੀਂ, ਅਸੀਂ ਆਪਣੇ ਸਾਹਮਣੇ ਆਉਣ ਵਾਲੇ ਹਰ ਵਿਦੇਸ਼ੀ ਦੇ ਸਾਹਮਣੇ ਆਪਣਾ ਸਿਰ ਝੁਕਾਉਂਦੇ ਹਾਂ।’ ਇਹ ਉਹ ਚੀਜ਼ ਹੈ ਜੋ ਉਨ੍ਹਾਂ ਦੇ ਸੱਭਿਆਚਾਰ, ਉਨ੍ਹਾਂ ਦੇ ਇਤਿਹਾਸ ਵਿੱਚ ਹੈ, ਅਸੀਂ ਇਹ ਜਾਣਦੇ ਹਾਂ।’’
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ‘ਉਹ ਸਾਡੀ ਜ਼ਮੀਨ ਬਾਰੇ ਕੀ ਕਰ ਰਹੇ ਹਨ ਅਤੇ ਇਨ੍ਹਾਂ ਜਵਾਬੀ ਟੈਕਸਾਂ ਬਾਰੇ ਜਵਾਬ ਦੇਣਾ ਚਾਹੀਦਾ ਹੈ, ਜੋ ਸਾਡੇ ਸਹਿਯੋਗੀ ਨੇ ਸਾਡੇ ’ਤੇ ਲਗਾਏ ਹਨ।’
ਸਿਫ਼ਰ ਕਾਲ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ’ਤੇ ਜਵਾਬੀ ਹਮਲਾ ਕਰਦਿਆਂ ਪੁੱਛਿਆ ਕਿ ਚੀਨ ਨੇ ਕਿਸ ਦੇ ਸ਼ਾਸਨਕਾਲ ਵਿੱਚ ਅਕਸਾਈ ਚਿਨ ਖੇਤਰ ’ਤੇ ਕਬਜ਼ਾ ਕੀਤਾ ਸੀ। ਅਨੁਰਾਗ ਠਾਕੁਰ ਨੇ ਕਿਹਾ, ‘‘ਉਹ ਹਿੰਦੀ-ਚੀਨੀ ਭਾਈ ਭਾਈ ਬਾਰੇ ਗੱਲਾਂ ਕਰਦੇ ਰਹੇ ਅਤੇ ਸਾਡੀ ਪਿੱਠ ਵਿੱਚ ਛੁਰਾ ਮਾਰਿਆ। ਉਹ ਆਗੂ ਕੌਣ ਸੀ ਜੋ ਡੋਕਲਾਮ ਦੇ ਸਮੇਂ ਚੀਨੀ ਅਧਿਕਾਰੀਆਂ ਨਾਲ ਚੀਨੀ ਸੂਪ ਦਾ ਆਨੰਦ ਮਾਣ ਰਿਹਾ ਸੀ ਅਤੇ ਭਾਰਤੀ ਫ਼ੌਜ ਦੇ ਲੋਕਾਂ ਨਾਲ ਨਹੀਂ ਖੜ੍ਹਾ ਸੀ। ਉਹ ਕਿਹੜੀ ਫਾਊਂਡੇਸ਼ਨ ਹੈ, ਜਿਸ ਨੇ ਚੀਨੀ ਅਧਿਕਾਰੀਆਂ ਤੋਂ ਪੈਸੇ ਲਏ ਸਨ। ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੇ ਉਹ ਪੈਸਾ ਲਿਆ ਸੀ ਜਾਂ ਨਹੀਂ, ਪੈਸਾ ਕਿਸ ਲਈ ਲਿਆ ਗਿਆ ਸੀ?’’
ਉਨ੍ਹਾਂ ਗਾਂਧੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ, ‘‘ਮੋਦੀ ਸਰਕਾਰ ਅਧੀਨ ਅਸੀਂ ਕਹਿ ਸਕਦੇ ਹਾਂ ਕਿ ਭਾਰਤੀ ਫ਼ੌਜ ਨੇ ਡੋਕਲਾਮ ਦੌਰਾਨ ਢੁੱਕਵਾਂ ਜਵਾਬ ਦਿੱਤਾ। ਪ੍ਰਧਾਨ ਮੰਤਰੀ ਸਰਹੱਦ ’ਤੇ ਗਏ ਅਤੇ ਹਥਿਆਰਬੰਦ ਬਲਾਂ ਦਾ ਮਨੋਬਲ ਵਧਾਇਆ। ਰੱਖਿਆ ਮੰਤਰੀ ਵੀ ਗਏ... ਇੱਕ ਇੰਚ ਵੀ ਜ਼ਮੀਨ ਨਹੀਂ ਜੋ ਕੋਈ ਲੈ ਸਕਿਆ ਹੈ। ਕੁਝ ਲੋਕ ਆਪਣੇ ਸਿਆਸੀ ਲਾਹੇ ਲਈ ਚੀਨ ਨਾਲ ਮਿਲੀਭੁਗਤ ਕਰਕੇ ਝੂਠੇ ਦੋਸ਼ ਲਗਾਉਂਦੇ ਹਨ।’’
ਦੇਸ਼ ਦੀ ਖ਼ੁਸ਼ਕਿਸਮਤੀ ਕਿ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਹਨ: ਨਿਸ਼ੀਕਾਂਤ ਦੂਬੇ
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਇਹ ਦੇਸ਼ ਦੀ ਖੁਸ਼ਕਿਸਮਤੀ ਹੈ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ, ਜਿਨ੍ਹਾਂ ਅੱਗੇ ਦੁਨੀਆ ਝੁਕਦੀ ਹੈ। ਦੂਬੇ ਨੇ ਕਿਹਾ, ‘‘ਅਮਰੀਕੀ ਰਾਸ਼ਟਰਪਤੀ ਮੋਦੀ ਨੂੰ ਆਪਣਾ ਦੋਸਤ ਕਹਿੰਦੇ ਹਨ, ਆਸਟਰੇਲਿਆਈ ਪ੍ਰਧਾਨ ਮੰਤਰੀ ਉਨ੍ਹਾਂ ਨੂੰ ਬੌਸ ਕਹਿੰਦੇ ਹਨ, ਪਾਪੂਆ ਨਿਊ ਗਿਨੀ ਦੇ ਪ੍ਰਧਾਨ ਮੰਤਰੀ ਉਨ੍ਹਾਂ ਦੇ ਪੈਰ ਛੂੰਹਦੇ ਹਨ। ਇਹ ਸਥਿਤੀ ਹੈ। ਤੁਹਾਡੇ ਵਰਗੇ ਕਮਜ਼ੋਰ ਪ੍ਰਧਾਨ ਮੰਤਰੀ, ਜਿਸ ਨੇ ਤਿੱਬਤ ਦਿੱਤਾ, ਜਿਸ ਨੇ ਚੀਨੀਆਂ ਨੂੰ ਇਲਾਕਾ ਦਿੱਤਾ... ਇੰਦਰਾ ਗਾਂਧੀ ਨੇ ਸ੍ਰੀਲੰਕਾ ਨੂੰ ਕੱਚਾਥੀਵੂ ਟਾਪੂ ਦੇ ਦਿੱਤਾ।’’
ਭਾਜਪਾ ਸੰਸਦ ਮੈਂਬਰ ਨੇ ਸਿਫ਼ਰ ਕਾਲ ਵਿੱਚ ਕਿਹਾ, ‘‘ਇਹ ਤੁਹਾਡੇ ਵਰਗੇ ਕਮਜ਼ੋਰ ਪ੍ਰਧਾਨ ਮੰਤਰੀ ਦਾ ਸਮਾਂ ਨਹੀਂ ਹੈ, ਇਹ ਨਹਿਰੂ ਦਾ ਦੇਸ਼ ਨਹੀਂ ਹੈ। ਅਸੀਂ ਚੀਨ ਨੂੰ ਇੱਕ ਇੰਚ ਵੀ ਨਹੀਂ ਦਿੱਤਾ। ਅਸੀਂ ਭਾਰਤ ਦੀ ਕਮਿਊਨਿਸਟ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ। ਤੁਹਾਡੇ ਪ੍ਰਧਾਨ ਮੰਤਰੀਆਂ ਨੇ ਸਮਝੌਤੇ ਕੀਤੇ ਜਿਸ ਕਾਰਨ ਚੀਨ ਸਾਡਾ ਦੁਸ਼ਮਣ ਹੈ ਅਤੇ ਤਿੱਬਤ ’ਤੇ ਤੁਹਾਡਾ ਸਮਝੌਤਾ ਗਲਤ ਸੀ। ਸਾਨੂੰ ਮਾਣ ਹੈ ਕਿ ਪ੍ਰਧਾਨ ਮੰਤਰੀ ਮੋਦੀ ਸਾਡੇ ਪ੍ਰਧਾਨ ਮੰਤਰੀ ਹਨ ਅਤੇ ਪੂਰੀ ਦੁਨੀਆ ਉਨ੍ਹਾਂ ਅੱਗੇ ਝੁਕਦੀ ਹੈ।’’ -ਪੀਟੀਆਈ