Punjab News - Road Accident: ਸੜਕ ਹਾਦਸੇ ’ਚ ਪੰਜਾਬ ’ਵਰਸਿਟੀ ਦੇ PhD ਵਿਦਿਆਰਥੀ ਸਣੇ ਤਿੰਨ ਹਲਾਕ
ਸਥਾਨਕ ਲੋਕਾਂ ਮੁਤਾਬਕ ਇੱਕ ਨੁਕਸਾਨੀ ਗਈ ਕਾਰ ਹੀ ਮੌਕੇ ਤੋਂ ਮਿਲੀ ਹੈ, ਜਦੋਂ ਕਿ ਹਾਦਸੇ ਵਿੱਚ ਸ਼ਾਮਲ ਦੂਜੀ ਗੱਡੀ ਲਾਪਤਾ ਹੈ
ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 31 ਮਾਰਚ
ਸੋਮਵਾਰ ਤੜਕੇ ਕੁਰਾਲੀ-ਬੱਦੀ ਸੜਕ ਉਤੇ ਬੂਥਗੜ੍ਹ ਲਾਈਟ ਪੁਆਇੰਟ 'ਤੇ ਇੱਕ ਕਾਰ ਅਤੇ ਇੱਕ ਅਣਪਛਾਤੇ ਵਾਹਨ ਵਿਚਕਾਰ ਹੋਏ ਟੱਕਰ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮ੍ਰਿਤਕਾਂ ਵਿਚ ਇਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਪੀਐਚਡੀ ਦਾ ਵਿਦਿਆਰਥੀ, ਇਕ ਇਸੇ ਯੂਨੀਵਰਸਿਟੀ ਦਾ ਸਾਬਕਾ ਵਿਦਿਆਰਥੀ ਤੇ ਇਕ ਮੁਟਿਆਰ ਸ਼ਾਮਲ ਹਨ।
ਮ੍ਰਿਤਕਾਂ ਦੀ ਪਛਾਣ ਸ਼ੁਭਮ ਜਟਵਾਲ, ਜੋ ਕਿ ਪੰਜਾਬ ਯੂਨੀਵਰਸਿਟੀ (PU) ਵਿੱਚ ਫੋਰੈਂਸਿਕ ਸਾਇੰਸ ਵਿੱਚ ਪੀਐਚਡੀ ਦਾ ਵਿਦਿਆਰਥੀ ਸੀ ਅਤੇ ਲੜਕਿਆਂ ਦੇ ਹੋਸਟਲ ਨੰਬਰ 3 ਦਾ ਵਿਚ ਰਹਿੰਦਾ ਸੀ; ਸੌਰਭ ਪਾਂਡੇ, ਜੋ ਕਿ ਹਿਊਮਨ ਜੀਨੋਮ ਵਿਭਾਗ ਦਾ ਸਾਬਕਾ ਪੀਯੂ ਵਿਦਿਆਰਥੀ ਸੀ; ਅਤੇ ਇੱਕ ਮੁਟਿਆਰ ਰੁਬੀਨਾ ਵਜੋਂ ਹੋਈ ਹੈ।
ਜ਼ਖਮੀ ਦੀ ਪਛਾਣ ਮਾਨਵੇਂਦਰ ਵਜੋਂ ਹੋਈ ਹੈ ਅਤੇ ਉਹ ਵੀ ਪੀਯੂ ਵਿੱਚ ਫੋਰੈਂਸਿਕ ਸਾਇੰਸ ਵਿੱਚ ਇੱਕ ਖੋਜਾਰਥੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ਤੋਂ ਇੱਕ ਨੁਕਸਾਨੀ ਗਈ ਕਾਰ ਹੀ ਮੌਕੇ 'ਤੇ ਮਿਲੀ ਹੈ ਜਦੋਂ ਕਿ ਹਾਦਸੇ ਵਿੱਚ ਸ਼ਾਮਲ ਦੂਜੀ ਗੱਡੀ ਲਾਪਤਾ ਹੈ।
ਪੁਲੀਸ ਇਸ ਸਬੰਧ ਵਿਚ ਸੀਸੀਟੀਵੀ ਫੁਟੇਜ ਦੀ ਘੋਖ ਕਰ ਰਹੀ ਹੈ। ਇਸ ਦੌਰਾਨ ਪੁਲੀਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਹਾਲੀ ਫੇਜ਼ 6 ਸਥਿਤ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਸਬੰਧਤ ਪਰਿਵਾਰਾਂ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਗਈ ਹੈ।