Punjab News - ‘Are we in Pakistan’ Issue: ਸਰਕਾਰ ਨੇ ਧਰਮਕੋਟ ਨੂੰ 2 ਸਪੈਸ਼ਲਿਸਟ ਡਾਕਟਰ ਮੁੱਹਈਆ ਕਰਵਾਏ
ਵਿਧਾਇਕ ਢੋਸ ਨੇ ਵਿਧਾਨ ਸਭਾ ’ਚ ਉਠਾਇਆ ਸੀ ਮੁੱਦਾ; ਸਿਹਤ ਮੰਤਰੀ ਬਲਵੀਰ ਸਿੰਘ ਨੂੰ ਪੁੱਛਿਆ ਸੀ ਕਿ ਕਿਤੇ ‘ਉਹ ਧਰਮਕੋਟ ਨੂੰ ਪਾਕਿਸਤਾਨ ਵਿਚ’ ਤਾਂ ਨਹੀਂ ਸਮਝਦੇ
ਹਰਦੀਪ ਸਿੰਘ
ਧਰਮਕੋਟ, 28 ਮਾਰਚ
Punjab News: ਪੰਜਾਬ ਸਰਕਾਰ ਨੇ ਧਰਮਕੋਟ ਵਿਚ ਸਿਹਤ ਸੇਵਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੰਘੇ ਕੱਲ੍ਹ ਦੋ ਸਪੈਸ਼ਲਿਸਟ ਡਾਕਟਰਾਂ ਦੀ ਫ਼ੌਰੀ ਤੌਰ ’ਤੇ ਨਿਯੁਕਤੀ ਕਰ ਦਿੱਤੀ ਹੈ। ਗ਼ੌਰਤਲਬ ਹੈ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਤਿੰਨ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਧਰਮਕੋਟ ਅੰਦਰ ਸਿਹਤ ਸੇਵਾਵਾਂ ਦੀ ਮੰਦਹਾਲੀ ਦਾ ਮੁੱਦਾ ਉਠਾਉਂਦੇ ਹੋਏ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਘੇਰਿਆ ਸੀ।
ਉਨ੍ਹਾਂ ਸਿਹਤ ਮੰਤਰੀ ਨੂੰ ਸੁਆਲ ਕੀਤਾ ਸੀ ਕਿ ਕਿਤੇ ਉਹ ‘ਧਰਮਕੋਟ ਨੂੰ ਦੂਸਰੇ ਦੇਸ਼ ਪਾਕਿਸਤਾਨ ਦਾ ਹਿੱਸਾ’ ਤਾਂ ਨਹੀਂ ਮੰਨਦੇ, ਸ਼ਾਇਦ ਇਸੇ ਕਰ ਕੇ ਹਲਕੇ ਨੂੰ ਸਰਕਾਰੀ ਸਿਹਤ ਸੇਵਾਵਾਂ ਦੇਣ ਤੋਂ ਵਾਂਝੇ ਕੀਤਾ ਹੋਇਆ ਹੈ। ਵਿਧਾਇਕ ਢੋਸ ਵਲੋਂ ਵਿਧਾਨ ਸਭਾ ਸਦਨ ਵਿਚ ਉਠਾਏ ਗਏ ਇਸ ਮੁੱਦੇ ਨੂੰ ਲੈਕੇ ਜ਼ੋਰਦਾਰ ਚਰਚਾ ਵੀ ਛਿੜੀ ਸੀ।
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁੱਖ ਮੰਤਰੀ ਦੇ ਹੁਕਮਾਂ ਉੱਤੇ ਕੱਲ੍ਹ ਸਿਹਤ ਮੰਤਰੀ ਬਲਵੀਰ ਸਿੰਘ ਅਤੇ ਵਿਧਾਇਕ ਢੋਸ ਵਿਚਾਲੇ ਬੈਠਕ ਹੋਈ। ਸਿਹਤ ਮੰਤਰੀ ਨੇ ਵਿਧਾਇਕ ਨੂੰ ਸੂਚਿਤ ਕੀਤਾ ਕਿ ਵਿਭਾਗ ਨੇ ਦੋ ਸਪੈਸ਼ਲਿਸਟ ਡਾਕਟਰਾਂ ਜਿਨ੍ਹਾਂ ਵਿੱਚ ਮੈਡੀਕਲ ਅਫ਼ਸਰ ਡਾਕਟਰ ਸਨਚੰਦਨਦੀਪ ਸਿੰਘ ਬਰਾੜ (ਜਰਨਲ) ਨੂੰ ਧਰਮਕੋਟ ਅਤੇ ਮੈਡੀਕਲ ਅਫ਼ਸਰ ਡਾਕਟਰ ਅਮਨ ਗੋਇਲ (ਆਰਥੋ) ਦੀ ਕੋਟ ਈਸੇ ਖਾਂ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤੀ ਕਰ ਦਿੱਤੀ ਗਈ ਹੈ।
ਸਿਹਤ ਮੰਤਰੀ ਨੇ ਵਿਧਾਇਕ ਢੋਸ ਨੂੰ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਧਰਮਕੋਟ ਦਾ ਖ਼ਾਸ ਖ਼ਿਆਲ ਰੱਖਿਆ ਜਾਵੇਗਾ। ਆਮ ਆਦਮੀ ਪਾਰਟੀ ਹਲਕਾ ਧਰਮਕੋਟ ਦੇ ਆਗੂਆਂ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ, ਭੁਪੇਸ਼ ਗਰਗ ਸ਼ਹਿਰੀ ਪ੍ਰਧਾਨ, ਗੁਰਮੀਤ ਮਖੀਜਾ, ਹਰਪ੍ਰੀਤ ਸਿੰਘ ਰਿੱਕੀ, ਗੁਰਜੀਤ ਸਿੰਘ ਖੰਬੇ, ਅਜੈਬ ਸਿੰਘ ਲਲਿਹਾਂਦੀ, ਸ਼ੇਖਰ ਬਾਂਸਲ, ਚੇਅਰਮੈਨ ਗੁਰਤਾਰ ਸਿੰਘ ਕਮਾਲ ਕੇ, ਸੁਖਬੀਰ ਸਿੰਘ ਮੰਦਰ ਆਦਿ ਸਰਕਾਰ ਨੇ ਹਲਕੇ ਅੰਦਰ ਸਿਹਤ ਸੇਵਾਵਾਂ ਦੇ ਸੁਧਾਰ ਲਈ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਦਿਆਂ ਵਿਧਾਇਕ ਢੋਸ ਦਾ ਧੰਨਵਾਦ ਕੀਤਾ ਹੈ।