Farmers Protest: ਵਿਧਾਇਕ ਦੇ ਘਰ ਅੱਗੇ ਧਰਨਾ ਦੇ ਰਹੇ ਕਿਸਾਨਾਂ ਤੇ ਵਿਧਾਇਕ ਸਮਰਥਕਾਂ ਦਰਮਿਆਨ ਤਕਰਾਰ
ਹਰਦੀਪ ਸਿੰਘ
ਧਰਮਕੋਟ, 31 ਮਾਰਚ
ਕਿਸਾਨ ਜਥੇਬੰਦੀਆਂ ਦੇ ਦੋਹਾਂ ਫੋਰਮਾਂ ਦੇ ਸੱਦੇ ਉੱਤੇ ਅੱਜ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਰਿਹਾਇਸ਼ ਕੈਲਾ ਵਿਖਾ ਧਰਨਾ ਲਗਾ ਕੇ ਬੈਠੇ ਕਿਸਾਨਾਂ ਅਤੇ ਵਿਧਾਇਕ ਸਮਰਥਕਾਂ ਵਿਚਾਲੇ ਝੜਪ ਹੋ ਗਈ। ਮਾਮਲਾ ਵਧਦਾ ਦੇਖ ਜ਼ਿਲ੍ਹਾ ਪੁਲੀਸ ਮੁਖੀ ਅਜੈ ਗਾਂਧੀ, ਐਸ ਪੀ ਗੁਰਸ਼ਰਨਜੀਤ ਸਿੰਘ ਸੰਧੂ ਅਤੇ ਹੋਰ ਪੁਲੀਸ ਅਧਿਕਾਰੀ ਪਿੰਡ ਕੈਲਾ ਪੁੱਜੇ ਅਤੇ ਦੋਵਾਂ ਧਿਰਾਂ ਨੂੰ ਸ਼ਾਂਤ ਕੀਤਾ। ਕਿਸਾਨ ਆਗੂਆਂ ਰਾਣਾ ਰਣਬੀਰ ਸਿੰਘ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ, ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਅਵਤਾਰ ਸਿੰਘ ਧਰਮ ਸਿੰਘ ਵਾਲਾ, ਭਾਰਤੀ ਕਿਸਾਨ ਯੂਨੀਅਨ ਬ੍ਰਾਹਮਕੇ ਦੇ ਜ਼ਿਲ੍ਹਾ ਪ੍ਰਧਾਨ ਜਗਰੂਪ ਸਿੰਘ ਅਤੇ ਕਿਸਾਨ ਜਥੇਬੰਦੀ ਖੋਸਾ ਦੇ ਮੁੱਖ ਬੁਲਾਰੇ ਬਲਜਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਉਹ ਦੋਹਾਂ ਫੋਰਮਾਂ ਦੇ ਸੱਦੇ ਉੱਤੇ ਵਿਧਾਇਕ ਦੇ ਘਰ ਅੱਗੇ ਸ਼ਾਂਤਮਈ ਧਰਨਾ ਦੇ ਰਹੇ ਸਨ।
ਦੁਪਹਿਰ ਵੇਲੇ ਵਿਧਾਇਕ ਦੇ ਘਰ ਆਉਂਦਿਆਂ ਹੀ ਉਸ ਦੇ ਸਮਰਥਕਾਂ ਨੇ ਕਿਸਾਨਾਂ ’ਤੇ ਹਮਲਾ ਕਰ ਦਿੱਤਾ। ਧਰਨੇ ਤੋਂ ਮਾਈਕ ਖੋਹ ਲਿਆ ਗਿਆ ਅਤੇ ਧਰਨੇ ਦੀ ਵੀਡੀਓਗਰਾਫੀ ਕਰ ਰਹੇ ਦੋ ਕਿਸਾਨਾਂ ਸੁਖਦੇਵ ਸਿੰਘ ਅਤੇ ਜਗਜੀਤ ਸਿੰਘ ਖੰਬੇ ਦੇ ਮੋਬਾਈਲ ਫੋਨ ਖੋਹ ਲਏ ਗਏ ਅਤੇ ਵਿਧਾਇਕ ਸਮਰਥਕ ਦੋਹਾਂ ਨੂੰ ਉਠਾ ਕੇ ਘਰ ਅੰਦਰ ਲੈ ਗਏ ਅਤੇ ਉਨ੍ਹਾਂ ਦੀ ਕੁੱਟਮਾਰ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਦੋਹਾਂ ਕਿਸਾਨਾਂ ਅਤੇ ਮੋਬਾਈਲ ਫੋਨ ਵਾਪਸ ਕੀਤੇ ਗਏ। ਕਿਸਾਨ ਆਗੂਆਂ ਨੇ ਕਿਹਾ ਕਿ ਵਿਧਾਇਕ ਅਤੇ ਉਨ੍ਹਾਂ ਦੇ ਸਮਰਥਕਾਂ ਦਾ ਕਿਸਾਨਾਂ ਨਾਲ ਮਾੜਾ ਵਿਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਦੂਸਰੇ ਪਾਸੇ ਵਿਧਾਇਕ ਢੋਸ ਨੇ ਆਪਣਾ ਪੱਖ ਰੱਖਦੇ ਹੋਏ ਦੱਸਿਆ ਕਿ ਕਿਸਾਨਾਂ ਨੇ ਉਨ੍ਹਾਂ ਦੇ ਘਰ ਦੇ ਬਿਲਕੁਲ ਅੱਗੇ ਧਰਨਾ ਲਗਾ ਕੇ ਘਰ ਦਾ ਮੁੱਖ ਗੇਟ ਬੰਦ ਕਰ ਦਿੱਤਾ ਅਤੇ ਸੜਕ ਦੇ ਦੋਹਾਂ ਪਾਸੇ ਕੈਂਟਰ ਲਗਾ ਕੇ ਆਵਾਜਾਈ ਰੋਕ ਦਿੱਤੀ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੇ ਘਰ ਆਏ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਘਰ ਦਾ ਗੇਟ ਛੱਡਣ ਦੀ ਬੇਨਤੀ ਕੀਤੀ। ਕਿਸਾਨ ਹੁਲੜਬਾਜ਼ੀ ਉੱਤੇ ਉਤਰ ਆਏ ਅਤੇ ਨਾਅਰੇਬਾਜ਼ੀ ਕਰਨ ਲੱਗੇ ਜਿਸ ਸਦਕਾ ਪੁਲੀਸ ਨਾਲ ਉਨ੍ਹਾਂ ਦਾ ਤਕਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਲੰਘੇ ਕੱਲ੍ਹ ਮੋਗਾ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵੀ ਕਿਸਾਨਾਂ ਨੂੰ ਬਿਨਾਂ ਕਿਸੇ ਭੜਕਾਹਟ ਦੇ ਧਰਨੇ ਦੇਣ ਦੀ ਅਪੀਲ ਕੀਤੀ ਸੀ ਲੇਕਿਨ ਕਿਸਾਨਾਂ ਵਿਚ ਕੁਝ ਸ਼ਰਾਰਤੀ ਲੋਕ ਸੂਬੇ ਦੇ ਮਾਹੌਲ ਨੂੰ ਖਰਾਬ ਕਰਨ ਵਿਚ ਲੱਗੇ ਹੋਏ ਹਨ।