April-June to be hotter than usual: ਇਸ ਵਾਰ ਆਮ ਨਾਲੋਂ ਗਰਮ ਰਹੇਗਾ ਅਪਰੈਲ-ਜੂਨ
ਨਵੀਂ ਦਿੱਲੀ, 31 ਮਾਰਚ
ਇਸ ਵਾਰ ਦੇਸ਼ ਭਰ ਵਿੱਚ ਅਪਰੈਲ ਤੋਂ ਜੂਨ ਤੱਕ ਆਮ ਨਾਲੋਂ ਵੱਧ ਤਾਪਮਾਨ ਰਹੇਗਾ। ਮੱਧ ਅਤੇ ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਮੈਦਾਨੀ ਇਲਾਕਿਆਂ ਵਿੱਚ ਜ਼ਿਆਦਾ ਗਰਮੀ ਪਵੇਗੀ। ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੇਖਣ ਨੂੰ ਮਿਲੇਗਾ। ਭਾਰਤ ਮੌਸਮ ਵਿਭਾਗ ਦੇ ਮੁਖੀ ਮ੍ਰਿਤੁੰਜੈ ਮਹਾਪਾਤਰਾ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਜ਼ਿਆਦਾਤਰ ਖੇਤਰਾਂ ਵਿੱਚ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ ਵੱਧ ਰਹੇਗਾ। ਇਕ ਅਧਿਕਾਰੀ ਨੇ ਕਿਹਾ ਕਿ ਇਸ ਵਾਰ ਇਨ੍ਹਾਂ ਮਹੀਨਿਆਂ ਵਿਚ ਗਰਮੀ ਵਾਲੇ ਦਿਨ ਵੀ ਵਧ ਹੋਣਗੇ।
ਜ਼ਿਕਰਯੋਗ ਹੈ ਕਿ ਰਾਜਸਥਾਨ, ਗੁਜਰਾਤ, ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਪੱਛਮੀ ਬੰਗਾਲ, ਓੜੀਸਾ, ਛੱਤੀਸਗੜ੍ਹ, ਤੇਲੰਗਾਨਾ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਅਤੇ ਤਾਮਿਲਨਾਡੂ ਵਿਚ ਆਮ ਨਾਲੋਂ ਵੱਧ ਗਰਮੀ ਪਵੇਗੀ।
ਬਿਜਲੀ ਦੀ ਮੰਗ 9 ਤੋਂ 10 ਫ਼ੀਸਦੀ ਵੱਧ ਰਹਿਣ ਦੀ ਸੰਭਾਵਨਾ
ਮਾਹਿਰਾਂ ਨੇ ਚਿਤਾਵਨੀ ਦਿੰਦਿਆਂ ਕਿ ਭਾਰਤ ਨੂੰ ਇਸ ਸਾਲ ਗਰਮੀਆਂ ਵਿੱਚ ਬਿਜਲੀ ਦੀ ਮੰਗ 9 ਤੋਂ 10 ਫ਼ੀਸਦੀ ਵੱਧ ਰਹਿਣ ਦੀ ਸੰਭਾਵਨਾ ਨਾਲ ਨਜਿੱਠਣ ਲਈ ਤਿਆਰ ਰਹਿਣਾ ਪਵੇਗਾ। ਪਿਛਲੇ ਵਰ੍ਹੇ ਮੁਲਕ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 30 ਮਈ ਨੂੰ 250 ਗੀਗਾਵਾਟ ਪਾਰ ਕਰ ਗਈ ਸੀ, ਜੋ ਅੰਦਾਜ਼ੇ ਨਾਲੋਂ 6.3 ਫ਼ੀਸਦੀ ਵੱਧ ਸੀ।