Opposition walks out of Rajya Sabha ਖੜਗੇ ਬਾਰੇ ਅਨੁਰਾਗ ਠਾਕੁਰ ਦੀਆਂ ਟਿੱਪਣੀਆਂ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਰਾਜ ਸਭਾ ’ਚੋਂ ਵਾਕਆਊਟ
ਸ਼ੁਭਦੀਪ ਚੌਧਰੀ
ਨਵੀਂ ਦਿੱਲੀ, 3 ਅਪਰੈਲ
Opposition walks out of Rajya Sabha ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਵੱਲੋਂ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਖਿਲਾਫ਼ ਕੀਤੀਆਂ ਕਥਿਤ ਟਿੱਪਣੀਆਂ ਦੇ ਰੋਸ ਵਜੋਂ ਬੀਜੂ ਜਨਤਾ ਦਲ (ਬੀਜੇਡੀ) ਸਣੇ ਪੂਰੀ ਵਿਰੋਧੀ ਧਿਰ ਸਦਨ ’ਚੋਂ ਵਾਕਆਊਟ ਕਰ ਗਈ।
ਸਿਫ਼ਰ ਕਾਲ ਤੋਂ ਥੋੜ੍ਹੀ ਦੇਰ ਪਹਿਲਾਂ ਬੋਲਦੇ ਹੋਏ ਖੜਗੇ, ਜੋ ਕਾਂਗਰਸ ਪਾਰਟੀ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਅਨੁਰਾਗ ਠਾਕੁਰ ਨੇ ਲੋਕ ਸਭਾ ਵਿੱਚ ਉਨ੍ਹਾਂ ਬਾਰੇ ਜੋ ਕੁਝ ਕਿਹਾ ਸੀ, ਉਸ ਤੋਂ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਖੜਗੇ ਨੇ ਕਿਹਾ ਕਿ ਉਨ੍ਹਾਂ ਦਾ ਪੂਰਾ ਜੀਵਨ ਇੱਕ ਖੁੱਲ੍ਹੀ ਕਿਤਾਬ ਵਾਂਗ ਰਿਹਾ ਹੈ ਅਤੇ ਜੇ ਅਨੁਰਾਗ ਠਾਕੁਰ ਇਹ ਸਾਬਤ ਕਰ ਸਕਣ ਕਿ ਉਨ੍ਹਾਂ (ਖੜਗੇ) ਜਾਂ ਉਨ੍ਹਾਂ ਦੇ ਬੱਚਿਆਂ ਨੇ ਵਕਫ਼ ਜ਼ਮੀਨ ਦੇ ਇੱਕ ਇੰਚ ’ਤੇ ਵੀ ਕਬਜ਼ਾ ਕੀਤਾ ਹੈ ਤਾਂ ਉਹ ਜਨਤਕ ਜੀਵਨ ਤੋਂ ਸੰਨਿਆਸ ਲੈ ਲੈਣਗੇ।
ਖੜਗੇ ਨੇ ਕਿਹਾ ਕਿ ਜੇ ਅਨੁਰਾਗ ਠਾਕੁਰ ਆਪਣੇ ਦੋਸ਼ਾਂ ਨੂੰ ਸਾਬਤ ਕਰਨ ਵਿੱਚ ਅਸਫਲ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਵਿੱਚ ਸਦਨ ਦੇ ਨੇਤਾ ਨੂੰ ਠਾਕੁਰ ਵੱਲੋਂ ਉਨ੍ਹਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਕੁਝ ਕਹਿਣ ਲਈ ਖੜ੍ਹੇ ਹੋਏ ਪਰ ਤ੍ਰਿਣਮੂਲ ਕਾਂਗਰਸ ਦੇ ਸਦਨ ਵਿਚ ਨੇਤਾ ਡੈਰੇਕ ਓ’ਬ੍ਰਾਇਨ ਨੇ ਉਨ੍ਹਾਂ ਨੂੰ ਰੋਕਿਆ। ਇਸ ਦੌਰਾਨ ਚੇਅਰਮੈਨ ਜਗਦੀਪ ਧਨਖੜ ਨੇ ਦਖਲ ਦਿੰਦਿਆਂ ਕਿਹਾ ਕਿ ਮੈਂਬਰਾਂ ਲਈ ਸਦਨ ਵਿੱਚ ਮਰਿਆਦਾ ਬਣਾਈ ਰੱਖਣਾ ਕਿੰਨਾ ਅਹਿਮ ਹੈ। ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮਜੀ ਲਾਲ ਸੁਮਨ ਨੇ ਰਾਣਾ ਸਾਂਘਾ ’ਤੇ ਆਪਣੀ ਟਿੱਪਣੀ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਬਾਵਜੂਦ, ਆਪਣੀਆਂ ਟਿੱਪਣੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ।
ਕਾਂਗਰਸ ਮੈਂਬਰ ਜੈਰਾਮ ਰਮੇਸ਼ ਨੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਰਿਜਿਜੂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਉਂਕਿ ਮੰਤਰੀ ਕੁਝ ਕਹਿਣਾ ਚਾਹੁੰਦੇ ਸਨ। ਖੜਗੇ ਵੀ ਬੋਲਣ ਲਈ ਖੜ੍ਹੇ ਹੋਏ, ਪਰ ਚੇਅਰਮੈਨ ਨੇ ਵਿਰੋਧੀ ਧਿਰ ਦੀ ਮੰਗ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਸਿਫ਼ਰ ਕਾਲ ਨੋਟਿਸ ਪੜ੍ਹਨ ਲਈ ਸੂਚੀਬੱਧ ਮੈਂਬਰਾਂ ਦੇ ਨਾਵਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਇਸ ਮਗਰੋਂ ਸਾਰੀਆਂ ਵਿਰੋਧੀ ਪਾਰਟੀਆਂ ਸਦਨ ’ਚੋਂ ਵਾਕਆਊਟ ਕਰ ਗਈਆਂ। ਗੈਰ-ਐੱਨਡੀਏ ਪਾਰਟੀਆਂ ਵਿੱਚੋਂ ਸਿਰਫ਼ ਵਾਈਐੱਸਆਰਸੀਪੀ ਦੇ ਮੈਂਬਰ ਪਿੱਲੀ ਸੁਭਾਸ਼ ਚੰਦਰ ਬੋਸ ਹੀ ਸਦਨ ਵਿੱਚ ਬੈਠੇ ਦਿਖਾਈ ਦਿੱਤੇ।