ਵਿਆਹ ਦੇ ਕਾਰਡ ਨੇ ਸੁਲਝਾਈ ਡਕੈਤੀ, ਪੀੜਤ ਦੇ ਭਰਾ ਸਮੇਤ 4 ਗ੍ਰਿਫ਼ਤਾਰ
ਪਾਲਘਰ, 3 ਅਪ੍ਰੈਲ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਵਿਚ ਇਕ ਵਿਆਹ ਦੇ ਸੱਦਾ ਪੱਤਰ ਨੇ ਡਕੈਤੀ ਦੇ ਇਕ ਮਾਮਲੇ ਨੂੰ ਸੁਲਝਾਉਣ ਵਿਚ ਪੁਲੀਸ ਦੀ ਮਦਦ ਕੀਤੀ ਹੈ ਅਤੇ ਪੀੜਤ ਦੇ ਭਰਾ ਨੂੰ ਇਸ ਅਪਰਾਧ ਵਿਚ ਸ਼ਾਮਲ ਪਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ 28 ਮਾਰਚ ਨੂੰ ਜਵਾਹਰ ਦੇ ਵਾਵਰ ਪਿੰਡ ਨੇੜੇ ਵਾਪਰੀ। ਜ਼ਿਲ੍ਹਾ ਪੁਲੀਸ ਸੁਪਰਡੈਂਟ ਬਾਲਾਸਾਹਿਬ ਪਾਟਿਲ ਨੇ ਕਿਹਾ ਕਿ ਪੀੜਤ ਬੋਰੂ ਖਾਂਡੂ ਬਿੰਨਾਰ (30) ਇਕ ਪਿਕਅੱਪ ਵੈਨ ਵਿੱਚ ਯਾਤਰਾ ਕਰ ਰਿਹਾ ਸੀ ਜਦੋਂ ਤਿੰਨ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੀ ਮੋਟਰਸਾਈਕਲ ਖਰਾਬ ਹੋਣ ਦੇ ਬਹਾਨੇ ਉਸਨੂੰ ਰੋਕਿਆ।
ਜਿਸ ਉਪਰੰਤ ਉਨ੍ਹਾਂ ਨੇ ਵਿਅਕਤੀ ਅਤੇ ਵੈਨ ਡਰਾਈਵਰ ਦੀਆਂ ਅੱਖਾਂ ਵਿੱਚ ਮਿਰਚ ਪਾਊਡਰ ਪਾਇਆ ਅਤੇ 6,85,500 ਰੁਪਏ ਨਕਦੀ ਦੀ ਡਕੈਤੀ ਕੀਤੀ। ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੇ ਭੱਜਣ ਤੋਂ ਪਹਿਲਾਂ ਵਿਅਕਤੀ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਵੀ ਦਿੱਤੀ।
ਅਧਿਕਾਰੀ ਨੇ ਕਿਹਾ ਕਿ ਅਪਰਾਧ ਵਾਲੀ ਥਾਂ ’ਤੇ ਜਾਂਚ ਦੌਰਾਨ ਪੁਲੀਸ ਨੂੰ ਮਿਰਚ ਪਾਊਡਰ ਦੇ ਨਿਸ਼ਾਨ ਅਤੇ ਇਕ ਵਿਆਹ ਦਾ ਸੱਦਾ ਪੱਤਰ ਜਿਸ ਵਿੱਚ ਮਿਰਚ ਪਾਊਡਰ ਪਾਇਆ ਹੋਇਆ ਸੀ। ਪੁਲੀਸ ਨੇ ਉਸ ਦਾ ਪਤਾ ਲਗਾਇਆ ਜਿਸਦਾ ਨਾਮ ਸੱਦਾ ਪੱਤਰ ’ਤੇ ਲਿਖਿਆ ਸੀ ਅਤੇ ਉਸਨੂੰ ਡਕੈਤੀ ਵਿੱਚ ਸ਼ਾਮਲ ਪਾਇਆ ਗਿਆ। ਬਾਅਦ ਵਿੱਚ ਤਿੰਨ ਹੋਰ ਦੋਸ਼ੀਆਂ ਨੂੰ ਵੀ ਫੜ ਲਿਆ ਗਿਆ। ਅਧਿਕਾਰੀ ਦੇ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿੱਚੋਂ ਪੀੜਤ ਦੇ ਭਰਾ ਦੱਤੂ ਖਾਂਡੂ ਬਿੰਨਾਰ (34) ਨੇ ਕਥਿਤ ਤੌਰ 'ਤੇ ਡਕੈਤੀ ਦੀ ਯੋਜਨਾ ਬਣਾਈ ਸੀ।-ਪੀਟੀਆਈ