ਹਿਮਾਚਲ ਵਾਸੀ ਬੇਖੌਫ਼ ਹੋ ਕੇ ਪੰਜਾਬ ਆਉਣ ਅਤੇ ਪੰਜਾਬ ਵਾਸੀ ਬੇਖੌਫ਼ ਹੋ ਕੇ ਹਿਮਾਚਲ ਜਾਣ: ਗੜਗੱਜ
ਅੰਮ੍ਰਿਤਸਰ, 22 ਮਾਰਚ
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚਾਲੇ ਚੱਲ ਰਹੇ ਤਣਾਅ ਵਾਲੇ ਮਾਹੌਲ ਦੌਰਾਨ ਅੱਜ ਹਿਮਾਚਲ ਦੇ ਹਮੀਰਪੁਰ ਖੇਤਰ ਵਿੱਚ ਬਡਸਰ ਸਥਿਤ ਸਰਕਾਰੀ ਕਾਲਜ ਦੇ ਲਗਪਗ ਪੰਜਾਹ ਵਿਦਿਆਰਥੀ ਅਤੇ ਅਧਿਆਪਕ ਇੱਥੇ ਹਰਿਮੰਦਰ ਸਾਹਿਬ ਪੁੱਜੇ। ਵਫ਼ਦ ਨੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਗਿਆਨੀ ਗੜਗੱਜ ਨੇ ਦੋਵੇਂ ਸੂਬਿਆਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ ਤੇ ਸਦਭਾਵਨਾ ਵਧਾਉਣ ਦਾ ਸੰਦੇਸ਼ ਦਿੱਤਾ ਹੈ।
ਵਿਦਿਆਰਥੀਆਂ ਦਾ ਇਹ ਵਫ਼ਦ ਤਿੰਨ ਦਿਨਾਂ ਤੋਂ ਪੰਜਾਬ ਦੌਰੇ ’ਤੇ ਹੈ ਅਤੇ ਲੁਧਿਆਣਾ ਹੁੰਦੇ ਹੋਏ ਇਹ ਅੱਜ ਇੱਥੇ ਅੰਮ੍ਰਿਤਸਰ ਪੁੱਜਿਆ। ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਬਾਅਦ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਇੱਥੇ ਸਕੱਤਰੇਤ ਵਿੱਚ ਮੁਲਾਕਾਤ ਕੀਤੀ।
ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਦੱਸਿਆ ਕਿ ਜਦੋਂ ਹਿਮਾਚਲ ਤੋਂ ਪੰਜਾਬ ਟੂਰ ਲਈ ਚੱਲੇ ਸਨ ਤਾਂ ਉਨ੍ਹਾਂ ਨੂੰ ਇਹ ਕਹਿ ਕੇ ਡਰਾਇਆ ਗਿਆ ਸੀ ਕਿ ਪੰਜਾਬ ਵਿੱਚ ਹਾਲਾਤ ਬਹੁਤ ਖਰਾਬ ਹਨ। ਉਨ੍ਹਾਂ ਦੇਖਿਆ ਕਿ ਇੱਥੇ ਹਾਲਾਤ ਠੀਕ ਹਨ ਅਤੇ ਕਿਸੇ ਵੀ ਹਿਮਾਚਲ ਵਾਸੀ ਨੂੰ ਕੋਈ ਡਰ ਜਾਂ ਖਤਰਾ ਨਹੀਂ ਹੈ। ਉਨ੍ਹਾਂ ਹਿਮਾਚਲ ਵਾਸੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਬੇਖੌਫ਼ ਪੰਜਾਬ ਆਉਣ ਅਤੇ ਪੰਜਾਬ ਵਾਸੀਆਂ ਨੂੰ ਆਖਿਆ ਕਿ ਉਹ ਵੀ ਬੇਖੌਫ ਹੋ ਕੇ ਹਿਮਾਚਲ ਜਾਣ। ਇਸ ਦੌਰਾਨ ਜਥੇਦਾਰ ਗਿਆਨੀ ਕੁਲਦੀਪ ਸਿੰਘ ਨੇ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਪੰਜਾਬ ਵਿੱਚ ਪੂਰੀ ਤਰ੍ਹਾਂ ਸੁਰੱਖਿਅਤ ਹਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਮਾਹੌਲ ਨੂੰ ਵਿਗਾੜਨਾ ਚਾਹੁੰਦੇ ਹਨ, ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਇਨ੍ਹਾਂ ਵਿੱਚ ਸਿਆਸਤਦਾਨ ਤੇ ਸਰਕਾਰਾਂ ਵੀ ਸ਼ਾਮਲ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਹਿਮਾਚਲ ਜਾਣ ਵਾਲੇ ਪੰਜਾਬੀਆਂ ਅਤੇ ਖਾਸ ਕਰਕੇ ਸਿੱਖਾਂ ਨਾਲ ਕੋਈ ਹਿਮਾਚਲ ਵਾਸੀ ਮਾੜਾ ਵਤੀਰਾ ਨਾ ਕਰੇ। ਅਜਿਹੇ ਮਾਮਲੇ ਵਿੱਚ ਪ੍ਰਸ਼ਾਸਨ ਕਾਨੂੰਨ ਮੁਤਾਬਕ ਕਾਰਵਾਈ ਕਰ ਸਕਦਾ ਹੈ ਪਰ ਕਿਸੇ ਆਮ ਵਿਅਕਤੀ ਨੂੰ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ ਚਾਹੀਦਾ।