ਕੇਂਦਰ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ 24 ਫੀਸਦ ਵਧਾਈ
ਨਵੀਂ ਦਿੱਲੀ, 24 ਮਾਰਚ
ਕੇਂਦਰੀ ਸਰਕਾਰ ਨੇ ਸੋਮਵਾਰ ਨੂੰ ਸੰਸਦ ਮੈਂਬਰਾਂ ਦੀਆਂ ਤਨਖ਼ਾਹਾਂ ਵਿੱਚ 24 ਫੀਸਦ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਕਿ ਪਹਿਲੀ ਅਪਰੈਲ 2023 ਤੋਂ ਪ੍ਰਭਾਵੀ ਹੋਵੇਗੀ। ਇਸ ਦੇ ਨਾਲ ਹੀ, ਸੰਸਦ ਮੈਂਬਰਾਂ ਦੀ ਮਹੀਨਾਵਾਰ ਤਨਖ਼ਾਹ, ਕੁਝ ਭੱਤਿਆਂ ਅਤੇ ਸਹੂਲਤਾਂ ਤੋਂ ਇਲਾਵਾ 1.24 ਲੱਖ ਰੁਪਏ ਹੋ ਗਈ ਹੈ। ਇਹ ਵਾਧਾ ਲਾਗਤ ਮਹਿੰਗਾਈ ਸੂਚਕਅੰਕ ਦੇ ਆਧਾਰ ’ਤੇ ਕੀਤੀ ਗਈ ਹੈ।
ਸੰਸਦੀ ਮਾਮਲਿਆਂ ਬਾਰੇ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ, ਮੌਜੂਦਾ ਮੈਂਬਰਾਂ ਦੇ ਰੋਜ਼ਾਨਾ ਦੇ ਭੱਤਿਆਂ ਅਤੇ ਪੈਨਸ਼ਨ ਵਿੱਚ ਵੀ ਵਾਧਾ ਕੀਤਾ ਗਿਆ ਹੈ। ਉੱਧਰ, ਸਾਬਕਾ ਮੈਂਬਰਾਂ ਲਈ ਪੰਜ ਸਾਲ ਤੋਂ ਵੱਧ ਸਮੇਂ ਦੀ ਸੇਵਾ ’ਤੇ ਹਰੇਕ ਸਾਲ ਲਈ ਵਾਧੂ ਪੈਨਸ਼ਨ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਮੁਤਾਬਕ, ਸੰਸਦ ਮੈਂਬਰਾਂ ਨੂੰ ਹੁਣ 1.24 ਲੱਖ ਰੁਪਏ ਮਹੀਨਾਵਾਰ ਤਨਖ਼ਾਹ ਮਿਲੇਗੀ ਜਦਕਿ ਪਹਿਲਾਂ ਇਹ ਰਕਮ ਇੱਕ ਲੱਖ ਰੁਪਏ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਰੋਜ਼ਾਨਾ ਭੱਤਾ 2,000 ਰੁਪਏ ਤੋਂ ਵਧਾ ਕੇ 2500 ਰੁਪਏ ਕਰ ਦਿੱਤਾ ਗਿਆ ਹੈ। ਸਾਬਕਾ ਸੰਸਦ ਮੈਂਬਰ ਦੀ ਪੈਨਸ਼ਨ 25000 ਰੁਪਏ ਮਹੀਨਾ ਤੋਂ ਵਧਾ ਕੇ 31000 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਪੰਜ ਸਾਲ ਤੋਂ ਵੱਧ ਸਮੇਂ ਦੀ ਸੇਵਾ ’ਤੇ ਹਰੇਕ ਸਾਲ ਲਈ ਵਾਧੂ ਪੈਨਸ਼ਨ 2000 ਰੁਪਏ ਤੋਂ ਵਧਾ ਕੇ 2500 ਰੁਪਏ ਮਹੀਨਾ ਕਰ ਦਿੱਤੀ ਗਈ ਹੈ। ਸਾਲ 2018 ਵਿੱਚ ਤਤਕਾਲੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਸਦ ਮੈਂਬਰਾਂ ਦੀ ਤਨਖ਼ਾਹ 50,000 ਰੁਪਏ ਤੋਂ ਵਧਾ ਕੇ ਇਕ ਲੱਖ ਰੁਪਏ ਕਰ ਦਿੱਤੀ ਸੀ। ਜੇਤਲੀ ਨੇ ਹਰੇਕ ਪੰਜ ਸਾਲਾਂ ਵਿੱਚ ਤਨਖ਼ਾਹ ਅਤੇ ਭੱਤਿਆਂ ਵਿੱਚ ਖ਼ੁਦ ਹੀ ਸੋਧ ਲਈ ਇਕ ਤੰਤਰ ਵੀ ਬਣਾਇਆ ਸੀ, ਜਿਸ ਨੂੰ ਮਹਿੰਗਾਈ ਨਾਲ ਜੋੜਿਆ ਗਿਆ ਸੀ। -ਪੀਟੀਆਈ
ਸੰਸਦ ਮੈਂਬਰਾਂ ਨੂੰ ਮਿਲਣਗੇ ਇਹ ਲਾਭ
ਸੰਸਦ ਮੈਂਬਰਾਂ ਨੂੰ ਹੁਣ ਤਨਖ਼ਾਹ ਵਜੋਂ 1.24 ਲੱਖ ਰੁਪਏ ਮਹੀਨਾ ਮਿਲਣਗੇ ਜਦਕਿ ਚੋਣ ਖੇਤਰ ਭੱਤੇ ਦੇ ਰੂਪ ਵਿੱਚ 87,000 ਰੁਪਏ ਮਹੀਨਾ ਮਿਲਣਗੇ ਜੋ ਕਿ ਪਹਿਲਾਂ 70,000 ਰੁਪਏ ਸੀ। ਦਫ਼ਤਰ ਖ਼ਰਚ ਲਈ ਸੰਸਦ ਮੈਂਬਰਾਂ ਨੂੰ 75,000 ਰੁਪਏ ਮਿਲਣਗੇ ਜਦਕਿ ਪਹਿਲਾਂ ਇਹ ਰਾਸ਼ੀ 60,000 ਰੁਪਏ ਸੀ। 75,000 ਰੁਪਏ ਦੇ ਦਫ਼ਤਰ ਖ਼ਰਚੇ ਵਿੱਚ ਕੰਪਿਊਟਰ ਆਪਰੇਟਰ ਦੀਆਂ ਸੇਵਾਵਾਂ ਲੈਣ ਲਈ 50,000 ਰੁਪਏ ਅਤੇ ਸਟੇਸ਼ਨਰੀ ਸਮੱਗਰੀ ਲਈ 25,000 ਰੁਪਏ ਸ਼ਾਮਲ ਹਨ। ਸੰਸਦ ਮੈਂਬਰ ਆਪਣੇ ਕਾਰਜਕਾਲ ਦੌਰਾਨ ਇਕ ਵਾਰ ਇਕ ਲੱਖ ਰੁਪਏ ਦਾ ਟਿਕਾਊ ਫਰਨੀਚਰ ਅਤੇ 25,000 ਰੁਪਏ ਦਾ ਗੈਰ ਟਿਕਾਊ ਫਰਨੀਚਰ ਵੀ ਖ਼ਰੀਦ ਸਕਦਾ ਹੈ।