ਬੰਗਾਲ: ਭਾਜਪਾ ਨੇਤਾ ਦੇ ਘਰ ਦੇ ਬਾਹਰ ਬੰਬ ਸੁੱਟੇ, ਗੋਲੀਬਾਰੀ
ਕੋਲਕਾਤਾ, 27 ਮਾਰਚ
ਪੁਲੀਸ ਨੇ ਵੀਰਵਾਰ ਨੂੰ ਦੱਸਿਆ ਕਿ ਪੱਛਮੀ ਬੰਗਾਲ ਦੇ ਭਾਟਪਾਰਾ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਰਜੁਨ ਸਿੰਘ ਦੇ ਘਰ ਦੇ ਬਾਹਰ ਅਣਪਛਾਤੇ ਬਦਮਾਸ਼ਾਂ ਨੇ ਬੰਬ ਸੁੱਟੇ ਅਤੇ ਗੋਲੀਆਂ ਚਲਾਈਆਂ। ਬੁੱਧਵਾਰ ਦੇਰ ਰਾਤ ਹੋਏ ਇਸ ਹਮਲੇ ਵਿੱਚ ਇੱਕ ਨੌਜਵਾਨ ਜ਼ਖਮੀ ਹੋ ਗਿਆ। ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀ ਸਾਥੀਆਂ ਨੇ ਕਥਿਤ ਤੌਰ ’ਤੇ ਹਮਲਾਵਰਾਂ ਦਾ ਪਿੱਛਾ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਮੌਕੇ ਤੋਂ ਭੱਜਣਾ ਪਿਆ।
ਬੈਰਕਪੁਰ ਦੇ ਪੁਲਿਸ ਕਮਿਸ਼ਨਰ ਅਜੈ ਠਾਕੁਰ ਨੇ ਕਿਹਾ, "ਸਥਿਤੀ ਹੁਣ ਕਾਬੂ ਹੇਠ ਹੈ, ਇਸ ਵਿਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ... ਦੋਸ਼ੀਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।" ਭਾਜਪਾ ਆਗੂ ਸਿੰਘ ਨੇ ਦੋਸ਼ ਲਗਾਇਆ ਕਿ ਹਮਲੇ ਪਿੱਛੇ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਕੌਂਸਲਰ ਸੁਨੀਤਾ ਸਿੰਘ ਦੇ ਪੁੱਤਰ ਨਮਿਤ ਸਿੰਘ ਦਾ ਹੱਥ ਸੀ। ਉਨ੍ਹਾਂ ਦਾਅਵਾ ਕੀਤਾ ਕਿ, "ਉਸ ਨੇ ਪੁਲੀਸ ਦੇ ਸਾਹਮਣੇ ਗੋਲੀਬਾਰੀ ਕੀਤੀ, ਅੰਨ੍ਹੇਵਾਹ ਗੋਲੀਬਾਰੀ ਅਤੇ ਬੰਬਾਰੀ ਹੋਈ।’’ ਪੁਲੀਸ ਸੂਤਰਾਂ ਅਨੁਸਾਰ ਇਲਾਕੇ ਵਿਚ ਮੇਘਨਾ ਜੂਟ ਮਿੱਲ ਵਿੱਚ ਮਜ਼ਦੂਰਾਂ ਦੇ ਦੋ ਸਮੂਹਾਂ ਵਿਚਕਾਰ ਝਗੜੇ ਤੋਂ ਬਾਅਦ ਹਿੰਸਾ ਭੜਕੀ ਸੀ।
ਇਸ ਦੌਰਾਨ ਟੀਐੱਮਸੀ ਦੇ ਜਗਦਲ ਵਿਧਾਇਕ ਸੋਮਨਾਥ ਸ਼ਿਆਮ ਨੇ ਅਰਜੁਨ ਸਿੰਘ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਹਿੰਸਾ ਭੜਕਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ, "ਅਰਜੁਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੇਘਨਾ ਜੂਟ ਮਿੱਲ ਵਿੱਚ ਮਜ਼ਦੂਰਾਂ ’ਤੇ ਹਮਲਾ ਕੀਤਾ ਅਤੇ ਗੋਲੀਆਂ ਚਲਾਈਆਂ। ਇਸ ਮੌਕੇ ਇਕ ਨੌਜਵਾਨ ਨੂੰ ਸਿੰਘ ਨੇ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੇ ਸਮੂਹ ਦੇ ਹਮਲੇ ਵਿੱਚ ਤਿੰਨ ਤੋਂ ਚਾਰ ਹੋਰ ਲੋਕ ਜ਼ਖਮੀ ਹੋ ਗਏ।’’ ਉਨ੍ਹਾਂ ਕਿਹਾ ਕਿ ਅਸੀਂ ਸਿੰਘ ਦੀ ਤੁਰੰਤ ਗ੍ਰਿਫਤਾਰੀ ਦੀ ਮੰਗ ਕਰਦੇ ਹਾਂ ਨਹੀਂ ਤਾਂ ਅਸੀਂ ਵੱਡਾ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। -ਪੀਟੀਆਈ