ਗਊਆਂ ਦਾ ਚਾਰਾ ਚਰਦੇ ਲੋਕ ਭਲਾਈ ਬਾਰੇ ਨਹੀਂ ਸੋਚ ਸਕਦੇ: ਸ਼ਾਹ
ਗੋਪਾਲਗੰਜ/ਪਟਨਾ, 30 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ’ਤੇ ਸਿੱਧਾ ਹਮਲਾ ਕਰਦਿਆਂ ਅੱਜ ਕਿਹਾ ਕਿ ‘ਜੋ ਲੋਕ ਗਊਆਂ ਦਾ ਚਾਰਾ ਚਰਦੇ ਹਨ, ਉਹ ਬਿਹਾਰ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ।’
ਗੋਪਾਲਗੰਜ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਕੇਂਦਰ ਤੇ ਬਿਹਾਰ ਦੋਵੇਂ ਥਾਵਾਂ ’ਤੇ ਐੱਨਡੀਏ ਦੀਆਂ ਸਰਕਾਰਾਂ ਸੂਬੇ ਦੇ ਮੁਕੰਮਲ ਵਿਕਾਸ ਲਈ ਕੰਮ ਕਰ ਰਹੀਆਂ ਹਨ। ਜੋ ਲੋਕ ਜਾਨਵਰਾਂ ਦਾ ਚਾਰਾ ਚਰਦੇ ਹਨ, ਉਹ ਸੂਬੇ ਦੇ ਲੋਕਾਂ ਦੀ ਭਲਾਈ ਬਾਰੇ ਨਹੀਂ ਸੋਚ ਸਕਦੇ। ਲਾਲੂ ਜੀ ਅਲਕਤਰਾ ਘੁਟਾਲਾ, ਹੜ੍ਹ ਰਾਹਤ ਸਮੱਗਰੀ ਸਪਲਾਈ ਘੁਟਾਲਾ, ਚਰਵਾਹਾ ਵਿਦਿਆਲਾ ਘੁਟਾਲਾ ’ਚ ਸ਼ਾਮਲ ਸਨ। ਉਨ੍ਹਾਂ ਗਊਆਂ ਦਾ ਚਾਰਾ ਵੀ ਚਰਿਆ।’ ਮੰਤਰੀ ਨੇ ਦੋਸ਼ ਲਾਇਆ, ‘ਇੱਥੇ (ਬਿਹਾਰ) ਲਾਲੂ-ਰਾਬੜੀ ਸਰਕਾਰ ਅਤੇ ਕੇਂਦਰ ’ਚ ਸੋਨੀਆ-ਮਨਮੋਹਨ ਸਰਕਾਰ ਨੇ ਬਿਹਾਰ ਲਈ ਕੁਝ ਨਹੀਂ ਕੀਤਾ। ਲਾਲੂ ਪ੍ਰਸਾਦ ਨੇ ਸਿਰਫ਼ ਆਪਣੇ ਪਰਿਵਾਰ ਲਈ ਕੰਮ ਕੀਤਾ।’ ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ ਪਟਨਾ ਵਿੱਚ ਰੈਲੀ ਦੌਰਾਨ ਕੌਮਾਂਤਰੀ ਸਹਿਕਾਰਤਾ ਦਿਵਸ ਮੌਕੇ ਬਿਹਾਰ ’ਚ 800 ਕਰੋੜ ਰੁਪਏ ਵੱਧ ਦੀਆਂ ਯੋਜਨਾਵਾਂ ਦਾ ਉਦਘਾਟਨ ਕੀਤਾ ਤੇ ਕਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। -ਪੀਟੀਆਈ
ਦੁਬਾਰਾ ਕਦੀ ਭਾਜਪਾ ਨੂੰ ਧੋਖਾ ਨਹੀਂ ਦੇਵਾਂਗਾ: ਨਿਤੀਸ਼
ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਯਕੀਨ ਦਿਵਾਇਆ ਕਿ ਉਹ ਦੁਬਾਰਾ ਕਦੀ ਵੀ ਭਾਜਪਾ ਨੂੰ ਧੋਖਾ ਨਹੀਂ ਦੇਣਗੇ। ਉਨ੍ਹਾਂ ਪਹਿਲਾਂ ਦੋ ਵਾਰ ਗਲਤੀ ਨਾਲ ਅਜਿਹਾ ਕੀਤਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਨਿਤੀਸ਼ ਨੇ ਭਾਜਪਾ ਨਾਲੋਂ ਆਪਣੇ ਤੋੜ-ਵਿਛੋੜੇ ਲਈ ‘ਆਪਣੀ ਹੀ ਪਾਰਟੀ ਦੇ ਕੁਝ ਲੋਕਾਂ ਨੂੰ’ ਜ਼ਿੰਮੇਵਾਰ ਠਹਿਰਾਇਆ ਤੇ ਕਿਹਾ, ‘ਮੈਂ ਇਹ ਗਲਤੀ ਦੋ ਵਾਰ ਕੀਤੀ, ਪਰ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ।’ -ਪੀਟੀਆਈ