ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਮਸਟੈੱਕ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਥਾਈਲੈਂਡ ਪਹੁੰਚੇ
ਬੈਂਕਾਕ, 3 ਅਪ੍ਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੇਵੇਂ ਬਿਮਸਟੈੱਕ ਸੰਮੇਲਨ ਵਿਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਦੋ ਦਿਨਾਂ ਦੇ ਦੌਰੇ ’ਤੇ ਥਾਈਲੈਂਡ ਪਹੁੰਚੇ ਹਨ। ਥਾਈਲੈਂਡ ਦੀ ਯਾਤਰਾ ਦੌਰਾਨ ਉਹ ਆਪਣੇ ਥਾਈ ਹਮਰੁਤਬਾ ਪੇਟੋਂਗਟਾਰਨ ਸ਼ਿਨਾਵਾਤਰਾ ਨਾਲ ਗੱਲਬਾਤ ਕਰਨਗੇ। ਇਥੇ ਡੋਨ ਮੁਆਂਗ ਹਵਾਈ ਅੱਡੇ ’ਤੇ ਪਹੁੰਚਣ ’ਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭੰਗੜਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ। ਥਾਈਲੈਂਡ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਉਹ ਸ਼੍ਰੀਲੰਕਾ ਲਈ ਜਾਣਗੇ।
ਗ਼ੌਰਤਲਬ ਹੈ ਕਿ ਵੀਰਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਸਮੁੰਦਰੀ ਸਹਿਯੋਗ ਸਮਝੌਤੇ ’ਤੇ ਦਸਤਖਤ ਦੀ ਨਿਗਰਾਨੀ ਕਰਨ ਲਈ ਥਾਈਲੈਂਡ, ਬੰਗਲਾਦੇਸ਼, ਸ਼੍ਰੀਲੰਕਾ, ਨੇਪਾਲ, ਮਿਆਂਮਾਰ ਅਤੇ ਭੂਟਾਨ ਦੇ ਬਿਮਸਟੇਕ (ਬੇਅ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ-ਸੈਕਟਰਲ ਟੈਕਨੀਕਲ ਐਂਡ ਇਕਨਾਮਿਕ ਕੋਆਪਰੇਸ਼ਨ) ਦੇ ਨੇਤਾਵਾਂ ਨਾਲ ਸ਼ਾਮਲ ਹੋਣਗੇ। ਬਿਮਸਟੈੱਕ ਸੰਮੇਲਨ ਵਿੱਚ ਮੋਦੀ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ, ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਅਤੇ ਮਿਆਂਮਾਰ ਦੇ ਫੌਜੀ ਜੰਟਾ ਨੇਤਾ ਮਿਨ ਆਂਗ ਹਲਾਈਂਗ ਸਮੇਤ ਹੋਰਾਂ ਨਾਲ ਆਹਮੋ-ਸਾਹਮਣੇ ਹੋਣਗੇ। ਇਕ ਰਵਾਨਗੀ ਬਿਆਨ ਵਿੱਚ ਮੋਦੀ ਨੇ ਬਿਮਸਟੈੱਕ ਨੂੰ ਪਿਛਲੇ ਦਹਾਕੇ ਦੌਰਾਨ ਬੰਗਾਲ ਦੀ ਖਾੜੀ ਖੇਤਰ ਵਿੱਚ ਖੇਤਰੀ ਵਿਕਾਸ, ਸੰਪਰਕ ਅਤੇ ਆਰਥਿਕ ਪ੍ਰਗਤੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਮਹੱਤਵਪੂਰਨ ਮੰਚ ਦੱਸਿਆ। -ਪੀਟੀਆਈ