Kunal Kamra row: ਕੁਨਾਲ ਕਾਮਰਾ ਕੇਸ: ਹਾਈ ਕੋਰਟ ਵੱਲੋਂ ਪੁਲੀਸ ਅਤੇ ਸ਼ਿਵ ਸੈਨਾ ਵਿਧਾਇਕ ਨੂੰ ਨੋਟਿਸ ਜਾਰੀ
ਮੁੰਬਈ, 8 ਅਪਰੈਲ
Kunal Kamra row: ਬੰਬੇ ਹਾਈ ਕੋਰਟ ਨੇ ਮੰਗਲਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ’ਤੇ ਕਥਿਤ ਤੌਰ ’ਤੇ ਦੇਸ਼ਧ੍ਰੋਹੀ ਟਿੱਪਣੀ ਕਰਨ ਦੇ ਦੋਸ਼ ਹੇਠ ਦਰਜ ਐੱਫਆਈਆਰ ਨੂੰ ਚੁਣੌਤੀ ਦੇਣ ਵਾਲੇ ਕਾਮੇਡੀਅਨ ਕੁਨਾਲ ਕਾਮਰਾ ਦੀ ਪਟੀਸ਼ਨ ’ਤੇ ਮੁੰਬਈ ਪੁਲੀਸ ਅਤੇ ਸ਼ਿਵ ਸੈਨਾ ਵਿਧਾਇਕ ਮੁਰਜੀ ਪਟੇਲ ਨੂੰ ਨੋਟਿਸ ਜਾਰੀ ਕੀਤਾ ਹੈ। ਜਸਟਿਸ ਸਾਰੰਗ ਕੋਤਵਾਲ ਅਤੇ ਐੱਸਐੱਮ ਮੋਦਕ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਉਹ ਕਾਮਰਾ ਦੀ ਪਟੀਸ਼ਨ ’ਤੇ 16 ਅਪ੍ਰੈਲ ਨੂੰ ਸੁਣਵਾਈ ਕਰੇਗਾ।
ਕਾਮਰਾ ਤਿੰਨ ਸੰਮਨ ਜਾਰੀ ਕੀਤੇ ਜਾਣ ਦੇ ਬਾਵਜੂਦ ਪੁੱਛਗਿੱਛ ਲਈ ਮੁੰਬਈ ਪੁਲੀਸ ਦੇ ਸਾਹਮਣੇ ਪੇਸ਼ ਹੋਣ ਵਿੱਚ ਅਸਫਲ ਰਿਹਾ ਹੈ। ਸੈਨਾ ਵਿਧਾਇਕ ਮੁਰਜੀ ਪਟੇਲ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਦੀ ਖਾਰ ਪੁਲੀਸ ਨੇ ਪਿਛਲੇ ਮਹੀਨੇ ਭਾਰਤੀ ਨਿਆਂ ਸੰਹਿਤਾ ਧਾਰਾ 353(1)(ਬੀ) (ਜਨਤਕ ਸ਼ਰਾਰਤ ਨੂੰ ਭੜਕਾਉਣ ਵਾਲੇ ਬਿਆਨ) ਅਤੇ 356(2) (ਮਾਨਹਾਨੀ) ਤਹਿਤ ਕਾਮਰਾ ਵਿਰੁੱਧ ਐੱਫਆਈਆਰ ਦਰਜ ਕੀਤੀ ਸੀ।
ਹਾਈ ਕੋਰਟ ਨੇ ਕਿਹਾ, "ਉੱਤਰਦਾਤਾਵਾਂ (ਪੁਲੀਸ ਅਤੇ ਪਟੇਲ) ਨੂੰ ਨੋਟਿਸ ਜਾਰੀ ਕਰੋ। ਉਹ ਹਦਾਇਤਾਂ ਲੈਣਗੇ ਅਤੇ ਪਟੀਸ਼ਨ ਦਾ ਜਵਾਬ ਦੇਣਗੇ।" ਕਾਮੇਡੀਅਨ ਵਿਰੁੱਧ ਨਾਸਿਕ ਰੂਰਲ, ਜਲਗਾਓਂ ਅਤੇ ਨਾਸਿਕ (ਨੰਦਗਾਓਂ) ਵਿਖੇ ਦਰਜ ਤਿੰਨ ਐਫਆਈਆਰ ਵੀ ਖਾਰ ਪੁਲੀਸ ਨੂੰ ਤਬਦੀਲ ਕਰ ਦਿੱਤੀਆਂ ਗਈਆਂ ਹਨ। ਕਾਮਰਾ ਦੇ ਵਕੀਲ ਨਵਰੋਜ਼ ਸੀਰਵਈ ਨੇ ਬੰਬੇ ਹਾਈ ਕੋਰਟ ਦੇ ਬੈਂਚ ਨੂੰ ਦੱਸਿਆ ਕਿ ਮਦਰਾਸ ਹਾਈ ਕੋਰਟ ਨੇ ਸੋਮਵਾਰ ਨੂੰ ਕਾਮੇਡੀਅਨ ਨੂੰ ਦਿੱਤੀ ਗਈ ਪਹਿਲਾਂ ਦੀ ਅੰਤਰਿਮ ਟਰਾਂਜ਼ਿਟ ਅਗਾਊਂ ਜ਼ਮਾਨਤ ਨੂੰ 17 ਅਪ੍ਰੈਲ ਤੱਕ ਵਧਾ ਦਿੱਤਾ ਹੈ।
ਸੀਰਵਈ ਨੇ ਕਿਹਾ ਕਿ ਪਟੀਸ਼ਨਕਰਤਾ ਨੇ ਜਾਨ ਦੇ ਖਤਰੇ ਦੇ ਮੱਦੇਨਜ਼ਰ ਪੁਲੀਸ ਨੂੰ ਤਿੰਨ ਵਾਰ ਵੀਡੀਓ ਕਾਨਫਰੰਸ ਰਾਹੀਂ ਪੁੱਛਗਿੱਛ ਲਈ ਲਿਖਤੀ ਰੂਪ ਵਿੱਚ ਪੇਸ਼ਕਸ਼ ਕੀਤੀ ਹੈ। ਉਨਾਂ ਦਾਅਵਾ ਕੀਤਾ, "ਅਜਿਹਾ ਲੱਗਦਾ ਹੈ ਕਿ ਪੁਲੀਸ ਅਧਿਕਾਰੀ ਉਸਦਾ ਬਿਆਨ ਦਰਜ ਕਰਨ ਲਈ ਇੰਨੇ ਉਤਸੁਕ ਨਹੀਂ ਹਨ, ਸਗੋਂ ਉਸਨੂੰ ਸਰੀਰਕ ਤੌਰ ’ਤੇ ਇੱਥੇ ਲਿਆਉਣ ਲਈ ਜ਼ਿਆਦਾ ਉਤਸੁਕ ਹਨ।" ਬੈਂਚ ਨੇ ਕਿਹਾ ਕਿ ਉਹ 16 ਅਪ੍ਰੈਲ ਨੂੰ ਸਾਰੇ ਮੁੱਦਿਆਂ ’ਤੇ ਵਿਚਾਰ ਕਰੇਗਾ। -ਪੀਟੀਆਈ